ਪੁਰਾਤਨ ਲੋਕ ਕਥਾ ਹੈ। ਇਕ ਨਦੀ ਕੰਢੇ ਮੱਝ ਅਤੇ ਬਗਲਾ ਰਹਿੰਦੇ ਸਨ। ਦੋਵੇਂ ਇਕ-ਦੂਸਰੇ ਨੂੰ ਨੀਵਾਂ ਵਿਖਾਉਣ ਲਈ ਸੋਚਦੇ ਰਹਿੰਦੇ ਸਨ। ਦੋਵੇਂ ਅਕਸਰ ਇਕ ਦੂਜੇ ਨੂੰ ਮੰਦਾ ਬੋਲਦੇ ਰਹਿੰਦੇ ਸਨ ਪਰ ਉਸ ਦਿਨ ਉਨ੍ਹਾਂ ਦਾ ਝਗੜਾ ਭਿਆਨਕ ਰੂਪ ਧਾਰਨ ਕਰ ਗਿਆ ਅਤੇ ਉਹ ਇਕ-ਦੂਸਰੇ ਦੀ ਜਾਨ ਲੈਣ ‘ਤੇ ਉਤਾਰੂ ਹੋ ਗਏ। ਮੱਝ ਤੇ ਬਗਲੇ ਨੂੰ ਝਗੜਦਿਆਂ ਵੇਖ ਨੇੜਿਉਂ ਲੰਘ ਰਹੇ ਬਘਿਆੜ ਨੇ ਕਿਹਾ, ‘ਕਿਉਂ ਲੜਦੇ ਹੋ। ਇਸ ਦਾ ਹੱਲ ਤਾਂ ਬਹੁਤ ਸੌਖਾ ਹੈ। ਵੱਧ ਤੋਂ ਵੱਧ ਪਾਣੀ ਪੀਣ ਦੀ ਸ਼ਰਤ ਲਾ ਲਓ। ਜਿਹੜਾ ਨਦੀ ਦਾ ਜ਼ਿਆਦਾ ਪਾਣੀ ਪੀ ਕੇ, ਉਸ ਦੇ ਪਾਣੀ ਦਾ ਪੱਧਰ ਹੇਠਾਂ ਕਰ ਦੇਵੇਗਾ, ਉਹ ਜੇਤੂ ਤੇ ਹਾਰਨ ਵਾਲਾ ਉਸ ਦਾ ਗੁਲਾਮ ਹੋਵੇਗਾ ‘ ਸੋ, ਮੱਝ ਤੇ ਬਗਲਾ ਮੁਕਾਬਲੇ ਲਈ ਤਿਆਰ ਹੋ ਗਏ। ਬਘਿਆੜ ਨੇ ਕਿਹਾ, ‘ਅਗਲੇ ਦਿਨ, ਇਸੇ ਸਮੇਂ ਤੁਹਾਡੇ ਦੋਵਾਂ ਦਾ ਪਾਣੀ ਪੀਣ ਦਾ ਮੁਕਾਬਲਾ ਹੋਵੇਗਾ।’ ਦੋਵੇਂ ਸਹਿਮਤ ਹੋ ਗਏ। ਮੱਝ ਚਲੀ ਗਈ । ਪਰ ਬਗਲਾ ਬੜੀ ਦੇਰ ਤੱਕ ਬੈਠਾ ਪਾਣੀ ਦੇ ਉਤਰਾਅ-ਚੜ੍ਹਾਅ ਨੂੰ ਵੇਖਦਾ ਤੇ ਪਰਖਦਾ ਰਿਹਾ।
ਦੂਸਰੇ ਦਿਨ ਜੰਗਲ ਦੇ ਪਸ਼ੂ-ਪੰਛੀ ਨਦੀ ਕੰਢੇ ਇਕੱਠੇ ਹੋ ਗਏ। ਹੰਸ ਤੇ ਘੋੜੇ ਨੂੰ ਰੈਫਰੀ (ਜੱਜ) ਨਿਯੁਕਤ ਕੀਤਾ ਗਿਆ। ਰੈਫਰੀ ਸਾਹਿਬਾਨ ਨੇ ਮੱਝ ਤੇ ਬਗਲੇ ਨੂੰ ਮੁਕਾਬਲੇ ਲਈ ਤਿਆਰ ਹੋਣ ਲਈ ਕਿਹਾ। ਮੱਝ ਨੇ ਬਗਲੇ ਨੂੰ ਕਿਹਾ, ‘ਪਹਿਲਾਂ ਤੂੰ ਪਾਣੀ ਪੀਣਾ ਸ਼ੁਰੂ ਕਰ ਕਿਉਂਕਿ ਜੇ ਮੈਂ ਪਾਣੀ ਪੀਣ ਲੱਗੀ ਤਾਂ ਤੇਰੇ ਲਈ ਪਾਣੀ ਬਚੇਗਾ ਹੀ ਨਹੀਂ।’ ਬਗਲਾ ਚੁੱਪ ਰਿਹਾ। ਟਾਸ ਪਾਈ ਗਈ। ਮੱਝ ਨੇ ਟਾਸ ਜਿੱਤ ਲਈ। ਸੋ ਮੱਝ ਨੇ ਪਹਿਲਾਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਮੱਝ ਡੀਕ ਲਾ ਪਾਣੀ ਪੀਂਦੀ ਰਹੀ ਪਰ ਸਭ ਦਰਸ਼ਕ ਪਸ਼ੂ-ਪੰਛੀ ਹੈਰਾਨ ਸਨ ਕਿ ਨਦੀ ਦੇ ਪਾਣੀ ਦਾ ਪੱਧਰ ਘੱਟ ਹੋਣ ਦੀ ਥਾਂ ਉੱਪਰ ਉਠ ਰਿਹਾ ਸੀ ।ਇਸ ਭੇਦ ਨੂੰ ਬਗਲੇ ਤੋਂ ਬਿਨਾਂ ਕੋਈ ਨਹੀਂ ਸੀ ਜਾਣਦਾ। ਅਸਲ ਵਿਚ ਉਸ ਸਮੇਂ ਸਮੁੰਦਰ ‘ਚ ਭਾਟਾ ਆ ਰਿਹਾ ਸੀ, ਜਿਸ ਕਰਕੇ ਉਸ ਦਾ ਪਾਣੀ ਨਦੀ ‘ਚ ਚੜ੍ਹ ਰਿਹਾ ਸੀ।
ਰੈਫਰੀ ਨੇ ਬਗਲੇ ਨੂੰ ਪਾਣੀ ਪੀਣ ਦਾ ਮੁਕਾਬਲਾ ਸ਼ੁਰੂ ਕਰਨ ਲਈ ਕਿਹਾ। ਬਗਲਾ ਖੰਭ ਫੋਲ, ਚੁੰਝ ਨਾਲ ਫੈਲਾਉਣ ਬਹਾਨੇ ਦੇਰ ਕਰ ਰਿਹਾ ਸੀ। ਅਸਲ ਵਿਚ ਬਗਲਾ ਜਵਾਰ ਭਾਟੇ ਦੇ ਚੜ੍ਹ ਆਏ ਪਾਣੀ ਨੂੰ ਸਮੁੰਦਰ ‘ਚ ਵਾਪਸ ਜਾਣ ਦੀ ਉਡੀਕ ਕਰ ਰਿਹਾ ਸੀ। ਜਦੋਂ ਪਾਣੀ ਦਾ ਵਹਾਅ ਮੁੜਿਆ ਤਾਂ ਉਹ ਆਪਣੀ ਚੁੰਝ ਨਾਲ ਪਾਣੀ ਪੀਣ ਦਾ ਨਾਟਕ ਕਰਨ ਲੱਗਾ। ਪਸ਼ੂ-ਪੰਛੀ ਹੈਰਾਨ ਸਨ ਕਿ ਨਦੀ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ। ਮੱਝ ਘਬਰਾਈ। ਰੈਫਰੀ ਨੇ ਬਗਲੇ ਦੀ ਜਿੱਤ ਦਾ ਐਲਾਨ ਕਰ ਦਿੱਤਾ। ਸਾਰੇ ਪਸ਼ੂ-ਪੰਛੀਆਂ ਇਕ ਸੁਰ ‘ਚ ਕਿਹਾ, ‘ਅੱਜ ਤੋਂ ਮੱਝ ਨੂੰ ਬਗਲੇ ਦੀ ਗੁਲਾਮ ਬਣ ਕੇ ਰਹਿਣਾ ਹੋਵੇਗਾ।’ ਉਸ ਦਿਨ ਤੋਂ ਅੱਜ ਤੱਕ ਪਸ਼ੂ-ਪੰਛੀ ਬਗਲੇ ਨੂੰ ਸ਼ਾਨ ਨਾਲ ਮੱਝ ਦੀ ਪਿੱਠ ‘ਤੇ ਬੈਠ ਝੂਠੇ ਲੈ ਰਹੇ ਨੂੰ ਵੇਖ ਰਹੇ ਹਨ।-ਮੁਖਤਾਰ ਗਿੱਲ