ਪਵਨ ਕੁਮਾਰ, ਨੂਰਪੁਰਬੇਦੀ : ਨੂਰਪੁਰ ਬੇਦੀ ਭੱਦੀ ਮਾਰਗ ‘ਤੇ ਨੂਰਪੁਰਬੇਦੀ ਵੱਲ ਆ ਰਹੀ ਮਿੰਨੀ ਬੱਸ ਪਿੰਡ ਘਾਹੀ ਮਾਜਰਾ ਪਿੰਡ ਨਜ਼ਦੀਕ ਪਵਿੱਤਰ ਅਸਥਾਨ ਬਾਬਾ ਕਰੋਲਗੜ੍ਹ ਨੇੜੇ ਪਲਟਣ ਨਾਲ 12 ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਦਸ ਸਵਾਰੀਆਂ ਦੇ ਸੱਟਾਂ ਲੱਗੀਆਂ, ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਸਵਾਰੀਆਂ ਨੂੰ ਇਲਾਜ ਲਈ ਰੂਪਨਗਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਘਟਨਾ ਸਥਾਨ ‘ਤੇ ਮੌਕੇ ‘ਤੇ ਐੱਸਡੀਐੱਮ ਸ੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ, ਡੀਐੱਸਪੀ ਅਜੇ ਸਿੰਘ, ਐੱਸਐੱਮਓ ਵਿਧਾਨ ਚੰਦਰ, ਥਾਣਾ ਮੁਖੀ ਨੂਰਪੁਰ ਬੇਦੀ ਗੁਰਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸਮਾਜ ਸੇਵੀ ਸੰਗਠਨਾਂ ਦੇ ਨੁਮਾਇੰਦੇ ਗੌਰਵ ਰਾਣਾ, ਦੀਪਕ ਪੁਰੀ ਨੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ।

ਇਸ ਦੌਰਾਨ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸਾਹਮਣਿਓਂ ਆ ਰਹੀ ਇਕ ਟਰਾਲੀ ਨੂੰ ਬਚਾਉਣ ਸਮੇਂ ਉਕਤ ਮਿਨੀ ਬੱਸ ਡੂੰਘੀ ਖਾਈ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਚਸ਼ਮਦੀਦਾਂ ਅਨੁਸਾਰ ਬੱਸ ਤੇਜ਼ ਰਫ਼ਤਾਰ ਵਿਚ ਸੀ। ਉਨ੍ਹਾਂ ਦੱਸਿਆ ਕਿ ਫੱਟੜ ਸਵਾਰੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਬੱਸ ਨੂੰ ਖਾਈ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਐੱਸਐੱਮਓ ਵਿਧਾਨ ਚੰਦਰ ਨੇ ਦੱਸਿਆ ਕਿ ਇਸ ਬੱਸ ਹਾਦਸੇ ਵਿੱਚ ਤਿੰਨ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਨੂੰ ਤੁਰੰਤ ਹੀ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ ਮਨੋਜ ਰਾਣਾ ਵਾਸੀ ਮੁਕਾਰੀ, ਮਨਦੀਪ ਕੌਰ ਪਿੰਡ ਸਰਥਲੀ, ਸੀਮਾ ਰਾਣੀ ਪਿੰਡ ਝੱਜ, ਲੜਕੀ ਦੁਰਗਾ ਵਾਸੀ ਨੂਰਪੁਰ, ਰਾਧਾ ਵਾਸੀ ਅਨੰਦਪੁਰ ਸਾਹਿਬ ਅਤੇ ਮੋਤੀ ਦੇਵੀ ਵਾਸੀ ਸ੍ਰੀ ਅਨੰਦਪੁਰ ਸਾਹਿਬ ਸਥਾਨਕ ਸਰਕਾਰੀ ਹਸਪਤਾਲ ਨੂਰਪੁਰ ਬੇਦੀ ਸਿੰਘਪੁਰ ਵਿਖੇ ਜ਼ੇਰੇ ਇਲਾਜ ਹਨ।