ਗਰਗ/ਗੋਇਲ, ਮੰਡੀ ਗੋਬਿੰਦਗੜ੍ਹ/ਅਮਲੋਹ

ਦੇਸ਼ ਭਗਤ ਯੂਨੀਵਰਸਿਟੀ ਮੈਨੇਜਮੈਂਟ ਅਤੇ ਨਰਸਿੰਗ ਵਿਦਿਆਰਥੀਆਂ ਵਿਚਾਲੇ ਤਣਾਓ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਨਰਸਿੰਗ ਦੀਆਂ ਵਿਦਿਆਰਥਣਾਂ ਪਿਛਲੇ ਕਈ ਦਿਨ ਤੋਂ ਦੇਸ਼ ਭਗਤ ਯੂਨੀਵਰਸਿਟੀ ਅੱਗੇ ਧਰਨਾ ਲਗਾਈ ਬੈਠੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀੲ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ ਨੂੰ ਲਿਖੇ ਪੱਤਰ ਵਿਚ ਪੀੜਿਤ ਵਿਦਿਆਰਥੀਆਂ ਨੇ ਲਿਖਿਆ ਸੀ ਕਿ ਯੂਜੀਸੀ, ਪੀਐੱਨਆਰਸੀ, ਆਈਐੱਨਸੀਆਈ ਤੋਂ ਪਤਾ ਕੀਤਾ ਜਾਵੇ ਕਿ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਡਿਗਰੀਆਂ ਮਾਨਤਾ ਪ੍ਰਰਾਪਤ ਹਨ ਜਾਂ ਨਹੀਂ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਯੂਨੀਵਰਸਿਟੀ ‘ਚ ਘੱਟ ਸੀਟਾਂ ਹਨ ਜਦੋਂ ਕਿ ਇਨ੍ਹਾਂ ਨੇ ਦਾਖ਼ਲੇ ਵੱਧ ਕੀਤੇ ਹੋਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਵੱਲੋਂ ਲਿਖੀਆਂ ਸਾਰੀਆਂ ਮੰਗਾਂ ਸਬੰਧੀ ਇੰਡੀਅਨ ਨਰਸਿੰਗ ਕੌਂਸਲ, ਪੰਜਾਬ ਨਰਸਿੰਗ ਰਜਿਸਟੇ੍ਸ਼ਨ ਕੌਂਸਲ, ਯੂਜੀਸੀ ਨਾਲ ਗੱਲ ਕਰ ਕੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਯੂਨੀਵਰਸਿਟੀ ਪ੍ਰਬੰਧਕ ਲਗਾਤਾਰ ਯੂਨੀਵਰਸਿਟੀ ‘ਤੇ ਲੱਗ ਰਹੇ ਦੋਸ਼ਾਂ ਤੋ ਇਨਕਾਰ ਕਰ ਰਹੇ ਹਨ।

ਯੂਨੀਵਰਸਿਟੀ ਦੇ ਵਿਦਿਆਰਥੀ ਫੈਜ਼ਲ, ਕੋਇਸਰ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਪਰੰਤੂ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇਨਸਾਫ਼ ਦਵਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮੇਂ ਦੇ ਨਾਲ ਪੈਸਾ ਵੀ ਖ਼ਰਾਬ ਹੋ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਪੁਲਿਸ ਤੇ ਪ੍ਰਸ਼ਾਸ਼ਨ ਵੱਲੋਂ ਨਰਸਿੰਗ ਵਿਚ ਆਪਣੀਆਂ ਨਿਰਧਾਰਤ ਸੀਟਾਂ ਤੋਂ ਵੱਧ ਦਾਖ਼ਲੇ ਕਰਨ ਵਾਲੇ ਯੂਨੀਵਰਸਿਟੀ ਦੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਦੋਂ ਕਿ ਪੁਲਿਸ ਵੱਲੋਂ ਅੱਜ ਵਿਦਿਆਰਥੀਆਂ ‘ਤੇ ਤਸ਼ੱਦਦ ਢਾਹਿਆ ਜਾ ਗਿਆ। ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।