ਨਵੀਂ ਦਿੱਲੀ, ਆਈਏਐੱਨਐੱਸ : ਚਾਲੂ ਤਿਉਹਾਰੀ ਸੀਜ਼ਨ ਦੌਰਾਨ ਦੇਸ਼ ਵਿਚ 5ਜੀ ਸਮਾਰਟ ਫੋਨਾਂ ਦੀ ਥੋਕ ਵਿਕਰੀ ’ਚ 70-75 ਫ਼ੀਸਦੀ ਤੱਕ ਦਾ ਵਾਧਾ ਰਹਿ ਸਕਦਾ ਹੈ। ਮਾਰਕੀਟ ਰਿਸਰਚ ਫਰਮ ਸੀਐੱਮਆਰ ਨੇ ਨਵੀਂ ਰਿਪੋਰਟ ’ਚ ਇਹ ਪ੍ਰਗਟਾਵਾ ਕੀਤਾ ਹੈ। ਰਿਪੋਰਟ ਮੁਤਾਬਕ, ਜੁਲਾਈ ਤੱਕ 5ਜੀ ਸਮਾਰਟਫੋਨਾਂ ਦੀ ਥੋਕ ਵਿਕਰੀ ’ਚ ਸਾਲਾਨਾ ਆਧਾਰ ’ਤੇ 65 ਫੀਸਦੀ ਦਾ ਵਾਧਾ ਰਿਹਾ ਹੈ। ਇਸ ਸਮੇਂ ’ਚ ਵੈਲਿਊ ਫਾਰ ਮਨੀ ਸਮਾਰਟਫੋਨ (7-25 ਹਜ਼ਾਰ ਰੁਪਏ ਮੁੱਲ) ਦੀ ਵਿਕਰੀ ਵਿਚ 61 ਫ਼ੀਸਦੀ ਪ੍ਰੀਮੀਅਮ ਸਮਾਰਟਫੋਨ (25 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਮੁੱਲ) ਦੀ ਵਿਕਰੀ ਵਿਚ 68 ਫ਼ੀਸਦੀ ਦੀ ਵਿਕਰੀ ਰਹੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 25 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ 5ਜੀ ਸਮਾਰਟਫੋਨ ਦੀ ਥੋਕ ਵਿਕਰੀ ਵਿਚ ਸੈਮਸੰਗ ਸਿਖਰ ’ਤੇ ਰਿਹਾ ਹੈ। ਇਸ ਤੋਂ ਬਾਅਦ 14 ਫ਼ੀਸਦੀ ਹਿੱਸੇਦਾਰੀ ਨਾਲ ਵੀਵੋ ਦੂਜੇ ਤੇ 12 ਫ਼ੀਸਦੀ ਹਿੱਸੇਦਾਰੀ ਨਾਲ ਵਨਪਲੱਸ ਤੀਜੇ ਸਥਾਨ ’ਤੇ ਰਿਹਾ ਹੈ। ਇਸ ਸਾਲ ਹੁਣ ਤੱਕ ਦੇਸ਼ ਵਿਚ 150 ਨਵੇਂ 5ਜੀ ਸਮਾਰਟ ਫੋਨ ਲਾਂਚ ਹੋ ਚੁੱਕੇ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 34 ਫ਼ੀਸਦੀ ਦਾ ਵਾਧਾ ਰਿਹਾ ਹੈ। ਪਿਛਲੇ ਸਾਲ ਯਾਨੀ 2022 ਦੌਰਾਨ ਕੁਲ 112 ਨਵੇਂ 5ਜੀ ਸਮਾਰਟਫੋਨ ਲਾਂਚ ਹੋਏ ਸਨ। ਹਾਲਾਂਕਿ 2023 ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ-ਜੁਲਾਈ ਦੌਰਾਨ ਭਾਰਤ ਦੇ ਕੁਲ ਸਮਾਰਟ ਫੋਨ ਬਾਜ਼ਾਰ ’ਚ ਸਾਲਾਨਾ ਆਧਾਰ ’ਤੇ ਛੇ ਫੀਸਦੀ ਦੀ ਗਿਰਾਵਟ ਰਹੀ ਹੈ। ਉੱਥੇ, ਇਸ ਸਮੇਂ ਦੌਰਾਨ 5ਜੀ ਸਮਾਰਟਫੋਨ ਦੀ ਥੋਕ ਵਿਕਰੀ ਵਿਚ 45 ਫ਼ੀਸਦੀ ਦਾ ਵਾਧਾ ਰਿਹਾ ਹੈ। ਸੀਐੱਮਆਰ ਦੀ ਵਿਸ਼ਲੇਸ਼ਕ ਸ਼ਿਪਰਾ ਸਿਨਹਾ ਦਾ ਕਹਿਣਾ ਹੈ ਕਿ ਸਮਾਰਟ ਫੋਨ ਦੀ ਕੁਲ ਥੋਕ ਵਿਕਰੀ ’ਚ ਗਿਰਾਵਟ ਦੇ ਬਾਵਜੂਦ 5ਜੀ ਸਮਾਰਟਫੋਨਾਂ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਰਿਹਾ ਹੈ। ਪਿਛਲੀ ਤਿਮਾਹੀ ਵਿਚ ਕੁੱਲ ਸਮਾਰਟ ਫੋਨ ਵਿਕਰੀ ’ਚ 5ਜੀ ਸਮਾਰਟ ਫੋਨ ਦੀ ਹਿੱਸੇਦਾਰੀ 47 ਫ਼ੀਸਦੀ ਰਹੀ ਹੈ, ਜਿਹੜੀ 2022 ਦੀ ਦੂਜੀ ਤਿਮਾਹੀ ’ਚ 31 ਫ਼ੀਸਦੀ ਸੀ।



