Ad-Time-For-Vacation.png

ਮਹਾਂਸ਼ਕਤੀ ਬਣਨ ਦਾ ਦਾਅਵੇਦਾਰ ਕਿਤੇ ਮੱਛਰਾਂ ਤੋਂ ਹਾਰ ਨਾ ਜਾਵੇ

ਭਾਰਤ ਸੰਸਾਰ ਦੀ ਸੱਤਵੀਂ ਵੱਡੀ ਆਰਥਿਕਤਾ ਬਣ ਗਿਆ ਹੈ। 2030 ਤੋਂ ਬਾਅਦ ਭਾਰਤ ਤੀਸਰੀ ਵੱਡੀ ਆਰਥਿਕਤਾ ਬਣਨ ਜਾ ਰਿਹਾ ਹੈ। 2050 ਤੱਕ ਚੀਨ ਵੱਲੋਂ ਅਮਰੀਕਾ ਨੂੰ ਪਛਾੜ ਕੇ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੀ ਸੰਭਾਵਨਾ ਹੈ। ਇਹ ਵੀ ਸੰਭਵ ਹੈ ਕਿ ਭਾਰਤ ਵੀ ਅਮਰੀਕਾ ਨੂੰ ਪਛਾੜ ਕੇ ਦੂਜੀ ਵੱਡੀ ਆਰਥਿਕਤਾ ਬਣ ਜਾਏਗਾ। ਕੁਝ ਲੋਕ ਤਾਂ ਇਹ ਵੀ ਮਹਿਸੂਸ ਕਰਦੇ ਹਨ ਕਿ ਉਸ ਵੇਲੇ ਤੱਕ ਭਾਰਤ ਚੀਨ ਨੂੰ ਵੀ ਪਛਾੜ ਦਏਗਾ ਅਤੇ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਏਗਾ। ਇਸ ਬਾਰੇ ਕਿਸੇ ਨੂੰ ਵੀ ਘੱਟ ਹੀ ਸ਼ੱਕ ਹੈ ਕਿ ਭਾਰਤ ਸੰਸਾਰ ਦੀ ਇਕ ਵੱਡੀ ਆਰਥਿਕਤਾ ਬਣ ਚੁੱਕਾ ਹੈ ਅਤੇ ਇਕ ਆਰਥਿਕ ਮਹਾਂਸ਼ਕਤੀ ਬਣਨ ਜਾ ਰਿਹਾ ਹੈ ਪ੍ਰੰਤੂ ਭਾਰਤ ਮੱਛਰਾਂ ਨੂੰ ਕੰਟਰੋਲ ਕਰਨ ਵਿਚ ਸਫਲ ਹੁੰਦਾ ਨਹੀਂ ਲੱਗ ਰਿਹਾ। ਮੱਛਰ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਫੈਲਾਈ ਜਾ ਰਹੇ ਹਨ। ਹੁਣੇ-ਹੁਣੇ ਮੈਨੂੰ ਦਿੱਲੀ ਦੀ ਇਕ ਸੰਸਥਾ ਵਿਚ ਜਾਣ ਦਾ ਮੌਕਾ ਮਿਲਿਆ। ਸੰਸਥਾ ਦੇ ਡਾਇਰੈਕਟਰ ਨੂੰ ਡੇਂਗੂ ਹੋਇਆ ਸੀ ਅਤੇ ਡਿਪਟੀ ਡਾਇਰੈਕਟਰ ਨੂੰ ਚਿਕਨਗੁਨੀਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਦਿੱਲੀ ਵਿਚ ਇਹ ਬਿਮਾਰੀਆਂ ਵੱਡੇ ਪੱਧਰ ‘ਤੇ ਫੈਲ ਗਈਆਂ ਸਨ। ਜ਼ਾਹਿਰ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਵੀ ਅਸੀਂ ਮੱਛਰਾਂ ਨੂੰ ਕੰਟਰੋਲ ਨਹੀਂ ਕਰ ਸਕੇ। ਭਾਵੇਂ ਕਿ ਬਹੁਤ ਸਾਰੇ ਲੋਕਾਂ ਦਾ ਮੇਰੇ ਬਾਰੇ ਇਹ ਪ੍ਰਭਾਵ ਹੈ ਕਿ ਮੈਂ ਸਾਹਿਤ ਜਾਂ ਫਿਲਾਸਫ਼ੀ ਦਾ ਡਾਕਟਰ ਹਾਂ ਪ੍ਰੰਤੂ ਸੱਚ ਤਾਂ ਇਹ ਹੈ ਕਿ ਮੈਂ ਇਕ ਮੈਡੀਕਲ ਡਾਕਟਰ ਹਾਂ। ਆਪਣੇ ਮੈਡੀਕਲ ਕਾਲਜ ਵਿਚ ਅਤੇ ਇਕ ਦਹਾਕਾ ਪਹਿਲਾਂ ਮੈਨੂੰ ਇਹ ਪਤਾ ਨਹੀਂ ਸੀ ਕਿ ਭਾਰਤ ਵਿਚ ਡੇਂਗੂ ਦੀ ਵੀ ਸਮੱਸਿਆ ਹੈ। ਸਿਰਫ ਇਸੇ ਸਾਲ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਵਿਚ ਚਿਕਨਗੁਨੀਆ ਦੀ ਵੀ ਸਮੱਸਿਆ ਹੈ। ਇਨ੍ਹਾਂ ਦੋ ਬਿਮਾਰੀਆਂ ਤੋਂ ਇਲਾਵਾ ਮਲੇਰੀਆ ਵੀ ਵੱਡੇ ਪੱਧਰ ‘ਤੇ ਵਾਪਸ ਆ ਰਿਹਾ ਹੈ।

ਹੁਣ ਇਸ ਤਰ੍ਹਾਂ ਲਗਦਾ ਹੈ ਕਿ ਲੋਕਾਂ ਨੇ ਇਹ ਮੰਨ ਹੀ ਲਿਆ ਹੈ ਕਿ ਉਨ੍ਹਾਂ ਨੂੰ ਘੜਮੱਸ ਅਤੇ ਅਰਾਜਕਤਾ ਵਿਚ ਹੀ ਜੀਣਾ ਪਏਗਾ ਅਤੇ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਸੰਭਵ ਨਹੀਂ। ਮੱਛਰ, ਅਵਾਰਾ ਪਸ਼ੂ, ਪ੍ਰਦੂਸ਼ਣ, ਸੜਕਾਂ ਤੇ ਗਾੜ੍ਹ, ਹਫ਼ੜਾ-ਦਫੜੀ ਅਤੇ ਐਕਸੀਡੈਂਟ ਇਸ ਮਹਾਂਸ਼ਕਤੀ ਬਣਨ ਦੇ ਦਾਅਵੇਦਾਰ ਦੇਸ਼ ਦਾ ਅਟੁੱਟ ਅੰਗ ਬਣ ਚੁੱਕੇ ਹਨ। ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਸਵੱਛ ਭਾਰਤ ਮੁਹਿੰਮ ਵੀ ਜ਼ਿਆਦਾ ਸਫਲ ਨਹੀਂ ਹੋਈ। ਮੱਛਰ ਸਾਡੀ ਵਸੋਂ ‘ਤੇ ਕਹਿਰ ਵਰਤਾ ਰਹੇ ਹਨ। ਹੁਣੇ-ਹੁਣੇ ਬੀ.ਬੀ.ਸੀ. ਨੇ ਦੱਸਿਆ ਹੈ ਕਿ ਭਾਰਤ ਦੀਆਂ ਲੈਬਾਰਟਰੀਆਂ ਵਿਚ ਖੂਨ ਦੇ ਸੈਂਪਲਾਂ ਵਿਚ ਡੇਂਗੂ ਦੇ ‘ਪਾਜ਼ੀਟਿਵ ਰਿਜ਼ਲਟ’ ਲਗਾਤਾਰ ਵਧੀ ਜਾ ਰਹੇ ਹਨ। ਸਾਰੇ ਸੈਂਪਲਾਂ ਵਿਚੋਂ ਲਗਪਗ 12 ਫ਼ੀਸਦੀ ਡੇਂਗੂ ਲਈ ਪਾਜ਼ੀਟਿਵ ਆ ਰਹੇ ਹਨ। ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਖੂਨ ਵਿਚ ਡੇਂਗੂ ਵਾਇਰਸ ਦਾ ਅਸਰ ਹੈ, ਉਨ੍ਹਾਂ ਦੀ ਗਿਣਤੀ ਕਰੋੜਾਂ ਵਿਚ ਪਹੁੰਚ ਚੁੱਕੀ ਹੈ। ਡੇਂਗੂ ਦੀ ਤਰ੍ਹਾਂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧੀ ਜਾ ਰਹੀ ਹੈ ਅਤੇ ਮੱਛਰ ਚਿਕਨਗੁਨੀਆ ਵਰਗੀ ਬਿਮਾਰੀ ਫੈਲਾਅ ਰਹੇ ਹਨ, ਜਿਸ ਦਾ ਕਿ ਪਹਿਲਾਂ ਕਿਸੇ ਨੇ ਨਾਂਅ ਵੀ ਨਹੀਂ ਸੀ ਸੁਣਿਆ। ਹੁਣੇ-ਹੁਣੇ ਇਕ ਖੋਜ ਦੇ ਨਤੀਜੇ ਵੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲੇ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਡੇਂਗੂ ਦੀ ਬਿਮਾਰੀ ਹੁਣ ਚੱਕਰੀ ਨਹੀਂ ਰਹੀ, ਜਿਸ ਦਾ ਅਰਥ ਇਹ ਹੁੰਦਾ ਹੈ ਕਿ ਇਕ ਸਾਲ ਕੇਸ ਜ਼ਿਆਦਾ ਹੁੰਦੇ ਹਨ ਅਤੇ ਦੂਜੇ ਸਾਲ ਇਨ੍ਹਾਂ ਦੀ ਗਿਣਤੀ ਘਟ ਜਾਂਦੀ ਹੈ। ਹੁਣ ਡੇਂਗੂ ਦੇ ਮਰੀਜ਼ਾਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।

ਮੈਨੂੰ ਲਗਦਾ ਹੈ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਪੱਛਮੀ ਸਰਮਾਏਦਾਰੀ ਦਾ ਵਿਨਾਸ਼ਕ ਨਮੂਨਾ ਅਪਣਾ ਲਿਆ ਹੈ। ਅਸੀਂ ਕੋਈ ਆਪਣਾ ਵਿਕਾਸ ਦਾ ਨਮੂਨਾ ਨਹੀਂ ਅਪਣਾ ਸਕੇ।ਸਿਹਤ ਸੰਭਾਲ ਅਤੇ ਵਿੱਦਿਆ ਜੋ ਕਿਸੇ ਵੀ ਸਮਾਜ ਦੀਆਂ ਬੁਨਿਆਦੀ ਲੋੜਾਂ ਕਹੀਆਂ ਜਾ ਸਕਦੀਆਂ ਹਨ, ਸਾਡੇ ਲਈ ਪਹਿਲ ਨਹੀਂ ਰਹੀਆਂ। ਇਕ ਪਾਸੇ ਅਮੀਰਾਂ ਲਈ ਗੇਟਾਂ ਵਾਲੀਆਂ ਰਿਹਾਇਸ਼ਾਂ ਉਸਾਰੀਆਂ ਜਾ ਰਹੀਆਂ ਹਨ, ਦੂਜੇ ਪਾਸੇ ਕਈ ਅਜਿਹੀਆਂ ਬਸਤੀਆਂ, ਜਿਨ੍ਹਾਂ ਦਾ ਪੱਧਰ ਝੌਂਪੜ-ਪੱਟੀਆਂ ਵਰਗਾ ਹੈ, ਤੇਜ਼ੀ ਨਾਲ ਫੈਲ ਰਹੀਆਂ ਹਨ। ਇਨ੍ਹਾਂ ਵਿਚ ਵਿਉਂਤਬੰਦੀ ਦੀ ਮੁਕੰਮਲ ਅਣਹੋਂਦ ਹੈ। ਇਥੇ ਜਨਤਕ ਸਿਹਤ ਦਾ ਕੋਈ ਵੀ ਚਿੰਨ੍ਹ ਨਜ਼ਰ ਨਹੀਂ ਆਉਂਦਾ ਅਤੇ ਲਗਪਗ ਪੂਰਨ ਘੜਮੱਸ ਅਤੇ ਅਰਾਜਕਤਾ ਨਜ਼ਰ ਆ ਰਹੀ ਹੈ।ਨਾ ਤਾਂ ਮੱਛਰਾਂ ਨੂੰ ਤੇ ਨਾ ਹੀ ਪ੍ਰਦੂਸ਼ਿਤ ਹਵਾ ਨੂੰ ਗੇਟ ਲਾ ਕੇ ਰੋਕਿਆ ਜਾ ਸਕਦਾ ਹੈ।ਅਮੀਰੀ ਵੀ ਹਵਾ ਵਿਚ ਆਕਸੀਜਨ ਦੀ ਘਟ ਰਹੀ ਮਾਤਰਾ ਨੂੰ ਵਧਾ ਨਹੀਂ ਸਕੇਗੀ। ਯਾਦ ਰਹੇ, ਪੁਰਾਤਨ ਮਿਸਰ ਵਿਚ ਫੈਰੋ ਦਾ ਸ਼ਾਹੀ ਪਰਿਵਾਰ ਵੀ ਬਿਮਾਰੀਆਂ ਦੀ ਮਹਾਂਮਾਰੀ ਤੋਂ ਬਚ ਨਹੀਂ ਸੀ ਸਕਿਆ। ਇਹ ਵੀ ਯਾਦ ਰਹੇ ਕਿ ਮਹਾਨ ਜੇਤੂ ਸਿਕੰਦਰ ਵੀ ਮੱਛਰਾਂ ਤੋਂ ਹਾਰ ਗਿਆ ਸੀ।–ਮੋ: 98153-08460

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.