Ad-Time-For-Vacation.png

ਕੀ ਪਾਕਿਸਤਾਨ ਨੇ ਕੇਵਲ ਪੰਜਾਬ ਦੀਆਂ ਸਰਹੱਦਾਂ ਉਤੇ ਹੀ ਹਮਲਾ ਕਰਨਾ ਸੀ?

ਉੜੀ ਦੇ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਾਕਿਸਤਾਨ ਦੀ ਧਰਤੀ ਉਤੇ ਜਾ ਕੇ ਅਤਿਵਾਦੀਆਂ ਦੇ ਟਿਕਾਣਿਆਂ ਉਤੇ ‘ਸਰਜੀਕਲ ਆਪ੍ਰੇਸ਼ਨ’ ਮਗਰੋਂ ਪਾਕਿਸਤਾਨ ਮੁਰਦਾਬਾਦ ਦੇ ਨਾਹਰਿਆਂ ਦੇ ਦੌਰ ‘ਚੋਂ ਨਿਕਲ ਕੇ, ਲਗਦਾ ਹੈ, ਸਮਝਦਾਰੀ ਨੇ, ਦੋਹੀਂ ਪਾਸੀਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ ਤੇ ਅੱਜ ਹਰ ਭਾਰਤੀ ਅਪਣੇ ਆਪ ਨੂੰ ਸਵਾਲਾਂ ਵਿਚ ਘਿਰਿਆ ਮਹਿਸੂਸ ਕਰਦਾ ਹੈ। ਸਵਾਲ ਭਾਰਤੀ ਸਿਆਣਿਆਂ ਵਲੋਂ ਹੀ ਨਹੀਂ ਬਲਕਿ ਪਾਕਿਸਤਾਨ ਦੀ ਜਨਤਾ ਵਲੋਂ ਵੀ ਆਉਣੇ ਸ਼ੁਰੂ ਹੋ ਗਏ ਹਨ। ਜਦ ਪਾਕਿਸਤਾਨ ਨੂੰ ਅਤਿਵਾਦ ਦੀ ‘ਵਰਸਟੀ ਆਖਿਆ ਗਿਆ ਤਾਂ ਉਨ੍ਹਾਂ ਨੇ ਅਪਣਾ ਦੁਖ ਪ੍ਰਗਟ ਕੀਤਾ ਕਿ ਇਸ ਅਤਿਵਾਦ ਸਦਕਾ ਲੱਖਾਂ ਆਮ ਪਾਕਿਸਤਾਨੀਆਂ ਨੇ ਵੀ ਅਪਣੀ ਜਾਨ ਗਵਾਈ ਹੈ। ਪਿਛਲੇ ਸਾਲ ਉਨ੍ਹਾਂ ਅਪਣੇ ਸਕੂਲ ਜਾਂਦੇ ਬੱਚੇ ਅਤਿਵਾਦ ਦੀ ਵੇਦੀ ਤੇ ਚੜ੍ਹਾਏ ਤੇ ਅੱਜ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਹੀ ਉਸ ਅਤਿਵਾਦ ਦੇ ਹਮਾਇਤੀ ਕਹਿ ਦਿਤਾ ਹੈ। ਪਾਕਿਸਤਾਨੀ ਨਾਗਰਿਕਾਂ ਦੀਆਂ ਚਿੱਠੀਆਂ, ਸੋਸ਼ਲ ਮੀਡੀਆ ਉਤੇ ਭਰੀਆਂ ਪਈਆਂ ਹਨ ਪਰ ਇਕ ਚਿੱਠੀ ਸੱਭ ਤੋਂ ਵੱਧ ਧਿਆਨ ਖਿੱਚਣ ਵਾਲੀ ਹੈ। ਚਿੱਠੀ ਲਿਖਣ ਵਾਲਾ, ਕਵਿਤਾ ਦੇ ਰੂਪ ਵਿਚ ਭਾਰਤ ਨੂੰ ਸਵਾਲ ਪੁਛਦਾ ਹੈ ਕਿ ‘ਆਖ਼ਿਰ ਤੁਮ ਭੀ ਹਮਾਰੇ ਜੈਸੇ ਨਿਕਲੇ?’ ਵੱਡਾ ਭਰਾ ਹੋਣ ਦੇ ਨਾਤੇ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਉਮੀਦ ਸੀ ਕਿ ਅਸੀ ਸਿਆਣਪ ਵਿਖਾਵਾਂਗੇ ਤੇ ਉਨ੍ਹਾਂ ਦੀ ਮਦਦ ਲਈ ਆਵਾਂਗੇ ਪਰ ਭਾਰਤ ਉਨ੍ਹਾਂ ਦੀਆਂ ਉਮੀਦਾਂ ਉਤੇ ਖਰਾ ਨਹੀਂ ਉਤਰਿਆ।

‘ਸਰਜੀਕਲ ਸਟਰਾਈਕ’ ਜੇਕਰ ਪਾਕਿਸਤਾਨੀਆਂ ਦੇ ਫ਼ੌਜੀਆਂ ਦੇ ਹਮਲੇ ਦਾ ਜਵਾਬ ਸੀ ਤਾਂ ਫਿਰ ਅੱਜ ਸਵਾਲ ਕਿਉਂ ਉਠ ਰਹੇ ਹਨ? ਕੌਮਾਂਤਰੀ ਮੀਡੀਆ ਜਦ ਇਸ ਬਾਰੇ ਗੱਲ ਕਰਦਾ ਹੈ ਤਾਂ ਉਹ ਇਹ ਨਹੀਂ ਕਹਿੰਦਾ ਕਿ ਇਥੇ ਕੀ ਹੋਇਆ, ਉਹ ਆਖਦੇ ਹਨ ‘ਭਾਰਤ ਦੇ ਕਹਿਣ ਮੁਤਾਬਕ’ ਤੇ ‘ਪਾਕਿਸਤਾਨ ਦੇ ਦੱਸਣ ਮੁਤਾਬਕ’ ਤਸਵੀਰ ਕੀ ਬਣੀ ਹੈ? ਅਜੇ ਨਾ ਉਹ ਭਾਰਤ ਨੂੰ ਤੇ ਨਾ ਹੀ ਪਾਕਿਸਤਾਨ ਨੂੰ ਸੱਚਾ ਮੰਨਦੇ ਹਨ।

ਇਸ ਦਾ ਪਹਿਲਾ ਕਾਰਨ ਇਹ ਹੈ ਕਿ ਡਾ. ਮਨਮੋਹਨ ਸਿੰਘ ਦੇ ਸਮੇਂ ਵਿਚ ਇਸ ਤਰ੍ਹਾਂ ਦੇ ਹਮਲੇ ਦੋ ਵਾਰੀ ਹੋਏ ਸਨ- ਪਹਿਲਾ 2007 ਵਿਚ ਤੇ ਦੂਜਾ 2014 ਜਨਵਰੀ ਵਿਚ। ਸ਼ਾਇਦ ਇਹ ਸਿਰਫ਼ ਦੋ ਹੀ ਨਹੀਂ ਸਨ ਹੋਏ ਸਗੋਂ ਹੋਰ ਵੀ ਹੋਏ ਸਨ ਪਰ ਮਨਮੋਹਨ ਸਿੰਘ ਸਰਕਾਰ ਦੇਸ਼ਾਂ ਵਿਚਲੀ ਨਫ਼ਰਤ ਨੂੰ ਸਿਆਸੀ ਹਿਤਾਂ ਦੀ ਪੂਰਤੀ ਲਈ, ਹਵਾ ਨਹੀਂ ਦੇਣਾ ਚਾਹੁੰਦੀ ਸੀ। ਸੋ ਚੁਪਚਾਪ ਪਾਕਿਸਤਾਨ ਵਿਚ ਜਾ ਕੇ ਸਿਰਫ਼ ਅਤਿਵਾਦੀਆਂ ਉਤੇ ਹਮਲਾ ਕੀਤਾ ਜਾਂਦਾ ਰਿਹਾ ਹੈ ਜਿਸ ਨਾਲ ਆਮ ਆਵਾਮ ਨੂੰ ਪਤਾ ਵੀ ਨਹੀਂ ਲਗਦਾ ਤੇ ਨਾ ਦੇਸ਼ਾਂ ਵਿਚਕਾਰ ਰਿਸ਼ਤੇ ਖ਼ਰਾਬ ਹੀ ਹੁੰਦੇ ਹਨ। ਇਸੇ ਕਾਰਨ ਇਸ ਨੂੰ ‘ਸਰਜੀਕਲ’ ਆਖਿਆ ਜਾਂਦਾ ਹੈ। ਇਹ ਬਿਜਲੀ ਦੀ ਰਫ਼ਤਾਰ ਨਾਲ ਹੁੰਦੇ ਹਨ ਅਤੇ ਫ਼ੌਜ ਕੋਲ ਉਥੇ ਬੈਠ ਕੇ ਲਾਸ਼ਾਂ ਦੀ ਗਿਣਤੀ ਕਰਨ ਦਾ ਸਮਾਂ ਵੀ ਨਹੀਂ ਹੁੰਦਾ। ਬਸ ਇਹ ਪਤਾ ਹੁੰਦਾ ਹੈ ਕਿ ਅੰਦਾਜ਼ਨ ਇੰਨੇ ਅਤਿਵਾਦੀ ਮਾਰੇ ਗਏ। ਇਸ ਵਾਰ ਜੋ ‘ਸਰਜੀਕਲ ਆਪਰੇਸ਼ਨ’ ਹੋਇਆ, ਉਸ ਵਿਚ ਇਕ ਭਾਰਤੀ ਫ਼ੌਜੀ ਪਿਛੇ ਰਹਿ ਗਿਆ। ਸੋਸ਼ਲ ਮੀਡੀਆ ਉਤੇ ਢੰਡੋਰਾ ਪਿਟਿਆ ਗਿਆ, ਮੋਦੀ ਤੇ ਅਮਿਤ ਸ਼ਾਹ ਨੂੰ ਸ਼ੇਰ ਬਣਾ ਕੇ ਪੇਸ਼ ਕੀਤਾ ਗਿਆ। ਪਰ ਸੱਚ ਤਾਂ ਇਹ ਜਾਪਦਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਸਰਜੀਕਲ ਸਟਰਾਈਕ ਵਿਚ ਸਾਡਾ ਫ਼ੌਜੀ ਪਾਕਿਸਤਾਨ ਦੇ ਕਬਜ਼ੇ ‘ਚ ਆਇਆ। ਉਸ ਫ਼ੌਜੀ ਦਾ ਕੀ ਹੋਵੇਗਾ?

ਸਮਾਜਕ ਪੱਧਰ ਉਤੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ਛੱਡਣ ਲਈ ਆਖਿਆ ਗਿਆ। ਸਲਮਾਨ ਖ਼ਾਨ ਨੂੰ ਭਾਰਤ ਵਿਚ ਗਾਲਾਂ ਪੈ ਰਹੀਆਂ ਹਨ ਕਿਉਂਕਿ ਉਹ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰ ਰਿਹਾ ਹੈ। ਪਰ ਕੰਮ ਤਾਂ ਬਾਕੀ ਵੀ ਕਰ ਰਹੇ ਹਨ। ਵਪਾਰੀਆਂ ਦਾ ਵਪਾਰ ਸਰਹੱਦਾਂ ਉਤੇ ਬਿਨਾਂ ਰੋਕ ਚਲ ਰਿਹਾ ਹੈ। ਨਵੀਨ ਜਿੰਦਲ ਤੇ ਨਵਾਜ਼ ਸ਼ਰੀਫ਼ ਦੇ ਪੁੱਤਰ ਅਪਣੇ ਕਾਰਖ਼ਾਨੇ ਤੋਂ ਅਰਬਾਂ ਦਾ ਵਪਾਰ ਬਿਨਾਂ ਰੋਕ ਚਲਾ ਰਹੇ ਹਨ। ਫਿਰ ਸਿਰਫ਼ ਕਲਾਕਾਰਾਂ ਨੂੰ ਹੀ ਕਿਉਂ ਕਢਿਆ ਜਾ ਰਿਹਾ ਹੈ? ਉਹ ਤਾਂ ਭਾਰਤ ਦੀਆਂ ਫ਼ਿਲਮਾਂ ‘ਚ ਕੰਮ ਕਰ ਕੇ ਪੈਸੇ ਬਣਾਉਂਦੇ ਹਨ ਤੇ ਉਨ੍ਹਾਂ ਦੇ ਤਕਰੀਬਨ ਸਾਰੇ ਕਲਾਕਾਰ ਭਾਰਤ ਆਉਣ ਤੋਂ ਪਹਿਲਾਂ ਹੀ ਬਹੁਤ ਮਸ਼ਹੂਰ ਹਨ। ਫ਼ਰਹਾਦ ਖ਼ਾਨ, ਆਤਿਫ਼ ਅਸਲਮ, ਸ਼ਕਾਫ਼ਤ ਅਮਾਨਤ ਅਲੀ ਦੀ ਅਦਾਕਾਰੀ ਦੇ ਭਾਰਤੀ ਲੋਕ ਵੀ ਦਿਵਾਨੇ ਹਨ। ਪਰ ਇਹ ਭਾਜਪਾ ਦੀ ਨੀਤੀ ਹੈ ਕਿ ਜਿੰਦਲ ਵਰਗੇ ਵਪਾਰੀ ਪੈਸਾ ਕਮਾਉਂਦੇ ਰਹਿਣਗੇ ਪਰ ਕਲਾਕਾਰਾਂ ਨੂੰ ਬਾਹਰ ਕੱਢ ਕੇ ਰਾਸ਼ਟਰਵਾਦ ਦਾ ਡਰਾਮਾ ਕੀਤਾ ਜਾਵੇਗਾ।

ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ। ਕਿਉਂ ਸਿਰਫ਼ ਪੰਜਾਬ ਦੀ 553 ਕਿਲੋਮੀਟਰ ਦੀ ਸਰਹੱਦ ਨੂੰ ਸੁਰੱਖਿਅਤ ਕੀਤਾ ਗਿਆ ਹੈ ਤੇ ਰਾਜਸਥਾਨ ਦੀ 1000 ਕਿਲੋਮੀਟਰ ਦੀ ਸਰਹੱਦ ਨੂੰ ਛੱਡ ਦਿਤਾ ਗਿਆ? ਗੁਜਰਾਤ ਦੇ ਪਾਣੀ ਤੇ ਜ਼ਮੀਨ ਦੀ ਸਰਹੱਦ ਨੂੰ ਵੀ ਸੁਰੱਖਿਅਤ ਨਹੀਂ ਕੀਤਾ ਗਿਆ। ਪੰਜਾਬ ਦੇ 1000 ਪਿੰਡਾਂ ਨੂੰ ਖ਼ਾਲੀ ਕਰ ਕੇ ਉਥੋਂ ਦੇ ਕਿਸਾਨਾਂ ਨੂੰ, ਬਿਨਾਂ ਉਨ੍ਹਾਂ ਦੇ ਜਾਨਵਰਾਂ ਤੋਂ, ਕੱਢ ਲਿਆ ਗਿਆ ਹੈ। ਜਾਨਵਰਾਂ ਨੂੰ ਮਰਨ ਲਈ ਛੱਡ ਦਿਤਾ ਗਿਆ। ਫ਼ਸਲ ਬਰਬਾਦ ਹੋ ਜਾਵੇਗੀ ਤੇ ਕਿਸਾਨਾਂ ਨੂੰ ਮੁਆਵਜ਼ਾ ਤਾਂ ਸਰਕਾਰ ਦੇਣ ਨਹੀਂ ਲਗੀ। ਬਸ ਸਿਰਫ਼ ਪੰਜਾਬ ਤੇ ਕਸ਼ਮੀਰ ਨੂੰ ਹੀ ਇਸ ਸਰਜੀਕਲ ਸਟਰਾਈਕ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਰਤ ਸਰਕਾਰ ਨੂੰ ਕਿਵੇਂ ਪਤਾ ਲੱਗਾ ਕਿ ਹਮਲਾ ਪੰਜਾਬ ਦੇ ਪਿੰਡਾਂ ਉਤੇ ਹੀ ਹੋਵੇਗਾ ਤੇ ਗੁਜਰਾਤ ਦੇ ਪਿੰਡਾਂ ਉਤੇ ਨਹੀਂ? ਇਸ ਦਾ ਮਤਲਬ ਹੈ ਕਿ ਪਾਕਿਸਤਾਨ ਦੀ, ਉੜੀ ਦੁਖਾਂਤ ਬਾਰੇ ਕੌਮਾਂਤਰੀ ਜਾਂਚ ਦੀ ਜਿਹੜੀ ਮੰਗ ਸੀ, ਉਸ ਵਿਚ ਕੋਈ ਦਮ ਸੀ! ਦਬੀ ਆਵਾਜ਼ ਵਿਚ ਜਿਹੜੀਆਂ ਸੁਰਾਂ ਇਸ ‘ਬਹਾਦਰੀ ਵਾਲੇ ਹਮਲੇ’ ਨੂੰ ਚੋਣ ਜਿੱਤਣ ਦੀ ਸਾਜ਼ਸ਼ ਦਸ ਰਹੀਆਂ ਹਨ, ਕੀ ਉਹ ਸੱਚੀਆਂ ਸਾਬਤ ਹੋਣਗੀਆਂ?

ਸਾਰੇ ਜਵਾਬ ਤਾਂ ਇਕ ਸਾਬਕਾ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਹੀ ਦੇ ਸਕਦੇ ਹਨ ਜਿਨ੍ਹਾਂ ਨੂੰ ਹੁਣ ਅਪਣੀ ਮਾਣਯੋਗ ਚੁੱਪੀ ਛੱਡ ਕੇ ਦੇਸ਼ ਨੂੰ ਸਰਜੀਕਲ ਸਟਰਾਈਕਾਂ ਵਾਲੇ ਹਮਲਿਆਂ ਦੇ ਸੱਚ ਨਾਲ ਰੂਬਰੂ ਕਰਵਾਉਣਾ ਚਾਹੀਦਾ ਹੈ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.