ਸਰਵਣ ਸਿੰਘ ਭੰਗਲਾਂ, ਸਮਰਾਲਾ : ਨੇੜਲੇ ਪਿੰਡ ਹੇਡੋਂ ਵਿਖੇ ਇਕ ਇੱਟਾਂ ਦੇ ਭੱਠੇ ’ਤੇ ਕਥਿਤ ਤੌਰ ’ਤੇ ਬੰਧੂਆਂ ਬਣਾ ਕੇ ਰੱਖੇ ਕਈ ਮਜ਼ਦੂਰਾਂ ਨੂੰ ਭੱਠਾ ਮਾਲਕ ਦੇ ਚੁੰਗਲ ‘ਚੋਂ ਛੁਡਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ’ਤੇ ਮੌਕੇ ’ਤੇ ਪਹੁੰਚੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਸਮੇਤ ਲੇਬਰ ਇੰਸਪੈਕਟਰ ’ਤੇ ਭੱਠਾ ਮਾਲਕ ਵੱਲੋਂ ਕੁੱਟਮਾਰ ਕਰ ਕੇ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਹਰਕਤ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਉਕਤ ਭੱਠਾ ਮਾਲਕ ’ਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਆਪਣੀ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਭੱਠਾ ਮਾਲਕ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਅਤੇ ਉੱਥੇ ਬੰਧਕ ਬਣਾਏ ਕਈ ਮਜ਼ਦੂਰਾਂ ਨੂੰ ਇਲਾਜ ਲਈ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚ ਕਈ ਮਜ਼ਦੂਰ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਦਿੰਦੇ ਹੋਏ ਟੀਮ ਦੀ ਅਗਵਾਈ ਕਤਰ ਰਹੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਹੁਕਮ ਮਿਲਣ ’ਤੇ ਉਹ ਬਤੌਰ ਡਿਊਟੀ ਮੈਜਿਸਟ੍ਰੇਟ ਇਲਾਕੇ ਦੇ ਲੇਬਰ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਪਿੰਡ ਹੇਡੋਂ ਵਿਖੇ ਇਸ ਭੱਠੇ ਉੱਤੇ ਪਹੰੁਚੇ। ਜਿੱਥੇ ਕਿ 15-20 ਮਜ਼ਦੂਰਾਂ ਨੂੰ ਕਥਿਤ ਤੌਰ ’ਤੇ ਜ਼ਬਰੀ ਰੱਖਿਆ ਹੋਇਆ ਸੀ। ਜਦੋ ਉੱਥੇ ਮੌਜੂਦ ਭੱਠਾ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹ ਬਦਸਲੂਕੀ ’ਤੇ ਉੱਤਰ ਆਇਆ ਅਤੇ ਸਰਕਾਰੀ ਕੰਮ ’ਚ ਵਿਘਨ ਪਾਉਂਦੇ ਹੋਏ ਕਾਰਵਾਈ ਵਿਚ ਅੜਿੱਕਾ ਪਾ ਦਿੱਤਾ।
ਭੱਠਾ ਮਾਲਕ ਨੇ ਬੰਧਕ ਬਣਾਏ ਮਜ਼ਦੂਰਾਂ ਦੇ ਬਿਆਨ ਦਰਜ ਕਰ ਰਹੇ ਲੇਬਰ ਇੰਸਪੈਕਟਰ ਕੋਲੋ ਸਰਕਾਰੀ ਕਾਗਜ ਵੀ ਖੋਹ ਲਏ ਅਤੇ ਸਰਕਾਰੀ ਟੀਮ ਦੇ ਸਾਹਮਣੇ ਹੀ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਥੇ ਇੱਕ ਅਜਿਹੀ ਮਜ਼ਦੂਰ ਔਰਤ ਵੀ ਬਿਮਾਰੀ ਦੀ ਹਾਲਤ ਵਿਚ ਮਿਲੀ, ਜਿਸ ਨੂੰ ਤੁਰੰਤ ਇਲਾਜ ਦੀ ਲੋੜ ਸੀ ਪਰ ਭੱਠਾ ਮਾਲਕ ਨੇ ਨਾ ਹੀ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਵਾਰ-ਵਾਰ ਮੰਗ ਕਰਨ ’ਤੇ ਇਲਾਜ ਲਈ ਉਸ ਨੂੰ ਬਕਾਇਆ ਰਹਿੰਦੀ ਉਸ ਦੀ ਮਜ਼ਦੂਰੀ ਹੀ ਦਿੱਤੀ। ਜਦੋਂ ਸਰਕਾਰੀ ਟੀਮ ਦੇ ਸਾਹਮਣੇ ਹੀ ਭੱਠਾ ਮਾਲਕ ਮਜ਼ਦੂਰਾਂ ਨੂੰ ਕੁੱਟਣ ਲੱਗਾ ਅਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੂੰ ਰੋਕਣ ਲੱਗਾ ਤਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਥਾਣਾ ਸਮਰਾਲਾ ਦੀ ਪੁਲਿਸ ਫੋਰਸ ਮੌਕੇ ਤੇ ਪਹੰੁਚੀ ਅਤੇ ਉੱਥੋਂ ਮਜ਼ਦੂਰਾਂ ਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਹ ਸਾਰੇ ਮਜ਼ਦੂਰ ਫਿਲਹਾਲ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਮਜ਼ਦੂਰਾਂ ਵੱਲੋਂ ਭੱਠਾ ਮਾਲਕ ’ਤੇ ਉਨ੍ਹਾਂ ਦੀ ਮਜ਼ਦੂਰੀ ਨਾ ਦੇਣ ਸਮੇਤ ਕਈ ਗੰਭੀਰ ਆਰੋਪ ਲਗਾਏ ਜਾ ਰਹੇ ਹਨ। ਥਾਣਾ ਸਮਰਾਲਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭੱਠਾ ਮਾਲਕ ਰਮੇਸ਼ ਖੁੱਲਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


