ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ‘ਚ ਕੋਰੋਨਾ ਵਾਇਰਸ ਦੇ ਉੱਪਰ ਵੱਲ ਜਾ ਰਹੇ ਗ੍ਰਾਫ ਨਾਲ ਸੂਬਾ ਸਰਕਾਰ ਦੀ ਵੀ ਚਿੰਤਾ ਵੱਧ ਰਹੀ ਹੈ। ਸੂਬੇ ‘ਚ 30 ਹੋਰ ਮਾਮਲੇ ਸਾਹਮਣੇ ਆਏ ਹਨ।
ਬੀ. ਸੀ. ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 3,328 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 2,873 ਲੋਕਾਂ ਦੀ ਸਿਹਤ ਠੀਕ ਹੋ ਗਈ ਹੈ।
ਹਾਲਾਂਕਿ, ਜਿੱਥੇ ਸੂਬੇ ‘ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ, ਉੱਥੇ ਹੀ ਬੀਤੇ ਦਿਨ ਕੋਈ ਹੋਰ ਮੌਤ ਨਹੀਂ ਦਰਜ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 189 ‘ਤੇ ਸਥਿਰ ਬਣੀ ਰਹੀ। ਮੌਜੂਦਾ ਸਮੇਂ ਬੀ. ਸੀ. ‘ਚ 266 ਸਰਗਰਮ ਮਾਮਲੇ ਹਨ। 15 ਮਰੀਜ਼ ਹਸਪਤਾਲ ‘ਚ ਹਨ ਅਤੇ ਇਨ੍ਹਾਂ ‘ਚੋਂ 3 ਆਈ. ਸੀ. ਯੂ. ‘ਚ ਦਾਖ਼ਲ ਹਨ। ਬੀ. ਸੀ. ‘ਚ ਹੁਣ ਤੱਕ ਸਭ ਤੋਂ ਵੱਧ ਮਾਮਲੇ ਵੈਨਕੂਵਰ ਕੋਸਟਲ ਹੈਲਥ (1,043) ਅਤੇ ਫਰੈਜ਼ਰ ਹੈਲਥ ਰੀਜ਼ਨਸ (1,731) ‘ਚ ਦਰਜ ਹੋਏ ਹਨ। ਸਿਹਤ ਅਧਿਕਾਰੀਆਂ ਨੇ ਕਿਹਾ, ”ਬੀ. ਸੀ. ‘ਚ ਕੋਰੋਨਾ ਗ੍ਰਾਫ ਵੱਧ ਰਿਹਾ ਹੈ ਅਤੇ ਇਸ ਨੂੰ ਘੱਟ ਕਰਨ ਲਈ ਕਦਮ ਚੁੱਕਣ ਦੀ ਜ਼ਰੂਰਤ ਹੈ।”
ਸਿਹਤ ਮੰਤਰਾਲਾ ਨੇ ਕਿਹਾ ਕਿ ਇਸ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਮੰਤਰਾਲਾ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜਿੱਥੇ ਸਰੀਰਕ ਦੂਰੀ ਸੰਭਵ ਨਹੀਂ ਹੈ ਉੱਥੇ ਮਾਸਕ ਪਾਉਣ ਅਤੇ ਉਨ੍ਹਾਂ ਲੋਕਾਂ ਨਾਲ ਹੀ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।