ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਪੰਚਾਇਤ ਤੇ ਵਣ ਜੀਵ ਵਿਭਾਗ ਵੱਲੋਂ ਸਥਾਨਕ ਕਸਬੇ ਦੇ ਵੱਖ-ਵੱਖ ਥਾਵਾਂ ‘ਤੇ ਪਿੰਜਰੇ ਲਗਾ ਕੇ ਦਰਜਨਾਂ ਬਾਂਦਰਾਂ ਨੂੰ ਫੜ੍ਹ ਕੇ ਮੱਤੇਵਾੜਾ ਦੇ ਜੰਗਲਾਂ ਅੰਦਰ ਛੱਡਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਸੁੱਖ ਦਾ ਸਾਹ ਲੈ ਰਹੇ ਸਥਾਨਕ ਵਾਸੀਆਂ ‘ਚ ਦੁਬਾਰਾ ਫਿਰ ਖੌਫ਼ ਪੈਦਾ ਹੋ ਗਿਆ ਹੈ।
ਬੀਤੇ ਦੋ-ਤਿੰਨ ਦਿਨਾਂ ਤੋਂ ਅਬੋਹਰ ਬਰਾਂਚ ਨਹਿਰ ਕਿਨਾਰੇ ਜਾਂ ਘਰਾਂ ਦੀ ਛੱਤਾਂ ‘ਤੇ ਪੁੱਜੇ ਦਰਜਨਾਂ ਬਾਂਦਰਾਂ ਦੇ ਝੁੰਡ ਦੀ ਆਮਦ ਨੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ। ਸੰਪਰਕ ਕਰਨ ‘ਤੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਐੱਸਕੇ ਤੇ ਸਮਾਜ ਸੇਵੀ ਰਜਿੰਦਰ ਸਿੰਘ ਨੇ ਕਿਹਾ ਮੁੜ ਤੋਂ ਵਣ ਜੀਵ ਵਿਭਾਗ ਨਾਲ ਮਿਲ ਕੇ ਬਾਂਦਰਾਂ ਨੂੰ ਕਾਬੂ ਕਰਨ ਲਈ ਪਿੰਜਰੇ ਲਗਾ ਕੇ ਦੁਬਾਰਾ ਲਗਾਤਾਰ ਯਤਨ ਜਾਰੀ ਰਹਿਣਗੇ।
ਜ਼ਿਕਰਯੋਗ ਹੈ ਕਿ ਪਿਛਲੇ 8-9 ਸਾਲਾਂ ਤੋਂ ਇਥੇ ਆਸ-ਪਾਸ ਹੀ ਰਹਿੰਦੇ ਇਨ੍ਹਾਂ ਬਾਂਦਰਾਂ ਨੇ ਲੋਕਾਂ ਦਾ ਆਰਥਕ ਨੁਕਸਾਨ ਕਰਨ ਸਮੇਤ ਅਨੇਕਾਂ ਆਮ ਲੋਕਾਂ, ਸਕੂਲੀ ਬੱਚੇ, ਲੋਕਾਂ ਨੂੰ ਜ਼ਖ਼ਮੀ ਕਰਨ ਦੇ ਨਾਲ ਦਹਿਸ਼ਤ ਦਾ ਮਾਹੌਲ ਜਾਰੀ ਰੱਖਿਆ ਹੋਇਆ ਸੀ। ਸਰਪੰਚ ਸੁਖਵਿੰਦਰ ਸਿੰਘ ਕਲੇਰ ਤੇ ਪੰਚ ਰਜਿੰਦਰ ਸਿੰਘ ਨੇ ਬਾਂਦਰਾਂ ਨੂੰ ਮੁੜ ਫੜਨ ਦੀ ਅਪੀਲ ਕੀਤੀ।


