ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਰਾਤ ਨੂੰ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਕੇਂਦਰੀ ਜੇਲ੍ਹ ਦੇ ਸਾਹਮਣੇ ਵਾਪਰੇ ਇਕ ਭਿਆਨਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਫੱਟੜ ਹੋ ਗਏ। ਦਿਲ ਦਹਿਲਾ ਦੇਣ ਵਾਲੇ ਹਾਦਸੇ ‘ਚ ਤੇਜ਼ ਰਫ਼ਤਾਰ ਪਿਕਅਪ ਜੀਪ ਫੁੱਟਪਾਥ ਤੋੜਦੀ ਹੋਈ ਰਾਹਗੀਰਾਂ ਵਿਚ ਵੱਜੀ। ਹਾਦਸੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਉਸ ਨੂੰ ਕੁਝ ਘੰਟਿਆਂ ਬਾਅਦ ਹਿਰਾਸਤ ਵਿਚ ਲੈ ਲਿਆ। ਪੁਲਿਸ ਦੇ ਮੁਤਾਬਕ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਜੇ ਕੁਮਾਰ ਵੱਜੋਂ ਹੋਈ ਹੈ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਹਾਦਸੇ ਵੇਲੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਮਿ੍ਤਕ ਦੀ ਪਛਾਣ ਗੁਰੂ ਰਾਮਦਾਸ ਨਗਰ ਦੇ 40 ਸਾਲਾ ਜੈ ਰਾਮ ਵਜੋਂ ਹੋਈ ਹੈ। ਇਸ ਹਾਦਸੇ ‘ਚ ਉਸ ਦਾ ਜੀਜਾ ਸੁਨੀਲ ਕੁਮਾਰ, ਬਿਮਲੇਸ਼ ਤੇ ਇਕ ਰਾਹਗੀਰ ਵਿਕਾਸ ਕੁਮਾਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਚੌਕੀ ਤਾਜਪੁਰ ਰੋਡ ਦੇ ਇੰਚਾਰਜ ਸਬ-ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਪੀੜਤ ਜੈ ਰਾਮ, ਸੁਨੀਲ ਕੁਮਾਰ ਤੇ ਬਿਮਲੇਸ਼ ਲੁਧਿਆਣਾ ਕੇਂਦਰੀ ਜੇਲ੍ਹ ਨੇੜੇ ਤਾਜਪੁਰ ਰੋਡ ‘ਤੇ ਫੁੱਟਪਾਥ ਤੇ ਖੜ੍ਹੇ ਸਨ। ਸੁਨੀਲ ਤੇ ਜੈ ਰਾਮ ਆਪਸ ਵਿਚ ਗੱਲਾਂ ਕਰਨ ਲੱਗ ਪਏ, ਜਦਕਿ ਵਿਕਾਸ ਫੁੱਟਪਾਥ ਕ੍ਰਾਸ ਕਰ ਰਿਹਾ ਸੀ। ਇਸੇ ਦੌਰਾਨ ਜ਼ਬਰਦਸਤ ਹਾਦਸਾ ਵਾਪਰ ਗਿਆ। ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਇਕ ਫੈਕਟਰੀ ‘ਚ ਕੰਮ ਕਰਦੇ ਹਨ। ਉਹ ਦਿਨ ਦਾ ਕੰਮ ਖ਼ਤਮ ਕਰ ਕੇ ਘਰ ਪਰਤ ਰਹੇ ਸਨ। ਰਸਤੇ ‘ਚ ਉਨ੍ਹਾਂ ਦੇ ਜੀਜਾ ਦੇ ਮਿਲਣ ਤੋਂ ਬਾਅਦ ਉਹ ਫੁੱਟਪਾਥ ‘ਤੇ ਖੜ੍ਹ ਕੇ ਆਪਸ ਵਿਚ ਪਰਿਵਾਰਕ ਗੱਲਬਾਤ ਕਰਨ ਲੱਗ ਪਏ। ਅਚਾਨਕ ਇਕ ਤੇਜ਼ ਰਫਤਾਰ ਪਿਕਅੱਪ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਹ ਇਕ ਪਾਸੇ ਡਿੱਗ ਗਏ ਤੇ ਬਚ ਗਏ, ਪਰ ਜੈ ਰਾਮ ਇੰਨਾ ਖ਼ੁਸ਼ਕਿਸਮਤ ਨਹੀਂ ਸੀ। ਜੀਪ ਨੇ ਉਸ ਨੂੰ ਕੁਚਲ ਦਿੱਤਾ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਦੇਖਿਆ ਤੇ ਆਟੋ ‘ਚ ਪਾ ਕੇ ਹਸਪਤਾਲ ਪਹੁੰਚਾਇਆ ਅਤੇ ਬਾਅਦ ਵਿਚ ਪੁਲਿਸ ਨੂੰ ਸੂਚਿਤ ਕੀਤਾ।

ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੋ ਦਿਨਾਂ ਵਿਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਢੋਲੇਵਾਲ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਤਿੰਨ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਦੋ ਫੱਟੜ ਹੋਏ ਸਨ।