ਜਾਸ, ਸ੍ਰੀਨਗਰ : ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਸੂਬੇ ਦੇ ਮੌਸਮ ਵਿਚ ਤਬਦੀਲੀ ਆਈ ਹੈ। ਸ਼ੁੱਕਰਵਾਰ ਨੂੰ ਲਗਭਗ ਪੂਰੇ ਜੰਮੂ-ਕਸ਼ਮੀਰ ਵਿਚ ਅਸਮਾਨ ’ਤੇ ਸਵੇਰ ਤੋਂ ਬੱਦਲ ਛਾਏ ਰਹੇ। ਠੰਢੀ ਹਵਾ ਦੇ ਸਾਹਮਣੇ ਹਲਕੀ ਧੁੱਪ ਬੇਅਸਰ ਸਾਬਤ ਹੁੰਦੀ ਰਹੀ। ਆਉਂਦੇ 24 ਘੰਟਿਆਂ ਦੌਰਾਨ ਵਾਦੀ ਦੇ ਕੁਝ ਉੱਪਰਲੇ ਖੇਤਰਾਂ ਵਿਚ ਹਲਕੀ ਬਰਫ਼ਬਾਰੀ ਤੇ ਮੀਂਹ ਪੈਣ ਦੇ ਆਸਾਰ ਹਨ।
ਵਾਦੀ ਵਿਚ ਸਖ਼ਤ ਠੰਢ ਦਾ 40 ਦਿਨਾ ਦੌਰ ਚਿੱਲੇਕਲਾਂ ਸ਼ੁਰੂ ਹੋਣ ਮਗਰੋਂ ਦੂਸਰੇ ਦਿਨ ਸ਼ੁੱਕਰਵਾਰ ਨੁੂੰ ਅਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਘੱਟੋ-ਘੱਟ ਤਾਪਮਾਨ ਵਿਚ ਥੋੜ੍ਹਾ ਸੁਧਾਰ ਵੇਖਣ ਨੂੰ ਮਿਲਿਆ। ਜਦਕਿ ਇਸ ਦੇ ਬਾਵਜੂਦ ਠੰਢ ਤੋਂ ਰਾਹਤ ਨਹੀਂ ਮਿਲ ਸਕੀ। ਸ਼ੁੱਕਰਵਾਰ ਨੂੰ ਪੂਰੀ ਵਾਦੀ ਵਿਚ ਘੱਟੋ-ਘੱਟ ਪਾਰਾ ਸਿਫ਼ਰ ਤੋਂ ਹੇਠਾਂ ਰਿਹਾ। ਮਨਫ਼ੀ 4.8 ਡਿਗਰੀ ਸੈਲਸੀਅਸ ਘੱਟੋ-ਘੱਟ ਪਾਰੇ ਦੇ ਨਾਲ ਪਹਿਲਗਾਮ ਵਾਦੀ ਦਾ ਸਭ ਤੋਂ ਵੱਧ ਠੰਢਾ ਖੇਤਰ ਬਣਿਆ ਰਿਹਾ। ਸ੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ -3.3 ਤੇ ਗ਼ੁਲਮਰਗ ਵਿਚ ਘੱਟੋ-ਘੱਟ ਪਾਰਾ ਮਨਫ਼ੀ 1.0 ਡਿਗਰੀ ਰਿਕਾਰਡ ਕੀਤਾ ਗਿਆ। ਤਾਪਮਾਨ ਜਮਾਅ ਬਿੰਦੂ ਤੋਂ ਲਗਾਤਾਰ ਹੇਠਾਂ ਬਣੇ ਰਹਿਣ ਕਰ ਕੇ ਡਲ ਝੀਲ ਸਮੇਤ ਵਾਦੀ ਦੇ ਜ਼ਿਆਦਾਤਰ ਪਾਣੀ ਦੇ ਸਰੋਤ ਅੰਸ਼ਕ ਤੌਰ ’ਤੇ ਜੰਮੇ ਰਹੇ। ਸ੍ਰੀਨਗਰ ਸਮੇਤ ਵਾਦੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਅਸਮਾਨ ’ਤੇ ਬੱਦਲ ਛਾਏ ਰਹੇ। ਜੰਮੁੂ ਵਿਚ ਵੀ ਬੱਦਲਾਂ ਦਾ ਡੇਰਾ ਲੱਗਾ ਰਿਹਾ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮੁਖ਼ਤਾਰ ਨੇ ਕਿਹਾ ਕਿ ਪੱਛਮੀ ਪੌਣਾਂ ਦੇ ਅਸਰ ਕਰ ਕੇ ਮੌਸਮ ਵਿਚ ਤਬਦੀਲੀ ਦਾ ਅਸਰ ਸ਼ੁੱਕਰਵਾਰ ਸ਼ਾਮ ਜਾਂ ਸ਼ਨਿੱਚਰਵਾਰ ਦੀ ਸਵੇਰ ਤੱਕ ਵੇਖਣ ਨੂੰ ਮਿਲੇਗਾ। ਹਲਕੀ ਬਾਰਸ਼ ਤੇ ਬਰਫ਼ਬਾਰੀ ਹੋਣ ਦੇ ਪੂਰੇ ਆਸਾਰ ਬਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਵਾਦੀ ਦੇ ਬਾਕੀ ਇਲਾਕਿਆਂ ਵਿਚ ਮੌਸਮ ਆਮ ਤੌਰ ’ਤੇ ਖ਼ੁਸ਼ਕ ਰਹੇਗਾ। ਇਸ ਮਹੀਨੇ ਦੇ ਅੰਤ ਤੱਕ ਮੌਸਮ ਖ਼ੁਸ਼ਕ ਬਣਿਆ ਰਹਿ ਸਕਦਾ ਹੈ ਤੇ ਠੰਢ ਦਾ ਪ੍ਰਕੋਪ ਵਧੇਗਾ।
ਦੱਸਣਯੋਗ ਹੈ ਕਿ 40 ਦਿਨਾਂ ਤੱਕ ਚਿੱਲੇਕਲਾਂ ਮਗਰੋਂ 20 ਦਿਨਾਂ ਦੀ ਠੰਢ ਨੂੰ ਚਿੱਲੇਖ਼ੁਰਦ ਆਖਿਆ ਜਾਂਦਾ ਹੈ। ਇਸ ਨਾਲ ਠੰਢ ਥੋੜ੍ਹੀ ਘੱਟ ਜਾਂਦੀ ਹੈ ਤੇ ਉਸ ਮਗਰੋਂ 10 ਦਿਨ ਦੇ ਠੰਢ ਦੇ ਦੌਰ ਨੂੰ ਚਿੱਲੇਬਾਈਚ ਆਖਿਆ ਜਾਂਦਾ ਹੈ।



