ਸੰਜੀਵ ਗੁਪਤਾ, ਜਗਰਾਓਂ : ਪੰਜਾਬ ਭਰ ‘ਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸੜਕਾਂ ‘ਤੇ ਉਤਰੀ ਪੰਜਾਬ ਪੁਲਿਸ ਨੇ 891 ਮੁਕੱਦਮੇ ਦਰਜ ਕੀਤੇ। ਇਹ ਖੁਲਾਸਾ ਅੱਜ ਜਗਰਾਓਂ ਪੁੱਜੇ ਪੰਜਾਬ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਐੱਸਐੱਸਪੀ ਦਫ਼ਤਰ ਵਿਖੇ ਸੱਦੀ ਪ੍ਰਰੈਸ ਕਾਨਫਰੰਸ ‘ਚ ਕੀਤਾ। ਏਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੁਪਰੀਮ ਕੋਰਟ ਦੇ 100 ਫੀਸਦੀ ਪਰਾਲੀ ਨੂੰ ਅੱਗ ਲਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ 24 ਘੰਟੇ ਪਹਿਰਾ ਦੇ ਰਹੀ ਹੈ। ਜਿਸ ਦੀ ਬਦੌਲਤ ਜੇ ਕੱਲ੍ਹ ਦੇ ਮੁਕਾਬਲੇ ਅੱਜ ਦੀ ਗੱਲ ਕਰੀਏ ਤਾਂ 24 ਘੰਟਿਆਂ ‘ਚ ਹੀ 30 ਫ਼ੀਸਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ‘ਚ ਕਮੀ ਆਈ ਹੈ। ਇਸ ਨੂੰ 100 ਪ੍ਰਤੀਸ਼ਤ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਦੀਆਂ 1072 ਟੀਮਾਂ ਗਸ਼ਤ ਕਰ ਰਹੀਆਂ ਹਨ। ਸਬ ਡਵੀਜ਼ਨ ਲੈਵਲ ਦੇ ਇਹ ਫਲਾਈਂਗ ਸੁਕੈਰਡ ਟੀਮਾਂ ਜਿੱਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪੇ੍ਰਿਤ ਕਰ ਰਹੀਆਂ ਹਨ, ਉਥੇ ਇਸ ਦੇ ਬਾਵਜੂਦ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਜਿਸ ਦੇ ਚੱਲਦਿਆਂ ਹੁਣ ਤਕ 891 ਮੁਕੱਦਮੇ ਦਰਜ ਕਰਨ ਤੋਂ ਇਲਾਵਾ ਪੰਜਾਬ ‘ਚ ਪਰਾਲੀ ਨੂੰ ਅੱਗ ਲਾਉਣ ਵਾਲਿਆਂ 7310 ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਰਾਸ਼ੀ ਇੱਕ ਕਰੋੜ 52 ਲੱਖ 20 ਹਜ਼ਾਰ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਹਰ ਇੱਕ ਹਲਕੇ ‘ਚ ਐੱਸਐੱਸਪੀ,ਐੱਸਪੀ, ਡੀਐੱਸਪੀ, ਥਾਣੇ ਅਤੇ ਚੌਕੀ ਮੁਖੀ ਪਿੰਡ-ਪਿੰਡ ਕਿਸਾਨਾਂ ਨੂੰ ਅੱਗ ਨਾ ਲਾਉਣ ਤੇ ਅੱਗ ਲਾਉਣ ਨਾਲ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਨੁੱਕੜ ਮੀਟਿੰਗਾਂ, ਸੈਮੀਨਾਰ ਤੇ ਇਕੱਠਾਂ ਨੂੰ ਸੰਬੋਧਨ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਕਿਸਾਨਾਂ ਦੀ ਵੀ ਇਸ ਮੁੱਦੇ ‘ਤੇ ਕਈ ਸਮੱਸਿਆਵਾਂ ਹੋਣਗੀਆਂ ਪਰ ਪਰਾਲੀ ਨੂੰ ਅੱਗ ਲਾਉਣਾ ਕੋਈ ਹੱਲ ਨਹੀਂ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਜਿੱਥੇ ਪ੍ਰਦੂਸ਼ਣ ਲੈਵਲ ਖ਼ਤਰਨਾਕ ਸਥਿਤੀ ‘ਤੇ ਪਹੁੰਚ ਜਾਂਦਾ ਹੈ, ਉੱਥੇ ਜ਼ਮੀਨ ਦੀ ਗੁਣਵੱਤਾ ਵੀ ਘੱਟਦੀ ਹੈ। ਇਸ ਤੋਂ ਇਲਾਵਾ ਮਨੁੱਖ ਲਈ ਸਾਹ ਲੈਣ ‘ਚ ਦਿੱਕਤ, ਕਈ ਬੀਮਾਰੀਆਂ ਦੇ ਝਮੇਲੇ ‘ਚ ਫਸਣਾ ਤੇ ਧੂੰਏ ਕਾਰਨ ਹੁੰਦੇ ਸੜਕੀ ਹਾਦਸੇ ਕਈ ਕੀਮਤੀ ਜ਼ਿੰਦਗੀਆਂ ਲੀਲ੍ਹ ਰਹੇ ਹਨ। ਇਸ ਮੌਕੇ ਐੱਸਐੱਸਪੀ ਨਵਨੀਤ ਸਿੰਘ ਬੈਂਸ, ਐੱਸਪੀ ਮਨਵਿੰਦਰਵੀਰ ਸਿੰਘ, ਡੀਐੱਸਪੀ ਸਤਵਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ।

========

-ਏਡੀਜੀਪੀ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਗਰਾਓਂ ਪੁੱਜੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਗ ਲਗਾਉਣ ਦੀ ਘਟਨਾਵਾਂ ਨੂੰ ਰੋਕਣ ਤੇ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਸੂਬਾ ਪੱਧਰੀ ਮੁਹਿੰਮ ਦੀ ਸਮੀਖਿਆ ਕੀਤੀ। ਇਸ ਮੀਟਿੰਗ ‘ਚ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਜ਼ਿਲ੍ਹਾ ਪੁਲਿਸ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਛੇੜੀ ਜਾਗਰੂਕਤਾ ਮੁਹਿੰਮ ਦੀ ਜਾਣਕਾਰੀ ਸਾਂਝੀ ਕੀਤੀ।

====

-ਪਰਾਲੀ ਨੂੰ ਅੱਗ ਲਗਾਉਣ ਵਾਲੇ 37 ਕਿਸਾਨਾਂ ‘ਤੇ ਪਰਚਾ

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ 37 ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ। ਇਸ ਤੋਂ ਇਲਾਵਾ ਮਾਮਲਿਆਂ ‘ਚ ਪਰਾਲੀ ਨੂੰ ਅੱਗ ਲਗਾਉਣ ਵਾਲੇ 306 ਕਿਸਾਨਾਂ ਨੂੰ 7 ਲੱਖ 79 ਹਜ਼ਾਰ ਜੁਰਮਾਨੇ ਕੀਤੇ ਗਏ।