ਦਸੰਬਰ ਨੂੰ ਰਿਲੀਜ਼ ਹੋਈ ਸ਼ਾਹਰੁਖ਼ ਖ਼ਾਨ ਦੀ ਫਿਲਮ ‘ਡੰਕੀ’ ਪੰਜਾਬ ਅਤੇ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਇੱਛਾ ਨੂੰ ਸ਼ਿੱਦਤ ਨਾਲ ਪੇਸ਼ ਕਰਦੀ ਹੈ। ਇਹ ਇਕ ਹਕੀਕਤ ਹੈ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਯੂਰੋਪੀਅਨ ਦੇਸ਼ਾਂ ‘ਚ ਪੜ੍ਹਦੇ ਭਾਰਤੀਆਂ ‘ਚੋਂ ਵਧੇਰੇ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੀ ਹੁੰਦੀ ਹੈ।
ਅਮੀਰ ਘਰਾਂ ਦੇ ਜਿਹੜੇ ਪੜ੍ਹੇ–ਲਿਖੇ ਬੱਚੇ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਔਕੜਾਂ ਨਹੀਂ ਆਉਂਦੀਆਂ। ਪਰ ਜਿਹੜੇ ਅਮੀਰ ਤੇ ਬਹੁਤੇ ਪੜ੍ਹੇ–ਲਿਖੇ ਨਹੀਂ ਹੁੰਦੇ, ਦੁਸ਼ਵਾਰੀਆਂ ਤੇ ਦੁੱਖ–ਤਕਲੀਫ਼ਾਂ ਦਾ ਸਾਹਮਣਾ ਤਾਂ ਉਨ੍ਹਾਂ ਨੂੰ ਹੀ ਕਰਨਾ ਪੈਂਦਾ ਹੈ। ਉਨ੍ਹਾਂ ਲਈ ਕਿਉਂਕਿ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਫ਼ਨਾ ਸਾਕਾਰ ਕਰਨਾ ਸੰਭਵ ਨਹੀਂ ਹੁੰਦਾ, ਇਸੇ ਲਈ ਅਣ–ਰਜਿਸਟਰਡ ਟਰੈਵਲ ਤੇ ਇਮੀਗ੍ਰੇਸ਼ਨ ਏਜੰਟ ਉਨ੍ਹਾਂ ਨੂੰ ‘ਡੌਂਕੀ ਫ਼ਲਾਈਟਸ’ ਰਾਹੀਂ ਵਿਦੇਸ਼ ਪਹੁੰਚਾਉਂਦੇ ਹਨ। ਆਮ ਬੋਲ–ਚਾਲ ਅਤੇ ਦੇਸੀ ਭਾਸ਼ਾ ‘ਚ ਇਸ ਨੂੰ ‘ਡੰਕੀ ਮਾਰਨਾ’ ਆਖਿਆ ਜਾਂਦਾ ਹੈ। ਬਹੁਤੇ ਪੰਜਾਬੀ ਨੌਜਵਾਨ ਇਸੇ ਪ੍ਰਕਿਰਿਆ ਰਾਹੀਂ ਅਨੇਕ ਦੁੱਖ–ਤਕਲੀਫ਼ਾਂ ਝੱਲਦੇ ਹੋਏ ਕਿਵੇਂ ਨਾ ਕਿਵੇਂ ਵੱਖੋ–ਵੱਖਰੇ ਦੇਸ਼ਾਂ ਦੀਆਂ ਸਰਹੱਦਾਂ, ਦਰਿਆਵਾਂ, ਮਹਾਸਾਗਰਾਂ, ਜੰਗਲ–ਬੇਲੇ ਪਾਰ ਕਰਦੇ ਹਨ। ਉਨ੍ਹਾਂ ਨੂੰ ਕੰਡਿਆਂ ‘ਤੇ ਵੀ ਤੁਰਨਾ ਪੈਂਦਾ ਹੈ। ਕਈ–ਕਈ ਰਾਤਾਂ ਸੌਣਾ ਨਸੀਬ ਨਹੀਂ ਹੁੰਦਾ। ਬਹੁਤ ਵਾਰ ਉਹ ਲਾਲਚੀ ਤੇ ਰਿਸ਼ਵਤਖੋਰ ਪੁਲਿਸ ਮੁਲਾਜ਼ਮਾਂ ਦੇ ਢਹੇ ਵੀ ਚੜ੍ਹ ਜਾਂਦੇ ਹਨ। ਇਹੋ ਸਾਰੇ ਬਿਖੜੇ ਪੈਂਡੇ ਇਕ–ਇਕ ਕਰ ਕੇ ਇਸ ਫ਼ਿਲਮ ‘ਚ ਦਰਸਾਏ ਗਏ ਹਨ। ਪੰਜਾਬ ਦੇ ਖ਼ਾਸ ਤੌਰ ‘ਤੇ ਦੋਆਬਾ ਇਲਾਕੇ ਵਿੱਚ ਨਜ਼ਰ ਆਉਣ ਵਾਲੀਆਂ ਜਹਾਜ਼ ਹਵੇਲੀਆਂ ਦੀ ਇਸ ਫ਼ਿਲਮ ‘ਚ ਭਰਮਾਰ ਵਿਖਾਈ ਗਈ ਹੈ।
ਅੰਤ ‘ਚ ਇਹ ਫ਼ਿਲਮ ਆਮ ਲੋਕਾਂ, ਖ਼ਾਸ ਤੌਰ ‘ਤੇ ਨੌਜਵਾਨਾਂ ਨੂੰ ਇਹੋ ਸੰਦੇਸ਼ ਦਿੰਦੀ ਹੈ ਕਿ ਜੇ ਉਹ ਗ਼ੈਰ–ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ, ਤਾਂ ਉਸ ਰਾਹ ਵਿਚ ਅਣਗਿਣਤ ਖ਼ਤਰੇ ਹਨ। ਉਨ੍ਹਾਂ ਸਾਰੇ ਖ਼ਤਰਿਆਂ ਤੋਂ ਇਹ ਫਿਲਮ ਸਾਵਧਾਨ ਕਰਦੀ ਹੈ। ਇਸ ਫਿਲਮ ‘ਚ ਨਾਲੋ–ਨਾਲ ਹਾਸਾ–ਠੱਠਾ ਵੀ ਚੱਲਦਾ ਹੈ, ਜੋ ਦਰਸ਼ਕਾਂ ਨੂੰ ਲਗਾਤਾਰ ਜੋੜ ਕੇ ਰੱਖਦਾ ਹੈ। ਪੰਜਾਬ ਦੇ ਇਕ
ਪਿੰਡ ਦੇ ਥੋੜ੍ਹੇ ਘੱਟ ਪੜ੍ਹੇ ਨੌਜਵਾਨ ਜਦੋਂ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਫ਼ਿਲਮਸਾਜ਼ ਨੇ ਉਸ ਸਥਿਤੀ ‘ਚੋਂ ਹਾਸਾ ਉਪਜਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਅੰਗਰੇਜ਼ੀ ਭਾਸ਼ਾ ਸਿੱਖਣ ਦੇ ਦ੍ਰਿਸ਼ ਲੋੜ ਤੋਂ ਕੁਝ ਵਧੇਰੇ ਲੰਮੇਰੇ ਖਿੱਚੇ ਜਾਪਦੇ ਹਨ ਪਰ ਫਿਰ ਵੀ ਦਰਸ਼ਕਾਂ ਲਈ ਝੱਲਣਯੋਗ ਹਨ। ਇਸੇ ਦੌਰਾਨ ਜਦੋਂ ਫ਼ੌਜੀ ਹਰਦਿਆਲ ਸਿੰਘ ਢਿਲੋਂ ਉਰਫ਼ ਹਾਰਡੀ (ਇਹ ਮੁੱਖ ਕਿਰਦਾਰ ਸ਼ਾਹਰੁਖ਼ ਖ਼ਾਨ ਨੇ ਨਿਭਾਇਆ ਹੈ) ਅੰਗਰੇਜ਼ੀ ‘ਚ ਆਪਣਾ ਭਾਸ਼ਣ ਦਿੰਦਾ ਹੈ, ਤਾਂ ਉਹ ਦ੍ਰਿਸ਼ ਅਮਿਤਾਭ ਬੱਚਨ ਦੀ ਫਿਲਮ ‘ਨਮਕ ਹਲਾਲ’ ਦੀ ਸਿੱਧੀ ਨਕਲ ਜਾਪਦਾ ਹੈ। ਅਮਿਤਾਭ ਨੇ ਉਹ ਲੰਮਾ ਸੰਵਾਦ ‘ਆਈ ਕੈਨ ਟਾਕ ਇੰਗਲਿਸ਼, ਆਈ ਕੈਨ ਵਾਕ ਇੰਗਲਿਸ਼…’ ਤੋਂ ਸ਼ੁਰੂ ਕੀਤਾ ਸੀ। ਸ਼ਾਹਰੁਖ਼ ਦੀ ਪੇਸ਼ਕਾਰੀ ਅਮਿਤਾਭ ਦੇ ਮੁਕਾਬਲੇ ਪੱਛੜਦੀ ਦਿਸਦੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਇਹ ਵੀ ਦੱਸਦੀ ਹੈ ਕਿ ‘ਡੰਕੀ ਮਾਰ’ ਕੇ ਜੇ ਖ਼ੁਸ਼ਕਿਸਮਤੀ ਨਾਲ ਕੋਈ ਆਪਣੇ ਟੀਚਾਗਤ ਦੇਸ਼ ‘ਚ ਪੁੱਜ ਜਾਵੇ, ਤਾਂ ਕਿਹੜੇ–ਕਿਹੜੇ ਤਰੀਕਿਆਂ ਨਾਲ ਉੱਸ ਦੇਸ਼ ‘ਚ ਰਹਿਣ ਦੀ ਕਾਨੂੰਨੀ ਚਾਰਾਜੋਈ ਕੀਤੀ ਜਾ ਸਕਦੀ ਹੈ। ਇਸੇ ਵਿਸ਼ੇ ‘ਤੇ ਰਾਕੇਸ਼ ਧਵਨ ਦੀ ਹਦਾਇਤਕਾਰੀ ਅਧੀਨ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਪਿਛਲੇ ਵਰ੍ਹੇ 25 ਫ਼ਰਵਰੀ ਨੂੰ ਰਿਲੀਜ਼ ਹੋਈ ਸੀ। ਇਸ ਵਿੱਚ ਮੁੱਖ ਭੂਮਿਕਾ ਹਰਮਨਪਿਆਰੇ ਅਦਾਕਾਰ ਐਮੀ ਵਿਰਕ ਨੇ ਨਿਭਾਈ ਸੀ। ਉਹ ਫ਼ਿਲਮ ਬਹੁਤੀ ਚੱਲ ਨਹੀਂ ਸਕੀ ਸੀ। ਇਸ ਦੇ ਮੁਕਾਬਲੇ ਫ਼ਿਲਮ ‘ਡੰਕੀ’ ‘ਚ ਕਿਉਂਕਿ ਸ਼ਾਹਰੁਖ਼ ਖ਼ਾਨ, ਤਾਪਸੀ ਪਨੂੰ (ਜਿਸ ਨੇ ਮਨੂੰ ਬਸੰਤ ਰੰਧਾਵਾ ਦਾ ਕਿਰਦਾਰ ਨਿਭਾਇਆ ਹੈ), ਵਿੱਕੀ ਕੌਸ਼ਲ (ਸੁੱਖੀ ਮੰਗਲ), ਬੋਮਨ ਈਰਾਨੀ (ਗੀਤੂ ਗੁਲਾਟੀ) ਜਿਹੇ ਸੀਨੀਅਰ ਅਤੇ ਤਜਰਬੇਕਾਰ ਕਲਾਕਾਰ ਹਨ ਅਤੇ ਗੁਰਪ੍ਰੀਤ ਘੁੱਗੀ ਨੇ ਵੀ ਇਸ ‘ਚ ਮਹਿਮਾਨ ਭੂਮਿਕਾ ਨਿਭਾਈ ਹੈ; ਇਸੇ ਲਈ ਇਸ ਫਿਲਮ ਦਾ ਵਧੇਰੇ ਡੰਕਾ ਵੱਜਣਾ ਸੁਭਾਵਕ ਹੈ। ਪੰਜਾਬੀਆਂ ਨੂੰ ਯਕੀਨੀ ਤੌਰ ‘ਤੇ ਇਹ ਫਿਲਮ ਬੇਹੱਦ ਪਸੰਦ ਆ ਰਹੀ ਹੈ। ਇਸ ਕਾਰਣ ਇਸ ਦੇ ਹਿੱਟ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ। ਸਾਰੇ ਕਲਾਕਾਰਾਂ ਨੇ ਆਪੋ–ਆਪਣੀਆਂ ਭੂਮਿਕਾਵਾਂ ਨਾਲ ਇਨਸਾਫ਼ ਕੀਤਾ ਹੈ। ਸ਼ਾਹਰੁਖ਼ ਨੇ ਨਿਸ਼ਚਤ ਤੌਰ ‘ਤੇ ਆਪਣਾ ਸ਼ਤ–ਪ੍ਰਤੀਸ਼ਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ ਦੇ ਜ਼ਿਆਦਾਤਰ ਦ੍ਰਿਸ਼ ਹੰਗਰੀ ਦੇਸ਼ ਦੀ ਰਾਜਧਾਨੀ ਬੁਡਾਪੈਸਟ, ਇੰਗਲੈਂਡ ਦੀ ਰਾਜਧਾਨੀ ਲੰਦਨ, ਸਾਊਦੀ ਅਰਬ ਦੇ ਜੱਦਾਹ, ਨਿਓਮ ‘ਚ ਫ਼ਿਲਮਾਏ ਗਏ ਹਨ। ਦੇਸ਼ ‘ਚ ਇਸ ਦੀ ਸ਼ੂਟਿੰਗ ਲਈ ਮੁੰਬਈ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਨਾਲ–ਨਾਲ, ਪੈਂਪੋਰ, ਸੋਨਮਰਗ ਜਿਹੀਆਂ ਲੋਕੇਸ਼ਨਾਂ ਨੂੰ ਚੁਣਿਆ ਗਿਆ ਸੀ।
ਇਸ ਫਿਲਮ ਦਾ ਨਿਰਮਾਣ 120 ਕਰੋੜ ‘ਚ ਹੋਇਆ ਹੈ ਤੇ ਪਹਿਲੇ ਦਿਨ ਇਸ ਫ਼ਿਲਮ ਨੇ 30 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ; ਜਿਸ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਜਿੱਥੇ ਆਪਣਾ ਸਾਰਾ ਖ਼ਰਚਾ ਵੀ ਪੂਰਾ ਕਰ ਲਵੇਗੀ, ਉੱਥੇ ਇਹ ਚੋਖੀ ਕਮਾਈ ਵੀ ਕਰ ਸਕਦੀ ਹੈ। ਫਿਲਮ ‘ਡੰਕੀ’ ਦੇ ਨਿਰਮਾਤਾ ਗੌਰੀ ਖ਼ਾਨ, ਰਾਜਕੁਮਾਰ ਹਿਰਾਨੀ ਤੇ ਜਿਓਤੀ ਦੇਸ਼ਪਾਂਡੇ ਹਨ ਅਤੇ ਨਿਰਦੇਸ਼ਨ ਵੀ ਹਿਰਾਨੀ ਦਾ ਹੀ ਹੈ। ਇਸ ਨੂੰ ਪੰਜ ‘ਚੋਂ ਤਿੰਨ–ਸਟਾਰ ਤਾਂ ਦਿੱਤੇ ਹੀ ਜਾ ਸਕਦੇ ਹਨ; ਭਾਵ ਇਹ ਫ਼ਿਲਮ ਔਸਤ ਤੋਂ ਜ਼ਿਆਦਾ ਵਧੀਆ ਹੈ ਪਰ ਇਸ ਨੂੰ ‘ਬਹੁਤ ਜ਼ਿਆਦਾ ਵਧੀਆ’ ਦੀ ਸ਼੍ਰੇਣੀ ‘ਚ ਨਹੀਂ ਰੱਖਿਆ ਜਾ ਸਕਦਾ।
– ਮਹਿਤਾਬ–ਉਦ–ਦੀਨ


