ਐੱਸਪੀ ਜੋਸ਼ੀ, ਲੁਧਿਆਣਾ
ਪੰਜਾਬ ਦੇ ਪਾਣੀਆਂ ਸਮੇਤ ਅਹਿਮ ਮੁੱਦਿਆਂ ਉੱਪਰ ਖੁੱਲ੍ਹੀ ਚਰਚਾ ਲਈ ਮਹਾਨਗਰ ਦੇ ਖੇਤੀਬਾੜੀ ਯੂਨੀਵਰਸਿਟੀ ਵਿਚ ਕਰਵਾਈ ਜਾਣ ਵਾਲੀ ਸਿਆਸੀ ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਡੀਟੋਰੀਅਮ ਦੇ ਆਸਪਾਸ ਵੱਡੀ ਗਿਣਤੀ ਵਿਚ ਪੁਲਿਸ ਅਤੇ ਪ੍ਰਸ਼ਾਸਨਕ ਕਰਮਚਾਰੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ‘ਆਪ’ ਦੀ ਸਰਕਾਰ ਬਣਣ ਮਗਰੋਂ ਕਰਵਾਈ ਜਾ ਰਹੀ ਇਸ ਸਿਆਸੀ ਡਿਬੇਟ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਦਲਾਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੀ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਇਕ ਨਜਦੀਕ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਹਾਲ ‘ਚ ਹੋਣ ਵਾਲੀ ਡਿਬੇਟ ਵਿਚ ਹਿੱਸਾ ਲੈਣ ਵਾਲਿਆਂ ਦੀ ਜਾਨ ਮਾਲ ਦੀ ਰਾਖੀ ਲਈ ਪੁਲਿਸ ਵੱਲੋਂ ਪੰਜ ਤੋਂ ਛੇ ਪਰਤਾਂ ਦਾ ਸੁਰੱਖਿਆ ਘੇਰਾ ਤਿਆਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਆਡੀਟੋਰੀਅਮ ਵਿਚ 1 ਹਜਾਰ ਦੇ ਕਰੀਬ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਸਵੇਰ ਤੋਂ ਹੀ ਸੁਰੱਖਿਆ ਪ੍ਰਬੰਧ ਵਾਚਣ ਲਈ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਕਮਾਂਡ ਸਾਂਭੀ ਹੋਈ ਹੈ। ਡਿਬੇਟ ਹਾਲ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਵਿਰੋਧੀ ਰਾਜਨੀਤਿਕ ਦਲਾਂ ਵੱਲੋਂ ਸਵਾਲੀਆ ਨਿਸ਼ਾਨ ਚੁੱਕੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਵੀਆਈਪੀ ਢੰਗ ਨਾਲ ਡਿਬੇਟ ਕਰਵਾਉਣ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਪਹਿਲਾਂ ਹੀ ਸਿਆਸੀ ਬਿਆਨ ਦਾਗੇ ਜਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਦਾਖ਼ਲ ਹੋਣ ਵਾਲੇ ਹਰ ਇਕ ਗੇਟ ਉਪਰ ਪੀਏਯੂ ਮੁਲਾਜ਼ਮਾਂ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਵੱਲੋਂ ਵੀ ਆਉਣ ਜਾਣ ਵਾਲੀਆਂ ਗੱਡੀਆਂ, ਦੋਪਹੀਆ ਵਾਹਨਾਂ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਡਿਬੇਟ ਹਾਲ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਸਥਾਪਿਤ ਕਰ ਕੇ ਹਰ ਆਉਣ ਜਾਣ ਵਾਲੇ ਉੱਪਰ ਨਜ਼ਰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਦੇ ਨਾਲ-ਨਾਲ ਲਾਗਲੇ ਜ਼ਿਲਿ੍ਹਆਂ ਤੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਆਡੀਟੋਰੀਅਮ ਹਾਲ ਦੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ ਹੈ।
ਦੇਰ ਸ਼ਾਮ ਤੋਂ ਇਲਾਕੇ ਦੇ ਆਸਪਾਸ ਹੋਈ ਨਾਕਾਬੰਦੀ
ਮੈਂ ਪੰਜਾਬ ਬੋਲਦਾ ਹਾਂ ਡਿਬੇਟ ਵਿਚ ਲੋਕਾਂ ਦੀ ਵੱਡੀ ਹਾਜ਼ਰੀ ਦੀ ਉਮੀਦ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਸੁਰੱਖਿਆ ਦੀ ਕਮਾਂਡ ਆਪ ਸਾਂਭੀ ਹੋਈ ਹੈ। ਮਹਾਨਗਰ ਵਿਚ ਦਾਖ਼ਲ ਹੋਣ ਵਾਲੇ ਪ੍ਰਮੁੱਖ ਮਾਰਗਾਂ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲ ਜਾਣ ਵਾਲੇ ਰਸਤਿਆਂ ‘ਤੇ ਥਾਂ-ਥਾਂ ਨਾਕਾ ਬੰਦੀਆਂ ਕਰ ਦਿੱਤੀਆਂ ਗਈਆਂ। ਸੈਂਟਰ ਵਿਚ ਆਉਣ ਲਈ ਪੀਏਯੂ ਦੇ ਚਾਰ ਗੇਟ ਖੋਲੇ੍ਹ ਜਾਣਗੇ, ਜਿੱਥੇ ਪੂਰੀ ਸੁਰੱਖਿਆ ਚੈਕਿੰਗ ਮਗਰੋਂ ਹਾਲ ‘ਚ ਜਾਣ ਦੀ ਆਗਿਆ ਮਿਲੇਗੀ।


