ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ
ਐੱਸਵਾਈਐੱਲ ਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਿਸ ਡਿਬੇਟ ਦੀ ਪੰਜਾਬ ਦੇ ਲੋਕਾਂ ਤੇ ਸਿਆਸੀ ਪਾਰਟੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਉਹ ਇਕ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ‘ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਵਾਲਾਂ ਦੇ ਘੇਰੇ ‘ਚ ਲੈਣਗੀਆਂ ਉੱਥੇ ਸਰਕਾਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਨਾਲ-ਨਾਲ ਆਪਣੀਆਂ ਪ੍ਰਰਾਪਤੀਆਂ ਨੂੰ ਵੀ ਗਿਣਾਏਗੀ। ਪੀਏਯੂ ਦਾ ਦੌਰਾ ਕਰਨ ‘ਤੇ ਵੇਖਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਡਿਬੇਟ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੰਗਲਵਾਰ ਨੂੰ ਸਾਰਾ ਦਿਨ ਸਫ਼ਾਈ ਮੁਹਿੰਮ ਵੀ ਚੱਲਦੀ ਰਹੀ। ਜ਼ਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ 1200 ਦੇ ਕਰੀਬ ਕੁਰਸੀਆਂ ਹਨ, ਲੋੜ ਪੈਣ ‘ਤੇ ਅਲੱਗ ਤੋਂ ਵੀ ਕੁਰਸੀਆਂ ਲਗਾਈਆਂ ਜਾ ਸਕਦੀਆਂ ਹਨ।
ਸੂਤਰਾਂ ਅਨੁਸਾਰ ਜਿਸ ਪਾਰਟੀਆਂ ਕੋਲ ਸਭ ਤੋਂ ਘੱਟ ਸੀਟਾਂ ਹਨ ਉਸ ਨੂੰ ਪਹਿਲਾਂ ਮੰਚ ‘ਤੇ ਆਉਣ ਅਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲੇਗਾ ਭਾਵ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਆਪਣੀ ਗੱਲ ਰੱਖੇਗਾ। ਬੇਸ਼ੱਕ ਸ਼ੋ੍ਮਣੀ ਅਕਾਲੀ ਦਲ ਨੇ ਇਸ ਡਿਬੇਟ ਵਿਚ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੋਇਆ ਹੈ ਪਰ ਦੂਸਰੇ ਨੰਬਰ ਉਸ ਦਾ ਆਉਂਦਾ ਹੈ, ਫਿਰ ਕਾਂਗਰਸ ਦੀ ਵਾਰੀ ਆਵੇਗੀ ਜਦ ਕਿ 92 ਸੀਟਾਂ ਵਾਲੀ ਵੱਡੀ ਆਮ ਆਦਮੀ ਪਾਰਟੀ ਅਖ਼ੀਰ ‘ਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰਨਗੇ। ਮੰਚ ਸੰਚਾਲਨ ਨਿਰਦੇਸ਼ਕ ਵਿਦਿਆਰਥੀ ਭਲਾਈ ਪੀਏਯੂ ਡਾ. ਨਿਰਮਲ ਸਿੰਘ ਜੌੜਾ ਕਰਨਗੇ ਜਿਸ ਦੀ ਪੁਸ਼ਟੀ ਉਨ੍ਹਾਂ ਵੱਲੋਂ ਵੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜੌੜਾ ਵੱਲੋਂ ਕੀਤੇ ਜਾ ਰਹੇ ਮੰਚ ਸੰਚਾਲਨ ਨੂੰ ਲੈ ਕੇ ਵੀ ਵਿਵਾਦ ਚੱਲਦਾ ਰਿਹਾ।
ਮੰਗਲਵਾਰ ਨੂੰ ਬਣਾਈ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੀਏਯੂ ਦੇ ਗੇਟ ਨੰਬਰ ਤਿੰਨ ਨੂੰ ਜਾਂਦੀ ਸੜਕ
ਪੰਜਾਬੀ ਜਾਗਰਣ ਵੱਲੋਂ ਮੰਗਲਵਾਰ ਨੂੰ ਡਿਬੇਟ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਵੇਖਣ ਲਈ ਜਦੋਂ ਪੀਏਯੂ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਜਿੱਥੇ ਇਕ ਪਾਸੇ ਪੀਏਯੂ ਦੇ ਅੰਦਰ ਸਫ਼ਾਈ ਮੁਹਿੰਮ ਅਤੇ ਹੋਰ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੀਏਯੂ ਦੇ ਗੇਟ ਨੰਬਰ ਤਿੰਨ ਨੂੰ ਜਾਂਦੀ ਸੜਕ ਨੂੰ ਵੀ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ। ਸੜਕ ਬਣਨ ‘ਤੇ ਖ਼ੁਸ਼ ਨਜ਼ਰ ਆ ਰਹੇ ਕਈ ਦੁਕਾਨਦਾਰਾਂ ਨੇ ਕਿਹਾ ਕਿ ਫੈਸਟੀਵਲ ਸੀਜ਼ਨ ਹੋਣ ਕਾਰਨ ਗਾਹਕੀ ਵਧੇਗੀ ਅਤੇ ਉਹਨਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ।
ਕੁਝ ਵਿਦਿਆਰਥੀ ਜਥੇਬੰਦੀਆਂ ਕਰ ਸਕਦੀਆਂ ਹਨ ਰੋਸ ਪ੍ਰਦਰਸ਼ਨ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਾਂ ਨੂੰ ਲੈ ਕੇ ਕਈ ਵਿਦਿਆਰਥੀ ਜੱਥੇਬੇਦੀਆਂ ਰੋਸ ਪ੍ਰਦਰਸ਼ਨ ਕਰ ਸਕਦੀਆਂ ਹਨ। ਜਿਕਰਯੋਗ ਹੈ ਕਿ ਖੇਤੀਬਾੜੀ ਐਸੋਸੀਏਸ਼ਨ ਪੰਜਾਬ ਦੇ ਆਗੂ ਕਈ ਦਿਨਾਂ ਤੋਂ ਮੰਗ ਕਰ ਰਹੇ ਸਨ ਕਿ ਉਨਾਂ੍ਹ ਨੂੰ ਵੀ ਡਿਬੇਟ ਦਾ ਹਿੱਸਾ ਬਣਾਇਆ ਜਾਵੇ। ਮੰਗਾਂ ਨੂੰ ਲੈ ਕੇ ਐਸੋ.ਵੱਲੋਂ 26 ਅਕਤੂਬਰ ਨੂੰ ਡਾ.ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਪੋਲ ਖੋਲ ਰੈਲੀ ਵੀ ਕੀਤੀ ਗਈ ਸੀ।



