ਗਯਾ: ਬਿਹਾਰ ਦੇ ਦਸ਼ਰਥ ਮਾਂਝੀ ਬਾਰੇ ਤਾਂ ਤਕਰੀਬਨ ਸਾਰੇ ਹੀ ਜਾਣਦੇ ਹਨ ਜਿਸ ਨੇ ਅਪਣੀ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪਹਾੜ ਨੂੰ ਵਿਚਾਲਿਓ ਕੱਟ ਕੇ ਰਸਤਾ ਬਣਾ ਦਿਤਾ ਸੀ। ਬਿਹਾਰ ਦੇ ਹੀ ਗਯਾ ਜ਼ਿਲ੍ਹੇ ‘ਚ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਨੇ ਅਪਣੇ ਪਿੰਡ ਦੇ ਖੇਤਾਂ ‘ਚ ਪਾਣੀ ਪਹੁੰਚਾਉੁਣ ਲਈ ਇੱਕਲੇ ਨੇ ਹੀ ਤਿੰਨ ਕਿਲੋਮੀਟਰ ਲੰਬੀ ਨਹਿਰ ਪੁਟ ਸੁੱਟੀ ਹੈ।ਇਰਾਦੇ ਤੇ ਮਿਹਨਤ ਨੂੰ ਸਲਾਮ: ਬਜ਼ੁਰਗ ਨੇ 30 ਸਾਲਾਂ ‘ਚ ਪੁੱਟ ਦਿਤੀ 3 ਕਿਲੋਮੀਟਰ ਲੰਮੀ ਨਹਿਰ! ਉਸ ਨੇ ਇਹ ਕਦਮ ਨੇੜਲੀਆਂ ਪਹਾੜੀਆਂ ਤੋਂ ਮੀਂਹ ਦੇ ਪਾਣੀ ਨੂੰ ਅਪਣੇ ਪਿੰਡ ਕੋਠੀਲਾਵਾ, ਲਹਿਥੂਆ ਖੇਤਰ ਵਿਚ ਲਿਆਉਣ ਲਈ ਚੁਕਿਆ ਸੀ। 70 ਸਾਲਾਂ ਲੌਂਗੀ ਭੁਈਆ ਨੇ ਅਪਣੀ ਸਖ਼ਤ ਮਿਹਨਤ ਸਦਕਾ ਪਿੰਡਾਂ ਦੇ ਸੈਂਕੜੇ ਲੋਕਾਂ ਦੀ ਪਾਣੀ ਸਬੰਧੀ ਮੁਸ਼ਕਲਾਂ ਨੂੰ ਦੂਰ ਕਰ ਦਿਤਾ ਹੈ। 3 ਕਿਲੋਮੀਟਰ ਲੰਮੀ ਨਹਿਰ ਨੂੰ ਇਕੱਲਿਆਂ ਹੀ ਪੁੱਟਣ ਵਾਲੇ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਇਸ ਨਹਿਰ ਨੂੰ ਪੁੱਟਣ ਵਿਚ ਮੈਨੂੰ 30 ਸਾਲ ਦਾ ਸਮਾਂ ਲੱਗ ਗਿਆ ਹੈ।ਬਜ਼ੁਰਗ ਮੁਤਾਬਕ ਇਸ ਮਿਹਨਤ ਨੂੰ ਬੂਰ ਪੈ ਗਿਆ ਹੈ, ਹੁਣ ਪਹਾੜਾਂ ‘ਚ ਬਾਰਿਸ਼ ਪੈਣ ਬਾਅਦ ਇਕੱਠਾ ਹੋਣ ਵਾਲਾ ਪਾਣੀ ਇਸ ਨਹਿਰ ਰਾਹੀਂ ਪਿੰਡ ਦੇ ਛੱਪੜ ‘ਚ ਜਮ੍ਹਾ ਹੋ ਜਾਂਦਾ ਹੈ, ਜਿਸ ਨੂੰ ਖੇਤੀ ਤੋਂ ਇਲਾਵਾ ਹੋਰ ਜ਼ਰੂਰਤਾਂ ਲਈ ਵਰਤਿਆ ਜਾਂਦਾ ਹੈ।ਬਜ਼ੁਰਗ ਮੁਤਾਬਕ ਪਿਛਲੇ 30 ਸਾਲਾਂ ਤੋਂ, ਮੈਂ ਅਪਣੇ ਪਸ਼ੂਆਂ ਨੂੰ ਚਾਰਣ ਅਤੇ ਨਹਿਰ ਦੀ ਖੁਦਾਈ ਲਈ ਨੇੜਲੇ ਜੰਗਲ ਵਿਚ ਜਾਂਦਾ ਰਿਹਾ ਹਾਂ। ਇਸ ਕੰਮ ‘ਚ ਉਹ ਇਕੱਲਾ ਹੀ ਲੱਗਾ ਰਿਹਾ। ਇਸ ਦੌਰਾਨ ਉਸ ਦਾ ਭਾਵੇਂ ਕਿਸੇ ਨੇ ਵੀ ਸਾਥ ਨਹੀਂ ਦਿਤਾ ਪਰ ਉਹ ਅਪਣੀ ਲੈਅ ‘ਚ ਮਿਹਨਤ ਕਰਦਾ ਰਿਹਾ। ਉਸ ਨੇ ਕਿਹਾ ਕਿ ਬਹੁਤੇ ਪਿੰਡ ਵਾਸੀ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਕੂਚ ਰਹੇ ਸਨ ਪਰ ਮੈਂ ਇੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ।ਕੋਠੀਲਵਾ ਪਿੰਡ ਗਯਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਸੰਘਣੇ ਜੰਗਲ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ਨੂੰ ਮਾਓਵਾਦੀਆਂ ਦੀ ਪਨਾਹ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦੇ ਮੁੱਖ ਸਾਧਨ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ। ਬਰਸਾਤ ਦੇ ਮੌਸਮ ਵਿਚ, ਪਹਾੜਾਂ ਤੋਂ ਡਿੱਗਦਾ ਪਾਣੀ ਨਦੀ ਵਿਚ ਵਹਿ ਜਾਂਦਾ ਸੀ ਜੋ ਉਸ ਨੂੰ ਪ੍ਰੇਸ਼ਾਨ ਕਰਦਾ ਸੀ।ਇਸ ਤੋਂ ਬਾਅਦ ਉਸ ਦੇ ਦਿਮਾਗ਼ ‘ਚ ਇਸ ਅਜਾਈ ਜਾ ਰਹੇ ਪਾਣੀ ਨੂੰ ਨਹਿਰ ਜ਼ਰੀਏ ਪਿੰਡ ਦੇ ਛੱਪਣ ਤਕ ਪਹੁੰਚਾਉਣ ਦਾ ਖਿਆਲ ਆਇਆ। ਉਸ ਨੇ ਅਪਣੇ ਫੁਰਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕੱਲੇ ਹੀ ਮਿਹਨਤ ਕਰਨੀ ਸ਼ੁਰੂ ਕਰ ਦਿਤੀ। ਹੋਲੀ ਹੋਲੀ ਉਹ ਅਪਣੇ ਡੰਗਰਾ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਨਹਿਰ ਪੁੱਟਣ ਦਾ ਕੰਮ ਕਰਦਾ ਰਿਹਾ। ਅਖ਼ੀਰ 30 ਸਾਲਾਂ ਦੇ ਲੰਮੇ ਅਰਸੇ ਬਾਅਦ ਉਹ ਪਹਾੜਾਂ ਦੇ ਪਾਣੀ ਨੂੰ ਪਿੰਡ ਦੇ ਛੱਪੜ ਤਕ ਲਿਆਉਣ ‘ਚ ਕਾਮਯਾਬ ਹੋ ਗਿਆ ਹੈ।