ਡਿਜੀਟਲ ਡੈਸਕ, ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਬਨਾਮ ਦੱਖਣ ਦੀ ਚੰਗਿਆੜੀ ਨੂੰ ਹਵਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੜੀ ‘ਚ ਹੁਣ ਨਵਾਂ ਨਾਂ ਡੀਐੱਮਕੇ ਨੇਤਾ ਦਇਆਨਿਧੀ ਮਾਰਨ ਦਾ ਜੁੜ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਕਥਿਤ ਤੌਰ ‘ਤੇ ਯੂਪੀ ਅਤੇ ਬਿਹਾਰ ਦੇ ਲੋਕਾਂ ਲਈ ਕਿਹਾ ਕਿ ਉਹ ਤਾਮਿਲਨਾਡੂ ‘ਚ ਟਾਇਲਟ ਸਾਫ਼ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਇਸ ਵਿਵਾਦਿਤ ਬੋਲਾਂ ਤੋਂ ਬਾਅਦ ਭਾਜਪਾ ਆਗੂਆਂ ਨੇ ਇੰਡੀਆ ਗਠਜੋੜ ਦੇ ਮੁੱਖ ਰਣਨੀਤੀਕਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਵਾਲ ਕੀਤਾ ਹੈ।

ਭਾਜਪਾ ਨੇ ਵਿਰੋਧੀਆਂ ਤੋਂ ਪੁੱਛਿਆ ਸਵਾਲ

ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਇਕ ਵਾਰ ਫਿਰ ‘ਪਾੜੋ ਤੇ ਰਾਜ ਕਰੋ’ ਕਾਰਡ ਖੇਡਣ ਦਾ ਯਤਨ ਇੰਡੀਆ ਗਠਜੋੜ ਵੱਲੋਂ ਕੀਤਾ ਜਾ ਰਿਹਾ ਹੈ। ਪਹਿਲਾਂ ਰਾਹੁਲ ਗਾਂਧੀ ਨੇ ਉੱਤਰ ਪਭਾਰਤੀ ਵੋਟਰਾਂ ਦਾ ਅਪਮਾਨ ਕੀਤਾ। ਰੇਵੰਤ ਰੈਡੀ ਨੇ ਬਿਹਾਰ ਡੀਐੱਨਏ ਨੂੰ ਗਾਲੀ ਦਿੱਤੀ। ਡੀਐੱਮਕੇ ਸਾਂਸਦ ਸੇਂਥਿਲ ਕੁਮਾਰ ਨੇ ਕਿਹਾ, ”ਹਿੰਦੀ ਭਾਸ਼ੀ ਰਾਜਾਂ ਨੂੰ ਗੋਮੂਤਰ ਸਟੇਟ ਦੱਸਿਆ। ਹੁਣ ਦਇਆਨਿਧੀ ਮਾਰਨ ਹਿੰਦੀ ਭਾਸ਼ੀਆਂ ਅਤੇ ਉੱਤਰ ਦਾ ਅਪਮਾਨ ਕਰਦੇ ਹਨ। ਹਿੰਦੂਆਂ/ਸਨਾਤਨ ਨੂੰ ਗਾਲੀ ਦੇਣਾ, ਫਿਰ ਪਾੜੋ ਤੇ ਰਾਜ ਕਰੋ ਦਾ ਕਾਰਡ ਖੇਡਣਾ ਇੰਡੀਆ ਗਠਜੋੜ ਦਾ ਡੀਐੱਨਏ ਹੈ। ਕੀ ਨਿਤੀਸ਼ ਕੁਮਾਰ, ਤੇਜਸਵੀ ਯਾਦਵ, ਲਾਲੂ ਯਾਦਵ, ਕਾਂਗਰਸ, ਸਪਾ, ਅਖਿਲੇਸ਼ ਯਾਦਵ ਸਭ ਨਜ਼ਰਅੰਦਾਜ਼ ਕਰਨ ਦਾ ਦਿਖਾਵਾ ਕਰਨਗੇ। ਉਹ ਕਦੋਂ ਸਟੈਂਡ ਲੈਣਗੇ?”