ਨਵੀਂ ਦਿੱਲੀ (ਜੇਐੱਨਐੱਨ) : ਸੰਸਦ ਦੀ ਸੁਰੱਖਿਆ ’ਚ ਬੁੱਧਵਾਰ ਨੂੰ ਵੱਡੀ ਕੁਤਾਹੀ ਹੋਈ ਹੈ। ਦੋ ਜਣੇ ਦਰਸ਼ਕ ਗੈਲਰੀ ਤੋਂ ਲੋਕ ਸਭਾ ਹਾਲ ’ਚ ਕੁੱਦ ਗਏ ਸਨ। ਉਹ ਆਪਣੇ ਨਾਲ ਪੀਲਾ ਧੂੰਆਂ ਕੱਢਣ ਵਾਲਾ ਕਲਰ ਗੈਸ ਕਨਸਤਰ ਲੈ ਕੇ ਆਏ ਸਨ। ਸਦਨ ਵਿਚ ਪੀਲਾ ਧੂੰਆਂ ਫੈਲਣ ਨਾਲ ਦਹਿਸ਼ਤ ਮਚ ਗਈ। ਇਸ ਦੌਰਾਨ ਸੰਸਦ ਕੰਪਲੈਕਸ ਵਿਚ ਦੋ ਜਣਿਆਂ ਨੇ ਨਾਅਰੇਬਾਜ਼ੀ ਕੀਤੀ ਤੇ ਪੀਲਾ ਧੂੰਆਂ ਫੈਲਾਇਆ। ਇਨ੍ਹਾਂ ਲੋਕਾਂ ਨੇ ਵੀ ਉਸੇ ਤਰ੍ਹਾਂ ਦੇ ਡੱਬੇ ਦੀ ਵਰਤੋਂ ਕੀਤੀ।
——–
ਕੀ ਹੈ ਕਲਰ ਗੈਸ ਡੱਬਾ
ਸਮੋਕ ਕੈਨ ਜਾਂ ਸਮੋਕ ਬੰਬ ਰਿਟੇਲ ਮਾਰਕੀਟ ਵਿਚ ਉਪਲਬਧ ਹਨ। ਇਨ੍ਹਾਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਕੀਤੀ ਜਾਂਦੀ ਹੈ। ਫ਼ੌਜ ਤੋਂ ਲੈ ਕੇ ਆਮ ਨਾਗਰਿਕ ਤੱਕ ਇਨ੍ਹਾਂ ਦੀ ਵਰਤੋਂ ਕਰਦੇ ਹਨ। ਸਮੋਕ ਕੈਨ ਦੀ ਵਰਤੋਂ ਫੋਟੋਗ੍ਰਾਫ਼ੀ ’ਚ ਸਪੈਸ਼ਲ ਇਫੈਕਟ ਲਈ ਕੀਤੀ ਜਾਂਦੀ ਹੈ। ਸਮੋਕ ਗ੍ਰਨੇਡ ਤੋਂ ਗਾੜ੍ਹਾ ਧੂੰਆਂ ਨਿਕਲਦਾ ਹੈ। ਇਸ ਨਾਲ ਮੌਕੇ ’ਤੇ ਧੂੰਏ ਦਾ ਗ਼ੁਬਾਰ ਫੈਲ ਜਾਂਦਾ ਹੈ। ਇਸ ਦੀ ਵਰਤੋਂ ਫ਼ੌਜ ਤੇ ਸੁਰੱਖਿਆ ਏਜੰਸੀਆਂ ਕਰਦੀਆਂ ਹਨ।
———
ਦੁਸ਼ਮਣ ਤੋਂ ਬਚਣ ਲਈ ਫ਼ੌਜੀ ਕਰਦੇ ਹਨ ਵਰਤੋਂ
ਜਦੋਂ ਜੰਗ ਚੱਲ ਰਹੀ ਹੁੰਦੀ ਹੈ ਤਾਂ ਫ਼ੌਜੀ, ਧੂੰਏਂ ਦਾ ਕਵਰ ਫੈਲਾ ਕੇ ਦੁਸ਼ਮਣ ਦੀ ਨਜ਼ਰ ਤੋਂ ਬੱਚ ਜਾਂਦੇ ਹਨ। ਟੈਂਕ ਵੀ ਆਪਣੀ ਲੋਕੇਸ਼ਨ ਲੁਕਾਉਣ ਲਈ ਜਾਂ ਸੰਕੇਤ ਦੇਣ ਲਈ ਧੂੁੰਏਂ ਦੀ ਵਰਤੋਂ ਕਰਦੇ ਹਨ। ਧੂਏਂ ਦੀ ਵਰਤੋਂ ਹਵਾਈ ਹਮਲੇ ਲਈ ਸਹੀ ਲੋਕੇਸ਼ਨ ਦੱਸਣ, ਫ਼ੌਜੀਆਂ ਨੂੰ ਹਵਾ ਤੋਂ ਜ਼ਮੀਨ ’ਤੇ ਉਤਰਣ ਦੀ ਥਾਂ ਦੱਸਣ ਤੇ ਦੂਜੇ ਮਿਸ਼ਨ ’ਚ ਹੁੰਦੀ ਹੈ। ਫੋਟੋਗ੍ਰਾਫ਼ੀ ’ਚ ਅਸਰ ਤੇ ਭਰਮ ਪੈਦਾ ਕਰਨ ਲਈ ਧੂੰਏਂ ਦੀ ਵਰਤੋਂ ਕੀਤੀ ਜਾਂਦੀ ਹੈ। ਖੇਡਾਂ ਵਿਚ ਖਾਸ ਤੌਰ ’ਤੇ ਫੁੱਟਬਾਲ ’ਚ ਪ੍ਰਸ਼ੰਸਕ ਆਪਣੇ ਕਲੱਬ ਦਾ ਰੰਗ ਦਿਖਾਉਣ ਲਈ ਸਮੋਕ ਕੈਨ ਦੀ ਵਰਤੋਂ ਕਰਦੇ ਹਨ।


