ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਵਿੱਚੋਂ ਪਹਿਲਾ ਹੈ, ਜੋ ਨਵੇਂ ਕਮਿਊਨਿਟੀ ਹਰੇ-ਭਰੇ ਸਥਾਨਾਂ ਵਿੱਚ $7.9 ਮਿਲੀਅਨ ਦੇ ਨਿਵੇਸ਼ ਨੂੰ ਦਰਸਾਉਂਦੇ ਹਨ। ਨਿਊਟਨ ਅਤੇ ਗਿਲਡਫੋਰਡ ਵਿੱਚ ਸਥਿਤ ਇਹ ਨਵੇਂ ਪਾਰਕ ਨਿਵਾਸੀਆਂ ਲਈ ਆਸਾਨ ਪਹੁੰਚ ਵਾਲੇ ਬਾਹਰੀ ਸਥਾਨ ਮੁਹੱਈਆ ਕਰਵਾਉਣਗੇ, ਜਿੱਥੇ ਵਸਨੀਕ ਘਰ ਦੇ ਨੇੜੇ ਆਰਾਮ ਕਰ ਸਕਣ, ਖੇਡ ਸਕਣ, ਇਕੱਠੇ ਹੋ ਸਕਣ ਅਤੇ ਕੁਦਰਤ ਦਾ ਆਨੰਦ ਮਾਣ ਸਕਣ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜਿਵੇਂ ਜਿਵੇਂ ਸਰੀ ਦਾ ਵਿਕਾਸ ਜਾਰੀ ਹੈ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਪਾਰਕ ਅਤੇ ਜਨਤਕ ਸਥਾਨ ਵੀ ਉਸੇ ਰਫ਼ਤਾਰ ਨਾਲ ਵਿਕਸਿਤ ਹੋਣ। ਨੇਬਰਹੁੱਡ ਪਾਰਕਾਂ ਵਿੱਚ ਨਿਵੇਸ਼ ਕਰਨਾ ਸਿਹਤਮੰਦ ਅਤੇ ਰਹਿਣ-ਯੋਗ ਕਮਿਊਨਿਟੀਆਂ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਸ਼ਹਿਰ ਦੇ ਹਰ ਖੇਤਰ ਵਿੱਚ ਵਸਨੀਕਾਂ ਨੂੰ ਉੱਚ ਗੁਣਵੱਤਾ ਵਾਲੇ ਜਨਤਕ ਸਥਾਨਾਂ ਤੱਕ ਪਹੁੰਚ ਮਿਲੇ।”
ਐਕੋਰਨ ਪਾਰਕ (Acorn Park)
ਐਕੋਰਨ ਪਾਰਕ ਸਾਊਥ ਨਿਊਟਨ ਵਿੱਚ 58A ਐਵਿਨਿਊ ਅਤੇ 142 ਸਟਰੀਟ ’ਤੇ ਬਣਾਇਆ ਜਾ ਰਿਹਾ ਹੈ, ਇਹ 3.9 ਏਕੜ (1.6 ਹੈਕਟੇਅਰ) ਦਾ ਬਿਲਕੁੱਲ ਨਵਾਂ ਨੇਬਰਹੁੱਡ ਪਾਰਕ ਹੈ ਤੇ $2.5 ਮਿਲੀਅਨ ਦੇ ਇਸ ਪ੍ਰੋਜੈਕਟ ਨੂੰ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਖੁੱਲ੍ਹਾ ਹਰਿਆਲਾ ਖੇਤਰ, ਬਹੁ-ਉਦੇਸ਼ੀ ਰਸਤੇ (multi-use pathways) ਅਤੇ ਕੁੱਤਿਆਂ ਲਈ ਪਟੇ ਤੋਂ ਬਿਨਾਂ ਘੁੰਮਣ ਵਾਲੇ ਖੇਤਰ ਦਾ ਪਾਇਲਟ ਪ੍ਰੋਗਰਾਮ 2026 ਦੇ ਅੰਤ ਤੱਕ ਖੋਲ੍ਹਣ ਦੀ ਯੋਜਨਾ ਹੈ। ਖੇਡ ਮੈਦਾਨ, ਬਹੁ-ਖੇਡ ਕੋਰਟ ਅਤੇ ਇਕੱਠੇ ਹੋਣ ਲਈ ਸਥਾਨ 2027 ਵਿੱਚ ਤਿਆਰ ਕੀਤੇ ਜਾਣਗੇ।
ਐਬੀ ਰਿਜ ਪਾਰਕ (Abbey Ridge Park)
ਐਬੀ ਰਿਜ ਪਾਰਕ ਈਸਟ ਫਰੇਜ਼ਰ ਹਾਈਟਸ ਵਿੱਚ 5.2 ਏਕੜ (2.1 ਹੈਕਟੇਅਰ) ਦਾ ਪਾਰਕ ਹੋਵੇਗਾ। ਇਸ ਵਿੱਚ ਖੇਡ ਮੈਦਾਨ, ਫਿਟਨੈੱਸ ਖੇਤਰ, ਅੱਧਾ ਬਾਸਕਟਬਾਲ ਕੋਰਟ, ਡੌਗ ਆਫ਼-ਲੀਸ਼ ਖੇਤਰ, ਤੁਰਨ ਵਾਲੇ ਰਸਤੇ ਅਤੇ ਇਕੱਠੇ ਹੋਣ ਲਈ ਸਥਾਨ ਸ਼ਾਮਲ ਹੋਣਗੇ। $2.6 ਮਿਲੀਅਨ ਦੇ ਇਸ ਪ੍ਰੋਜੈਕਟ ਦੀ ਉਸਾਰੀ ਇਸ ਪਤਝੜ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਪਹਿਲਾ ਪੜਾਅ ਸਾਲ ਦੇ ਅੰਤ ਤੱਕ ਖੋਲ੍ਹਣ ਅਤੇ ਬਾਕੀ ਸਹੂਲਤਾਂ 2027 ਵਿੱਚ ਉਪਲਬਧ ਕਰਵਾਉਣ ਦੀ ਯੋਜਨਾ ਹੈ।
ਵੁੱਡਵਰਡ ਹਿੱਲ ਨੇਬਰਹੁੱਡ ਪਾਰਕ (Woodward Hill Neighbourhood Park)
ਸਾਊਥ ਨਿਊਟਨ ਵਿੱਚ ਪ੍ਰਾਇਮਰੀ ਸਕੂਲ ਦੇ ਨੇੜੇ ਸਥਿਤ ਇਹ ਨਵਾਂ 4.7 ਏਕੜ (1.9 ਹੈਕਟੇਅਰ) ਪਾਰਕ ਇਸ ਸਾਲ ਦੇ ਅੰਤ ਵਿੱਚ ਪਤਝੜ ਦੌਰਾਨ ਬਣਨਾ ਸ਼ੁਰੂ ਹੋਵੇਗਾ ਅਤੇ ਪਤਝੜ 2027 ਤੱਕ ਖੁੱਲ੍ਹ ਜਾਵੇਗਾ। 2.8 ਮਿਲੀਅਨ ਡਾਲਰ ਦੀ ਇਸ ਯੋਜਨਾ ਵਿੱਚ ਬਾਸਕਟਬਾਲ ਕੋਰਟ, ਕੁਦਰਤ-ਪ੍ਰੇਰਿਤ ਖੇਡ ਦਾ ਮੈਦਾਨ, ਬਾਹਰੀ ਫਿਟਨੈੱਸ ਉਪਕਰਨ, ਪਹੁੰਚ ਯੋਗ ਰਸਤੇ ਅਤੇ ਸਾਂਝੇ ਬੈਠਣ ਅਤੇ ਪਿਕਨਿਕ ਖੇਤਰ ਸ਼ਾਮਲ ਹੋਣਗੇ। ਇਸ ਪਾਰਕ ਦੀ ਇੱਕ ਖ਼ਾਸ ਵਿਸ਼ੇਸ਼ਤਾ ਬਹੁਤ ਸਾਰੇ ਪੁਰਾਣੇ ਅਤੇ ਵਿਕਸਿਤ ਦਰਖਤਾਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ, ਜਿਸ ਨਾਲ ਪਾਰਕ ਖੁੱਲ੍ਹਣ ਦੇ ਦਿਨ ਤੋਂ ਹੀ ਛਾਂਦਾਰ, ਸੁਹਾਵਣਾ ਅਤੇ ਪਹਿਲਾਂ ਤੋਂ ਵਿਕਸਤ ਜਿਹਾ ਮਾਹੌਲ ਪ੍ਰਦਾਨ ਕਰੇਗਾ।
ਇਨ੍ਹਾਂ ਅਤੇ ਹੋਰ ਪਾਰਕ ਪ੍ਰਾਜੈਕਟਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/capitalprojects ‘ਤੇ ਜਾਓ ।

