ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਪੁਲਿਸ ਲਾਈਨ ਵਿਖੇ ਪੁਲਿਸ ਬਜੁਰਗ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ‘ਚ ਐੱਸਪੀ ਮਨਵਿੰਦਰਵੀਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪੰਜ ਸੇਵਾ ਮੁਕਤ ਬਜ਼ੁਰਗ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ।
ਐਸੋਸੀਏਸ਼ਨ ਪ੍ਰਧਾਨ ਜਸਪਾਲ ਚੌਪੜਾ ਨੇ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਦੂਰ ਕਰਨ ਸਮੇਤ ਸੇਵਾਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਐੱਸਪੀ ਨੂੰ ਮੰਗ ਪੱਤਰ ਵੀ ਸੌਂਪਿਆ। ਸਮਾਗਮ ਦੌਰਾਨ ਐੱਸਪੀ ਤੇ ਜਥੇਬੰਦੀ ਦੇ ਅਹੁਦੇਦਾਰਾਂ ਨੇ ਸਭ ਤੋਂ ਵੱਧ ਉਮਰ ਦੇ ਸੇਵਾ ਮੁਕਤ ਦੇ ਮੁਲਾਜ਼ਮਾਂ ਗੁਰਬਖਸ਼ ਸਿੰਘ ਰੰਗੋਵਾਲ, ਨਗਿੰਦਰ ਸਿੰਘ ਰਾਏਕੋਟ, ਹਰਚੰਦ ਸਿੰਘ ਹਾਂਸ ਕਲਾਂ, ਮੇਹਰ ਸਿੰਘ ਚੂਹੜਚਕ ਅਤੇ ਬਚਿੱਤਰ ਸਿੰਘ ਬੱਸੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਐੱਸਪੀ ਮਨਵਿੰਦਰਵੀਰ ਸਿੰਘ ਨੇ ਅੱਜ ਦੇ ਦਿਹਾੜੇ ਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ ਕਿਹਾ ਅੱਜ ਦਾ ਦਿਨ ਹਰ ਵਿਅਕਤੀ ਨੂੰ ਆਪਣੇ ਬਜ਼ੁਰਗਾਂ ਦੇ ਸਨਮਾਨ ਤੇ ਉਨ੍ਹਾਂ ਦੇ ਵਿਖਾਏ ਮਾਰਗ ‘ਤੇ ਚੱਲਣ ਦਾ ਸੁਨੇਹਾ ਦਿੰਦਾ ਹੈ। ਜਗਰਾਓਂ ਪੁਲਿਸ ਵੀ ਸਮੇਂ-ਸਮੇਂ ਸਿਰ ਸੇਵਾ ਮੁਕਤ ਬਜੁਰਗਾਂ ਨਾਲ ਮਿਲ ਕੇ ਉਨ੍ਹਾਂ ਨਾਲ ਕਈ ਅੌਕੜਾਂ ਨੂੰ ਦੂਰ ਕਰਨ ਲਈ ਰਾਏ ਮਸ਼ਵਰਾ ਕਰਦੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ ਆਦਿ ਹਾਜ਼ਰ ਸਨ।


