ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਸੰਜੇ ਸਿੰਘ ਦੀ ਥਾਂ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਦੇ ਚੇਅਰਮੈਨ ਨੂੰ ਲਿਖੇ ਪੱਤਰ ‘ਚ ‘ਆਪ’ ਲੀਡਰਸ਼ਿਪ ਨੇ ਕਿਹਾ ਹੈ ਕਿ ਰਾਘਵ ਚੱਢਾ ਅੱਗੇ ਤੋਂ ਉਪਰਲੇ ਸਦਨ ‘ਚ ਪਾਰਟੀ ਦੇ ਨੇਤਾ ਹੋਣਗੇ। ਪਾਰਟੀ ਨੇ ਇਹ ਫ਼ੈਸਲਾ ਪਾਰਟੀ ਸਾਂਸਦ ਸੰਜੇ ਸਿੰਘ ਦੀ ਸਦਨ ‘ਚ ਗੈਰ-ਮੌਜੂਦਗੀ ਕਾਰਨ ਲਿਆ ਹੈ।
ਦੱਸਣ ਬਣਦਾ ਹੈ ਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਇਸ ਸਮੇਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਜੇਲ੍ਹ ‘ਚ ਹਨ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੱਢਾ ਨੂੰ ਸਦਨ ਦਾ ਨੇਤਾ ਬਣਾਏ ਜਾਣ ਸਬੰਧੀ ‘ਆਪ’ ਵੱਲੋਂ ਪੱਤਰ ਪ੍ਰਾਪਤ ਹੋਇਆ ਹੈ। ਲਾਗੂ ਕਰਨ ਲਈ ਪੱਤਰ ਰਾਜ ਸਭਾ ਦੇ ਜਨਰਲ ਸਕੱਤਰ ਕੋਲ ਹੈ।
ਚੱਢਾ ਰਾਜ ਸਭਾ ਦੇ ਸਭ ਤੋਂ ਨੌਜਵਾਨ ਮੈਂਬਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਬਹੁਤ ਹੀ ਤੇਜ਼-ਤਰਾਰ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਸੈਸ਼ਨ ਵਿੱਚ ਵੀ 11 ਅਗਸਤ 2023 ਨੂੰ ‘ਆਪ’ ਸਾਂਸਦ ਨੂੰ ਰਾਜ ਸਭਾ ਤੋਂ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਫੈਸਲੇ ਨੂੰ ਰਾਘਵ ਚੱਢਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਚੱਢਾ ਦੀ ਮੁਅੱਤਲੀ 115 ਦਿਨਾਂ ਬਾਅਦ ਰੱਦ ਕਰ ਦਿੱਤੀ ਗਈ ਸੀ।
‘ਆਪ’ ਦੇ ਮੌਜੂਦਾ ਸਦਨ ’ਚ ਕੁੱਲ 10 ਮੈਂਬਰ ਹਨ। ‘ਆਪ’ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਤੋਂ ਬਾਅਦ ਰਾਜ ਸਭਾ ਵਿੱਚ ਮੈਂਬਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਚੌਥੀ ਸਭ ਤੋਂ ਵੱਡੀ ਪਾਰਟੀ ਹੈ।
ਦਿੱਲੀ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਜੇਲ੍ਹ ਵਿੱਚ ਹਨ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਰਾਘਵ ਚੱਢਾ ‘ਤੇ ਬਹੁਤ ਭਰੋਸਾ ਹੈ। ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਆਗੂ ਨਿਯੁਕਤ ਕਰਨ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ‘ਆਪ’ ਸੰਸਦ ਰਾਘਵ ਚੱਢਾ ਹੁਣ ਉੱਚ ਸਦਨ ‘ਚ ਦਿੱਲੀ ਦੇ ਮੁੱਦੇ ਉਠਾਉਣਗੇ।


