ਸਟਾਫ ਰਿਪੋਰਟਰ, ਖੰਨਾ : ਘਰਵਾਲੀ ਦਾ ਵਰਤ ਖੁੱਲ੍ਹਵਾਉਣ ਲਈ ਚੰਨ ਦੇਖਣ ਲਈ ਛੱਤ ‘ਤੇ ਚੜ੍ਹੇ ਵਿਅਕਤੀ ਦੀ ਡਿੱਗ ਜਾਣ ਕਰਕੇ ਮੌਤ ਹੋ ਗਈ, ਜਿਸ ਨਾਲ ਵਰਤ ਖੋਲ੍ਹਣ ਦੀਆਂ ਖੁਸ਼ੀਆਂ ਚੰਨ ਚੜ੍ਹਨ ਤੋਂ ਪਹਿਲਾਂ ਹੀ ਗ਼ਮੀ ‘ਚ ਬਦਲ ਗਈਆਂ। ਮਿ੍ਤਕ ਦੀ ਪਛਾਣ ਲਖਵਿੰਦਰ ਰਾਮ (42) ਵਾਸੀ ਬਿਹਾਰ ਤੇ ਹਾਲ ਵਾਸੀ ਖੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਰਾਮ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ, ਜਿਸ ਦੀ ਪਤਨੀ ਨੇ ਕਰਵਾਚੌਥ ਦਾ ਵਰਤ ਰੱਖਿਆ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਚੰਨ ਨਿਕਲਣ ਦੀ ਉਡੀਕ ਕਰ ਰਿਹਾ ਸੀ।
ਲਖਵਿੰਦਰ ਰਾਮ ਗੱਲਾਂ ਕਰਦੇ ਕਰਦੇ ਛੱਤ ਤੋਂ ਥੱਲੇ ਆ ਡਿੱਗਿਆ। ਲਖਵਿੰਦਰ ਰਾਮ ਨੂੰ ਤੁਰੰਤ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਸਰਕਾਰੀ ਹਸਪਤਾਲ ਵਿਖੇ ਰਾਜ ਨੇ ਦੱਸਿਆ ਕਿ ਲਖਵਿੰਦਰ ਰਾਮ ਪਰਿਵਾਰ ਸਮੇਤ ਛੱਤ ਉਪਰ ਸੀ ਤਾਂ ਇਸੇ ਦੌਰਾਨ ਪੈਰ ਫਿਸਲ ਗਿਆ ਤੇ ਥੱਲੇ ਡਿੱਗ ਗਿਆ, ਜਿਸ ਦੀ ਮੌਤ ਹੋ ਗਈ। ਪਰਿਵਾਰ ‘ਚ ਕਮਾਉਣ ਵਾਲਾ ਉਹ ਇਕਲੌਤਾ ਹੀ ਸੀ।



