ਨਵੀਂ ਦਿੱਲੀ (ਏਜੰਸੀ) : ਚੌਲ, ਕਣਕ ਦਾ ਆਟਾ ਤੇ ਦਾਲਾਂ ਜਿਹੇ ਖਾਣੇ ਦਾ ਸਾਮਾਨ ਮਹਿੰਗਾ ਹੋਣ ਨਾਲ ਪ੍ਰਚੂਨ ਮਹਿੰਗਾਈ ਦਰ ਨਵੰਬਰ ਵਿਚ ਵੱਧ ਕੇ 7.37 ਫ਼ੀਸਦ ਹੋ ਗਈ। ਉਥੇ ਪੇਂਡੂ ਕਿਰਤੀਆਂ ਲਈ ਇਹ ਦਰ 7.13 ਫ਼ੀਸਦ ਰਹੀ। ਅਕਤੂਬਰ ਵਿਚ ਖੇਤ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਦਰ 7.08 ਫ਼ੀਸਦ ਤੇ ਪੇਂਡੂ ਕਿਰਤੀਆਂ ਦੀ ਪ੍ਰਚੂਨ ਮਹਿੰਗਾਈ ਦਰ 6.92 ਫ਼ੀਸਦ ਸੀ।
ਕਿਰਤ ਮੰਤਰਾਲਾ ਦੀ ਤਰਫੋਂ ਵੀਰਵਾਰ ਨੂੰ ਜਾਰੀ ਬਿਆਨ ਅਨੁਸਾਰ ਖੇਤ ਕਾਮਿਆਂ ਤੇ ਪੇਂਡੂ ਕਿਰਤੀਆਂ ਲਈ ਖ਼ੁਰਾਕੀ ਮਹਿੰਗਾਈ ਦਰ ਨਵੰਬਰ ਵਿਚ ਕ੍ਰਮਵਾਰ 9.38 ਫ਼ੀਸਦ ਤੇ 9.14 ਫ਼ੀਸਦ ਰਹੀ। ਜਦਕਿ ਅਕਤੂਬਰ ਵਿਚ ਇਹ ਕ੍ਰਮਵਾਰ 8.42 ਫ਼ੀਸਦ ਤੇ 8.18 ਫ਼ੀਸਦ ਸੀ। ਖੇਤ ਕਾਮਿਆਂ ਤੇ ਪੇਂਡੂ ਕਿਰਤੀਆਂ ਲਈ ਖ਼ੁਰਾਕੀ ਮਹਿੰਗਾਈ ਦਰ ਨਵੰਬਰ 2022 ਵਿਚ ਕ੍ਰਮਵਾਰ 6.19 ਫ਼ੀਸਦ ਤੇ 6.05 ਫ਼ੀਸਦ ਦਰਜ ਕੀਤੀ ਗਈ ਸੀ। ਬਿਆਨ ਅਨੁਸਾਰ ਸੀਪੀਆਈ-ਏਐੱਲ (ਖਪਤਕਾਰ ਮੁੱਲ ਸੂਚਕ ਅੰਕ-ਖੇਤ ਕਾਮਿਆਂ ਲਈ) ਤੇ ਸੀਪੀਆਈ-ਆਰਐੱਲ (ਪੇਂਡੂ ਕਿਰਤੀਆਂ) ’ਤੇ ਅਧਾਰਤ ਮਹਿੰਗਾਈ ਦਰ ਇਸ ਸਾਲ ਨਵੰਬਰ ਵਿਚ ਕ੍ਰਮਵਾਰ 7.37 ਫ਼ੀਸਦ ਤੇ 7.13 ਫ਼ੀਸਦ ਰਹੀ।
ਅਕਤੂਬਰ 2023 ਵਿਚ ਇਹ ਕ੍ਰਮਵਾਰ 7.08 ਫ਼ੀਸਦ ਤੇ 6.92 ਫ਼ੀਸਦ ਸੀ। ਇਸ ਸਾਲ ਨਵੰਬਰ ਵਿਚ ਖੇਤ ਕਾਮਿਆਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ 12 ਅੰਕ ਵੱਧ ਕੇ 1253 ਅੰਕ ਹੋ ਗਿਆ ਜਦਕਿ ਪੇਂਡੂ ਕਿਰਤੀਆਂ ਲਈ ਇਹ 11 ਅੰਕ ਵੱਧ ਕੇ 1262 ਅੰਕ ਸਨ। ਖੇਤ ਕਿਰਤੀਆਂ ਤੇ ਪੇਂਡੂ ਮਜ਼ਦੂਰਾਂ ਦੇ ਆਮ ਸੁੂਚਕ ਅੰਕ ਵਿਚ ਵਾਧੇ ਵਿਚ ਅਹਿਮ ਯੋਗਦਾਨ ਕ੍ਰਮਵਾਰ 10.85 ਤੇ 10.50 ਅੰਕ ਦੀ ਹੱਦ ਤੱਕ ਖ਼ੁਰਾਕ ਪਦਾਰਥਾਂ ਦਾ ਰਿਹਾ। ਚੌਲ, ਕਣਕ ਦਾ ਆਟਾ, ਦਾਲਾਂ, ਪਿਆਜ, ਹਲਦੀ, ਲੱਸਣ ਤੇ ਮਸਾਲਿਆਂ ਦੀਆਂ ਕੀਮਤਾਂ ਵਿਚ ਵਾਧਾ ਇਸ ਦਾ ਮੁੱਖ ਕਾਰਨ ਰਿਹਾ।


