ਅਭਿਸ਼ੇਕ ਪ੍ਰਕਾਸ਼, ਭਾਗਲਪੁਰ : ਵੀਹ ਵਰਿ੍ਹਆਂ ਤੋਂ ਅਖ਼ਬਾਰ ਵੇਚ ਰਹੇ ਕਰਮਯੋਗੀ ਨੇ ਅਖ਼ਬਾਰ ’ਤੇ ਥੀਸਸ ਲਿਖ ਕੇ ਆਪਣੇ ਨਾਂ ਅੱਗੇ ਡਾਕਟਰ ਜੋੜ ਲਿਆ ਹੈ। ਸ਼ੰਘਰਸ਼ ਘੱਟ ਨਹੀਂ ਸੀ, ਕਦੇ ਉਨ੍ਹਾਂ ਦਿੱਲੀ ਵਿਚ ਠੇਲਾ-ਰਿਕਸ਼ਾ ਚਲਾਇਆ। ਹੁਣ ਤੜਕੇ ਉੱਠ ਕੇ ਅਖ਼ਬਾਰਾਂ ਵੰਡਣ ਮਗਰੋਂ ਗੈਸ-ਸਿਲੰਡਰ ਘਰ-ਘਰ ਪਹੁੰਚਾ ਰਹੇ ਹਨ। ਇਨ੍ਹਾਂ ਨੂੰ ਘਰ ਸੰਭਾਲਣ ਲਈ ਮਜ਼ਦੂਰੀ ਤੱਕ ਕਰਨੀ ਪਈ। ਨਾਥਨਗਰ ਅਨਾਥਾਲਿਆ ਰੋਡ ਦੇ ਰਹਿਣ ਵਾਲੇ ਰਾਕੇਸ਼ ਨੂੰ ਤਿਲਕਮਾਂਝੀ ਭਾਗਲਪੁਰ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਤੋਂ 18 ਦਸੰਬਰ ਨੁੂੰ ਪੀਐੱਚਡੀ ਦੀ ਡਿਗਰੀ ਮਿਲੀ ਹੈ। ਵਿਸ਼ਾ ਹੈ- ‘ਹਿੰਦੀ ਪੱਤਰਕਾਰਿਤਾ ਮੇਂ ਦੈਨਿਕ ਜਾਗਰਣ ਕਾ ਯੋਗਦਾਨ’ (ਸੰਦਰਭ : ਬਿਹਾਰ, ਭਾਗਲਪੁਰ)। ਸ਼ਾਇਦ ਇੰਝ ਪਹਿਲੀ ਦਫ਼ਾ ਹੋਇਆ ਹੈ ਕਿ ਕਿਸੇ ਨੇ ਦੈਨਿਕ ਜਾਗਰਣ ਦੇ ਯੋਗਦਾਨ ਬਾਰੇ ਖੋਜ ਕੀਤੀ ਹੈ। ਦਰਅਸਲ, ਦੈਨਿਕ ਜਾਗਰਣ ਦੇ ਭਾਗਲਪੁਰ ਵਿਚ ਆਉਣ ਮਗਰੋਂ ਜਿਵੇਂ ਆਪਣੀ ਬਿਹਤਰੀਨ ਪੇਸ਼ਕਾਰੀ, ਬਿਹਤਰ ਕੰਟੈਂਟ ਤੇ ਸਮਾਜਿਕ ਸਰੋਕਾਰਾਂ ਨਾਲ ਪਾਠਕਾਂ ਦੇ ਦਿਲਾਂ ’ਤੇ ਰਾਜ ਕੀਤਾ, ਇਹ ਸਭ, ਉਨ੍ਹਾਂ ਦੀ ਖੋਜ ਦਾ ਵਿਸ਼ਾ ਬਣ ਗਿਆ। ਇਹ ਭਾਗਲਪੁਰ ਦੇ ਨਾਲ-ਨਾਲ ਬਿਹਾਰ ਦਾ ਵੀ ਨੰਬਰ ਇਕ ਅਖ਼ਬਾਰ ਬਣਿਆ। ਡਾ. ਰਾਕੇਸ਼, ਸੁਲਤਾਨਗੰਜ ਸਥਿਤ ਗੋਪਾਲਨ ਇੰਟਰ ਕਾਲਜ ਵਿਚ 2019 ਤੋਂ ਗੈਸਟ ਟੀਚਰ ਵਜੋਂ ਸੇਵਾਵਾਂ ਦੇ ਰਹੇ ਹਨ।
ਚਾਰ ਵਾਰ ਛੱਡਣੀ ਪਈ ਪੜ੍ਹਾਈ : ਡਾ. ਰਾਕੇਸ਼ ਦੱਸਦੇ ਹਨ ਕਿ ਜੀਵਨ ਦੇ ਸੰਘਰਸ਼ ਵਿਚ ਕਈ ਪਤਝੜਾਂ ਵੇਖੀਆਂ ਹਨ। ਇਸ ਸੰਘਰਸ਼ ਵਿਚ ਚਾਰ ਵਾਰ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ ਸੀ। ਘਰ ਦੀ ਤਰਸਯੋਗ ਹਾਲਤ ਵੇਖ ਕੇ ਮੈਟ੍ਰਿਕ ਕਰਨ ਤੋਂ ਪਹਿਲਾਂ ਹੀ ਉਹ 1996 ਵਿਚ ਦਿੱਲੀ ਚਲੇ ਗਏ ਸਨ। ਉਥੇ ਰਿਕਸ਼ਾ ਤੇ ਠੇਲਾ ਚਲਾ ਕੇ ਕੁਝ ਪੈਸੇ ਜਮ੍ਹਾਂ ਕੀਤੇ ਤੇ ਚਾਰ ਸਾਲ ਬਾਅਦ ਜਨਵਰੀ 2000 ਵਿਚ ਘਰ ਪਰਤੇ। ਪਰਿਵਾਰ ਨੇ ਫਿਰ ਬਾਹਰ ਨਹੀਂ ਜਾਣ ਦਿੱਤਾ। 2000 ਵਿਚ ਉਨ੍ਹਾਂ ਨੇ ਐੱਨਵਾਈ ਹਾਈ ਸਕੂਲ, ਨਰੈਣਪੁਰ ਤੋਂ ਮੈਟ੍ਰਿਕ ਕੀਤੀ। ਚਾਰ ਭੈਣ-ਭਰਾਵਾਂ ਵਿੱਚੋਂ ਵੱਡੇ ਰਾਕੇਸ਼ ਨੇ ਖ਼ੁਦ ਛੋਟੀਆਂ ਭੈਣਾਂ ਦੇ ਵਿਆਹਾਂ ਲਈ ਆਪਣੇ ਪਿਤਾ ਬੱਦੋ ਯਾਦਵ ਦੇ ਨਾਲ ਛੇ ਸਾਲਾਂ ਤੱਕ ਮਜ਼ਦੂਰੀ ਕੀਤੀ। 2006 ਵਿਚ ਉਨ੍ਹਾਂ ਨੇ ਮੁੰਗੇਰ ਜ਼ਿਲ੍ਹੇ ਦੇ ਇੰਟਰ ਪੱਧਰੀ ਸਕੂਲ ਮੰਝਗਾਏ, ਤਾਰਾਪੁਰ ਤੋਂ ਇੰਟਰ ਕੀਤੀ। ਘਰ ਦੀ ਵਿੱਤੀ ਹਾਲਤ ਨਹੀਂ ਸੁਧਰੀ ਤਾਂ 2008 ਵਿਚ ਫਿਰ ਪੜ੍ਹਾਈ ਛੱਡਣੀ ਪਈ। 2008 ਤੋਂ 11 ਦਰਮਿਆਨ ਉਨ੍ਹਾਂ ਨੇ ਅਖ਼ਬਾਰ ਵੰਡਦੇ ਹੋਏ ਟੀਐੱਨਬੀ ਕਾਲਜ ਤੋਂ ਹਿੰਦੀ ਵਿਚ ਗ੍ਰੈਜੂਏਸ਼ਨ ਕੀਤੀ। ਇਸ ਮਗਰੋਂ ਹਿੰਦੀ ਪੋਸਟ ਗ੍ਰੈਜੂਏਟ ਵਿਭਾਗ ਤੋਂ 2011-13 ਸੈਸ਼ਨ ਵਿਚ ਮਾਸਟਰ ਦੀ ਡਿਗਰੀ ਲਈ। 2013 ਵਿਚ ਉਨ੍ਹਾਂ ਨੇ ਵਿਆਹ ਕਰਵਾ ਲਿਆ। ਅਖ਼ਬਾਰਾਂ ਵੰਡਦੇ ਹੋਏ 2014 ਵਿਚ ਪੀਐੱਚਡੀ ਕੀਤੀ। 2015 ਵਿਚ ਰਜਿਸਟ੍ਰੇਸ਼ਨ ਕਰਵਾਈ। ਘਰ ਚਲਾਉਣ ਲਈ ਗੈਸ ਵੈਂਡਰ ਦਾ ਕੰਮ ਸ਼ੁਰੂ ਕੀਤਾ। ਚਾਰ ਸਾਲਾਂ ਦੀ ਪੀਐੱਚਡੀ ਖੋਜ ਵਿਚ ਉਨ੍ਹਾਂ ਨੇ ਦੋ ਸਾਲਾਂ ਲਈ ਐਕਸਟੈਂਸ਼ਨ ਲਈ ਸੀ।
ਹਰ ਉਮਰ ਵਰਗ ਤੇ ਸੱਤ ਸਰੋਕਾਰਾਂ ’ਤੇ ਜਾਗਰਣ ਦੀ ਪਕੜ : ਡਾ. ਰਾਕੇਸ਼ ਮੁਤਾਬਕ ਨੌਵੀਂ ਜਮਾਤ ਵਿਚ ਉਨ੍ਹਾਂ ਦੇ ਅਧਿਆਪਕ ਨੇ ਕਿਹਾ ਸੀ ਕਿ ਅਖ਼ਬਾਰ ਵੰਡਣ ਦੇ ਨਾਲ ਉਹ ਪੜ੍ਹਾਈ ਵੀ ਕਰ ਸਕਦੇ ਹਨ। 2003 ਵਿਚ ਬਿਹਾਰ ਵਿਚ ਦੈਨਿਕ ਜਾਗਰਣ ਦੀ ਆਮਦ ਤੋਂ ਬਾਅਦ ਉਨ੍ਹਾਂ ਨੇ ਅਖ਼ਬਾਰ ਵੰਡਣੇ ਸ਼ੁਰੂ ਕੀਤੇ ਸਨ। ਰਾਕੇਸ਼ ਜਦੋਂ ਹੋਰ ਅਖ਼ਬਾਰਾਂ ਪੜ੍ਹਦੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਅਖ਼ਬਾਰ ਬਾਕੀਆਂ ਨਾਲੋਂ ਬਿਹਤਰ ਹੈ। ਬੱਚਿਆਂ ਤੋਂ ਲੈ ਕੇ ਬਿਰਧਾਂ ਤੱਕ ਲਈ ਵੱਖ-ਵੱਖ ਸਮੱਗਰੀ ਹੁੰਦੀ ਹੈ। ਉਹ ਜਦੋਂ ਹਿੰਦੀ ਵਿਚ ਮਾਸਟਰਜ਼ ਦੀ ਡਿਗਰੀ ਕਰ ਰਹੇ ਸਨ ਤਾਂ ਚੌਥੇ ਸਮੈਸਟਰ ਦੇ ਪੇਪਰ ਵਿਚ ਪੱਤਰਕਾਰੀ ਵਿਸ਼ਾ ਲੈ ਲਿਆ। ਇਸੇ ਪੱਤਰਕਾਰਤਾ ਨੇ ਉਨ੍ਹਾਂ ਨੂੰ ਡਾਕਟਰ ਦੀ ਡਿਗਰੀ ਹਾਸਿਲ ਕਰਵਾਈ।


