ਮੈਲਬੌਰਨ (ਪੀਟੀਆਈ) : ਗਾਜ਼ਾ ’ਚ ਫਿਲਸਤੀਨੀਆਂ ਦੇ ਸਮਰਥਨ ’ਚ ਪਾਕਿਸਤਾਨ ਖਿਲਾਫ ਪਹਿਲੇ ਟੈਸਟ ਦੌਰਾਨ ਬਾਂਹ ’ਤੇ ਕਾਲੀ ਪੱਟੀ ਬੰਨ੍ਹਣ ’ਤੇ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਆਈਸੀਸੀ ਨੇ ਤਾੜਨਾ ਕੀਤੀ ਹੈ। ਆਈਸੀਸੀ ਦੇ ਨਿਯਮਾਂ ਦੇ ਤਹਿਤ, ਕ੍ਰਿਕਟਰ ਅੰਤਰਰਾਸ਼ਟਰੀ ਮੈਚਾਂ ਦੌਰਾਨ ਕੋਈ ਸਿਆਸੀ, ਧਾਰਮਿਕ ਜਾਂ ਨਸਲੀ ਸੰਦੇਸ਼ ਨਹੀਂ ਦੇ ਸਕਦੇ ਹਨ। ਪਾਕਿਸਤਾਨ ਵਿਚ ਜਨਮੇ ਖਵਾਜਾ ਆਸਟ੍ਰੇਲੀਆ ਲਈ ਟੈਸਟ ਖੇਡਣ ਵਾਲੇ ਪਹਿਲੇ ਮੁਸਲਿਮ ਕ੍ਰਿਕਟਰ ਹਨ। ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ ਉਸਮਾਨ ਨੇ ਕ੍ਰਿਕਟ ਆਸਟ੍ਰੇਲੀਆ ਅਤੇ ਆਈਸੀਸੀ ਦੀ ਇਜਾਜ਼ਤ ਲਏ ਬਿਨਾਂ ਪਾਕਿਸਤਾਨ ਦੇ ਖਿਲਾਫ ਪਹਿਲੇ ਮੈਚ ’ਚ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ ਸੀ। ਇਹ ਹੋਰ ਉਲੰਘਣਾ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਉਸਨੂੰ ਉਸਦੇ ਪਹਿਲੇ ਅਪਰਾਧ ਲਈ ਤਾੜਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਖਵਾਜਾ ਨੇ ਕਿਹਾ ਕਿ ਉਹ ਇਸ ਨੂੰ ਚੁਣੌਤੀ ਦੇਣਗੇ ਕਿਉਂਕਿ ਉਸ ਨੇ ਆਈਸੀਸੀ ਨੂੰ ਕਿਹਾ ਸੀ ਕਿ ਉਸ ਨੇ ਨਿੱਜੀ ਸ਼ੌਕ ਕਾਰਨ ਅਜਿਹਾ ਕੀਤਾ ਹੈ। ਖਵਾਜਾ ਨੇ ਕਿਹਾ ਕਿ ਆਈਸੀਸੀ ਨੇ ਪਰਥ ਟੈਸਟ ਦੇ ਦੂਜੇ ਦਿਨ ਮੈਨੂੰ ਪੁੱਛਿਆ ਸੀ ਕਿ ਮੈਂ ਕਾਲੇ ਬਾਂਹ ’ਤੇ ਪੱਟੀ ਕਿਉਂ ਬੰਨ੍ਹੀ ਹੋਈ ਸੀ ਅਤੇ ਮੈਂ ਕਿਹਾ ਕਿ ਇਹ ਨਿੱਜੀ ਸ਼ੌਕ ਕਾਰਨ ਹੈ। ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ।

ਇੰਗਲੈਂਡ ਨੂੰ ਹਰਾ ਕੇ ਵੈਸਟਇੰਡੀਜ਼ ਨੇ ਟੀ-20 ਸੀਰੀਜ਼ ਜਿੱਤੀ

ਵੈਸਟਇੰਡੀਜ਼ ਨੇ ਬੇਹੱਦ ਕਰੀਬੀ ਮੈਚ ’ਚ ਇੰਗਲੈਂਡ ਨੂੰ ਆਖਰੀ ਓਵਰ ’ਚ ਚਾਰ ਵਿਕਟਾਂ ਨਾਲ ਹਰਾ ਕੇ ਟੀ-20 ਸੀਰੀਜ਼ 3-2 ਨਾਲ ਜਿੱਤ ਲਈ। ਸਿਰਫ 132 ਦੌੜਾਂ ’ਤੇ ਆਊਟ ਹੋਈ ਇੰਗਲੈਂਡ ਦੀ ਟੀਮ ਨੇ ਡੈੱਥ ਓਵਰਾਂ ’ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਮੈਚ ਨੂੰ ਕਰੀਬੀ ਬਣਾ ਦਿੱਤਾ। ਤੇਜ਼ ਗੇਂਦਬਾਜ਼ ਰੀਸ ਟਾਪਲੇ ਨੇ 17ਵੇਂ ਓਵਰ ਵਿਚ ਸਿਰਫ਼ ਦੋ ਦੌੜਾਂ ਦੇ ਕੇ ਵੈਸਟਇੰਡੀਜ਼ ਦੇ ਕਪਤਾਨ ਰੋਵਮੈਨ ਪਾਵੇਲ ਦਾ ਵਿਕਟ ਲਿਆ। ਮੱਧਮ ਤੇਜ਼ ਗੇਂਦਬਾਜ਼ ਸੈਮ ਕੁਰਾਨ ਨੇ 19ਵੇਂ ਓਵਰ ਵਿਚ ਸਿਰਫ਼ ਦੋ ਦੌੜਾਂ ਦੇਣ ਮਗਰੋਂ ਆਂਦਰੇ ਰਸੇਲ ਨੂੰ ਆਊਟ ਕਰ ਦਿੱਤਾ। ਵੈਸਟਇੰਡੀਜ਼ ਨੂੰ ਆਖਰੀ ਓਵਰ ਵਿਚ ਨੌਂ ਦੌੜਾਂ ਦੀ ਲੋੜ ਸੀ। ਜੇਸਨ ਹੋਲਡਰ ਨੇ ਕ੍ਰਿਸ ਵੋਕਸ ਦੀ ਪਹਿਲੀ ਗੇਂਦ ’ਤੇ ਤਿੰਨ ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਾਈ ਹੋਪ ਨੇ ਡੀਪ ਪੁਆਇੰਟ ’ਤੇ ਛੱਕਾ ਲਗਾਇਆ। ਵੈਸਟਇੰਡੀਜ਼ ਨੇ ਛੇ ਵਿਕਟਾਂ ’ਤੇ 133 ਦੌੜਾਂ ਬਣਾ ਕੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ।