ਜਾਗਰਣ ਬਿਊਰੋ, ਨਵੀਂ ਦਿੱਲੀ : ਖੇਡ-ਖਿਡੌਣਿਆਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਨਾਲ ਉਨ੍ਹਾਂ ’ਚ ਸਿੱਖਣ ਤੇ ਸਿਰਜਣ (ਕ੍ਰਿਏਟੀਵਿਟੀ) ਦੀ ਨਵੀਂ ਯੋਗਤਾ ਦੇ ਵਿਕਾਸ ਨੂੰ ਦੇਖਦੇ ਹੋਏ ਸਿੱਖਿਆ ਮੰਤਰਾਲਾ ਹੁਣ ਇਸ ਨੂੰ ਲੈ ਕੇ ਪੂਰੇ ਦੇਸ਼ ’ਚ ਇਕ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ’ਚ ਹੈ। ਇਸ ਤਹਿਤ ਸਕੂਲਾਂ ’ਚ ਪੜ੍ਹਣ ਵਾਲੇ ਬੱਚਿਆਂ ਨਾਲ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਖ਼ਾਸ ਸਿਖਲਾਈ ਦਿੱਤੀ ਜਾਵੇਗੀ। ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ’ਚ ਵੀ ਇਸ ਨੂੰ ਲੈ ਕੇ ਅਹਿਮ ਸਿਫ਼ਾਰਸ਼ ਕੀਤੀ ਗਈ ਹੈ। ਫ਼ਿਲਹਾਲ ਇਸ ਮੁਹਿੰਮ ਦੀ ਸ਼ੁਰੂਆਤ ਪੂਰੇ ਦੇਸ਼ ਦੇ ਕਸਤੂਰਬਾ ਗਾਂਧੀ ਲੜਕੀਆਂ ਦੇ ਸਕੂਲਾਂ ਤੇ ਪੀਐੱਮ-ਸ਼੍ਰੀ ਸਕੂਲਾਂ ਤੋਂ ਕੀਤੀ ਜਾਵੇਗੀ। ਬਾਅਦ ’ਚ ਇਸ ਨੂੰ ਸਾਰੇ ਕੇਂਦਰੀ ਤੇ ਨਵੋਦਿਆ ਸਕੂਲਾਂ ਆਦਿ ’ਚ ਵੀ ਵਿਸਥਾਰ ਦਿੱਤਾ ਜਾਵੇਗਾ।

ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਪਿਛਲੇ ਦਿਨੀਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਸਿੱਖਿਆ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੇ ਆਈਆਈਟੀ ਗਾਂਧੀਨਗਰ ਮੌਜੂਦ ਸੈਂਟਰ ਫਾਰ ਕ੍ਰਿਏਟਿਵ ਲਰਨਿੰਗ ਨੂੰ ਵੀ ਦੇਖਿਆ ਹੈ। ਨਾਲ ਹੀ ਇਸ ਮੁਹਿੰਮ ’ਚ ਮਦਦ ਨੂੰ ਲੈ ਕੇ ਚਰਚਾ ਕੀਤੀ ਹੈ। ਇਸ ਦੌਰਾਨ ਇਸ ਸੈਂਟਰ ਵੱਲੋਂ ਸਿੱਖਿਆ ਮੰਤਰੀ ਸਾਹਮਣੇ ਇਕ ਪੇਸ਼ਕਾਰੀ ਵੀ ਦਿੱਤੀ ਗਈ। ਨਾਲ ਹੀ ਇਹ ਦੱਸਿਆ ਗਿਆ ਕਿ ਬੱਚਿਆਂ ਨੂੰ ਖੇਡ-ਖਿਡੌਣਿਆਂ ਰਾਹੀਂ ਪੜ੍ਹਾਉਣ ਦੇ ਕੀ ਫ਼ਾਇਦੇ ਹਨ। ਇਸ ਵਿਚਾਲੇ ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਚੋਣਵੇਂ ਸਕੂਲਾਂ ’ਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਤੇ ਦੱਸਿਆ ਗਿਆ ਕਿ ਬੱਚੇ ਕਿਸ ਤਰ੍ਹਾਂ ਉਨ੍ਹਾਂ ਵੱਲੋਂ ਸਿਖਾਈਆਂ ਗਈਆਂ ਸਰਗਰਮੀਆਂ ਨਾਲ ਅੱਗੇ ਵੱਧ ਕੇ ਹੁਣ ਇਸ ’ਚ ਹਿੱਸਾ ਲੈ ਰਹੇ ਹਨ।

ਸੈਂਟਰ ਫਾਰ ਕ੍ਰਿਏਟਿਵ ਲਰਨਿੰਗ ਦੇ ਮੁਖੀ ਪ੍ਰੋਫੈਸਰ ਮਨੀਸ਼ ਜੈਨ ਮੁਤਾਬਕ ਬੱਚਿਆਂ ਨੂੰ ਪੜ੍ਹਾਉਣ ਤੇ ਸਿਖਾਉਣ ’ਚ ਵਰਤੋਂ ਹੋਣ ਵਾਲੇ ਖਿਡੌਣੇ ਬਿਲਕੁਲ ਆਮ ਹੁੰਦੇ ਹਨ। ਇਨ੍ਹਾਂ ਨੂੰ ਬੱਚੇ ਖ਼ੁਦ ਹੀ ਘਰਾਂ ’ਚ ਮੌਜੂਦ ਚੀਜ਼ਾਂ ਨਾਲ ਬਣਾਉਂਦੇ ਹਨ। ਖਿਡੌਣੇ ਬਣਾਉਣ ਪਿੱਛੋਂ ਉਸ ਨਾਲ ਖੇਡਣ ਨਾਲ ਬੱਚਿਆਂ ਦੀ ਦਿਲਚਸਪੀ ਦੁੱਗਣੀ ਹੋ ਜਾਂਦੀ ਹੈ। ਇਸ ਨਾਲ ਬੱਚੇ ਨਾ ਸਿਰਫ਼ ਸਿੱਖਦੇ ਹਨ, ਬਲਕਿ ਖੇਡਦੇ-ਖੇਡਦੇ ਉਸ ਪਿੱਛੇ ਦਾ ਵਿਗਿਆਨ ਤੇ ਗਣਿਤ ਵੀ ਸਮਝ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ’ਚ ਦੇਸ਼ ’ਚ ਪੰਜ ਹਜ਼ਾਰ ਤੋਂ ਵੱਧ ਕਸਤੂਰਬਾ ਗਾਂਧੀ ਲੜਕੀਆਂ ਦੇ ਸਕੂਲ ਹਨ। ਉਥੇ ਲਗਪਗ 15 ਹਜ਼ਾਰ ਪ੍ਰਸਤਾਵਿਤ ਪੀਐੱਮ-ਸ਼੍ਰੀ ਸਕੂਲਾਂ ’ਚੋਂ ਲਗਪਗ ਛੇ ਹਜ਼ਾਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

ਵਿਗਿਆਨ ਤੇ ਗਣਿਤ ’ਚ ਦਿਲਚਸਪੀ ਵਧਾਉਣ ਵਾਲੇ ਖ਼ਾਸ ਖਿਡੌਣੇ

ਸਕੂਲੀ ਪੱਧਰ ’ਤੇ ਜੇ ਕੋਈ ਬੱਚਾ ਗਣਿਤ ਤੇ ਵਿਗਿਆਨ ਵਰਗੇ ਵਿਸ਼ਿਆਂ ’ਚ ਕਮਜ਼ੋਰ ਹੈ ਜਾਂ ਉਸ ਦੀ ਦਿਲਚਸਪੀ ਘੱਟ ਹੈ ਤਾਂ ਇਸ ਲਈ ਆਈਆਈਟੀ ਗਾਂਧੀਨਗਰ ਨੇ ਕੁਝ ਖਿਡੌਣਿਆਂ ਦੀ ਮੈਪਿੰਗ ਕੀਤੀ ਹੈ। ਇਸ ਰਾਹੀਂ ਉਨ੍ਹਾਂ ਵਿਸ਼ਿਆਂ ’ਚ ਬੱਚਿਆਂ ਦੀ ਦਿਲਚਸਪੀ ਨੂੰ ਵਧਾਇਆ ਜਾ ਸਕਦਾ ਹੈ ਜਾਂ ਫਿਰ ਉਹ ਉਨ੍ਹਾਂ ਵਿਸ਼ਿਆਂ ’ਚ ਮਾਹਿਰ ਹੋ ਸਕਦੇ ਹਨ। ਇਨ੍ਹਾਂ ’ਚ ਗਣਿਤ ਲਈ ਕਿਊਬ, ਨੰਬਰ ਸਟ੍ਰਿਪ, ਫਲੈਕਸ 2 ਡੀ, 3 ਡੀ, ਟਾਵਰ ਪਜ਼ਲ, ਤਾਸ਼ ਦੇ ਪੱਤੇ ਤੇ ਵਿਗਿਆਨ ਲਈ ਅਰਜੁਨ ਦਾ ਟੀਚਾ ਵਰਗੇ ਇਨੋਵੇਟਿਵ ਖਿਡੌਣਿਆਂ ਦੀ ਸਲਾਹ ਦਿੱਤੀ ਗਈ ਹੈ। ਇਸ ਤਰ੍ਹਾਂ ਇਤਿਹਾਸ ਲਈ ਹੜੱਪਾ ਦੇ ਕਾਲ ਦੇ ਖਿਡੌਣਿਆਂ ਵਰਗੀ ਸਲਾਹ ਸ਼ਾਮਲ ਹੈ। ਇਸ ਨਾਲ ਹੀ ਬੱਚਿਆਂ ’ਚ ਅੰਕਾਂ ਦੀ ਸਮਝ ਨੂੰ ਵਿਕਸਤ ਕਰਨ ਲਈ ਵੀ ਖਿਡੌਣੇ ਹੋਣਗੇ। ਇਨ੍ਹਾਂ ਖਿਡੌਣਿਆਂ ਰਾਹੀਂ ਨਾ ਸਿਰਫ਼ ਬੱਚਿਆਂ ਨੂੰ ਪੜ੍ਹਾਇਆ ਤੇ ਸਿਖਾਇਆ ਜਾਵੇਗਾ ਬਲਕਿ ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਇਸ ਰਾਹੀਂ ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਪੜ੍ਹਾਉਣ ਦੀ ਸਿਖਲਾਈ ਦਿੱਤੀ ਜਾਵੇਗੀ।