ਨਵੀਂ ਦਿੱਲੀ, )- ਰਾਸ਼ਟਰੀ ਚੈਂਪੀਅਨਸ਼ਿਪ ਤੋਂ ਹਟਣ ਕਾਰਨ ਏਸ਼ੀਅਨ ਚੈਂਪੀਅਨਸ਼ਿਪ ਦੀ ਭਾਰਤੀ ਟੀਮ ਤੋਂ ਬਾਹਰ ਕੀਤੀ ਗਈ ਚੋਟੀ ਦੀ ਮਹਿਲਾ 20 ਕਿਲੋਮੀਟਰ ਪੈਦਲ ਚਾਲ ਐਥਲੀਟ ਖੁਸ਼ਬੀਰ ਕੌਰ ਨੇ ਕਿਹਾ ਹੈ ਕਿ ਕੋਚ ਅਲੈਗਜੈਂਡਰ ਅਰਤਸੀਬਾਸ਼ੇਵ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਨਾ ਲੈਣ ਨੂੰ ਕਿਹਾ ਸੀ।
ਖੁਸ਼ਬੀਰ ਅਤੇ ਇੱਕ ਚੋਟੀ ਦੇ ਪੁਰਸ਼ 20 ਕਿਲੋਮੀਟਰ ਪੈਦਲ ਚਾਲ ਐਥਲੀਟ ਨੂੰ 20 ਮਾਰਚ ਨੂੰ ਜਾਪਾਨ ਦੇ ਨਾਓਮੀ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਦੀ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕਾਰਨ ਇਹ ਸੀ ਕਿ ਦੋਵਾਂ ਐਥਲੀਟਾਂ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਿਆ ਸੀ। ਰੂਸੀ ਕੋਚ ਅਲੈਗਜੈਂਡਰ ਨੂੰ ਏਸ਼ੀਅਨ ਚੈਂਪੀਅਨਸ਼ਿਪ ਦੇ ਬਾਅਦ ਹਟਾਇਆ ਜਾਣਾ ਹੈ। ਉਨ੍ਹਾਂ ਨੇ ਬੀਤੇ ਦਿਨੀਂ ਕਿਹਾ ਸੀ ਕਿ ਖੁਸ਼ਬੀਰ ਅਤੇ ਮਨੀਸ਼ ਦੀ ਸਿਹਤ ਠੀਕ ਨਹੀਂ, ਇਸ ਲਈ ਉਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਤੋਂ ਹਟਣਾ ਪਿਆ। ਇਸ ਦੇ ਉਲਟ ਖੁਸ਼ਬੀਰ ਤੇ ਮਨੀਸ਼ ਦੋਵਾਂ ਨੇ ਕਿਹਾ ਕਿ ਉਹ ਫਿੱਟ ਸਨ। ਖੁਸ਼ਬੀਰ ਨੇ ਬੰਗਲੌਰ ਵਿੱਚ ਆਪਣੇ ਟਰੇਨਿੰਗ ਬੇਸ ਨੂੰ ਕਿਹਾ, ਏ ਐੱਫ ਆਈ ਨੂੰ ਸੂਚਿਤ ਕਰਨਾ ਮੇਰਾ ਕੰਮ ਨਹੀਂ, ਕੋਚ ਇਸ ਦੇ ਲਈ ਹੈ। ਅਸੀਂ ਕੋਚ ਦੀ ਟਰੇਨਿੰਗ ਵਿੱਚ ਸੀ ਤੇ ਕ੍ਰਿਪਾ ਕਰ ਕੇ ਦੱਸੋ ਕਿ ਮੈਨੂੰ ਆਪਣੇ ਕੋਚ ਦੀ ਗੱਲ ਸੁਣਨੀ ਚਾਹੀਦੀ ਹੈ ਜਾਂ ਏ ਐੱਫ ਆਈ ਦੀ।