ਅਸ਼ਵਿੰਦਰ ਸਿੰਘ, ਬਨੂੜ : ਨੇੜਲੇ ਪਿੰਡ ਖਲੌਰ ਦੇ 24 ਸਾਲਾ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ‘ਚੋਂ ਮਿਲੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਿਢੱਲੋਂ ਨੇ ਦੱਸਿਆ ਕਿ ਪਿੰਡ ਖਲੌਰ ਦੇ ਵਸਨੀਕ ਹਾਕਮ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ 24 ਸਾਲਾ ਨੌਜਵਾਨ ਪੁੱਤਰ ਜਗਦੀਪ ਸਿੰਘ ਜੋ ਕਿ ਬੀਤੇ ਐਤਵਾਰ ਨੂੰ ਨੇੜਲੇ ਪਿੰਡ ਖ਼ਾਸਪੁਰ ਵਿਚ ਵਾਲੀਵਾਲ ਦਾ ਮੈਚ ਖੇਡਣ ਗਿਆ ਸੀ, ਪਰ ਵਾਪਸ ਨਹੀ ਪਰਤਿਆ। ਜਦੋਂ ਰਾਤ ਉਸ ਨੂੰ ਫੋਨ ਕੀਤਾ ਗਿਆ ਤਾਂ ਉਸਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਹਦੀ ਰਿਸ਼ਤੇਦਾਰਾਂ ਤੇ ਹੋਰ ਥਾਵਾਂ ‘ਤੇ ਭਾਲ ਕੀਤੀ ਪਰ ਕੁਝ ਪਤਾ ਨਾ ਲੱਗਾ। ਜਿਸ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਲਾਪਤਾ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਰਾਤ ਨੂੰ ਉਸਦਾ ਮੋਟਰਸਾਈਕਲ ਭਾਖੜਾ ਨਹਿਰ ਦੀ ਨਰਵਾਣਾ ਬ੍ਾਂਚ ਦੇ ਕਿਨਾਰੇ ਪਿੰਡ ਮੰਡੋਲੀ ਕੋਲੋਂ ਮਿਲਿਆ ਸੀ। ਪਰ ਉਸ ਬਾਰੇ ਕੁਝ ਪਤਾ ਨਾ ਲੱਗਾ। ਜਿਸ ਤੋਂ ਬਾਅਦ ਵੀਰਵਾਰ ਨੂੰ ਨੌਜਵਾਨ ਜਗਦੀਪ ਸਿੰਘ ਦੀ ਲਾਸ਼ ਸਵੇਰੇ ਨਹਿਰ ‘ਚੋਂ ਜਨਸੂਈ ਹੈੱਡ ਵਿਚ ਤੈਰਦੀ ਹੋਈ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।