ਮਾਂਟਰੀਅਲ (ਬਿਊਰੋ)— ਕੈਨੇਡਾ ਵਿਖੇ ਨਿਆਗਰਾ ਫਾਲਜ਼ ਦੇ ਸਭ ਤੋਂ ਵੱਡੇ ਹਿੱਸੇ ਵਿਚ ਡਿੱਗਿਆ ਸ਼ਖਸ ਖੁਸ਼ਕਿਸਮਤ ਨਿਕਲਿਆ ਅਤੇ ਜਿਉਂਦਾ ਬਚ ਗਿਆ। ਕੈਨੇਡਾ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ਖਸ ਨੂੰ ਨਦੀ ਵਿਚ ਚਟਾਨ ‘ਤੇ ਬੈਠੇ ਪਾਇਆ ਗਿਆ। ਚੰਗੀ ਗੱਲ ਇਹ ਸੀ ਕਿ ਉਸ ਨੂੰ ਕੋਈ ਜਾਨਲੇਵਾ ਸੱਟ ਨਹੀਂ ਲੱਗੀ। ਨਿਆਗਰਾ ਪਾਰਕ ਪੁਲਸ ਨੂੰ ਸਵੇਰੇ 4 ਵਜੇ ਇਕ ਕਾਲ ਆਈ। ਇਸ ਵਿਚ ਦੱਸਿਆ ਗਿਆ ਸੀ ਕਿ ਇਕ ਵਿਅਕਤੀ ‘horseshoe falls’ ਵਿਚ ਫਸ ਗਿਆ ਹੈ ਜੋ 188 ਫੁੱਟ ਡੂੰਘਾ ਹੈ।
ਪੁਲਸ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਸ਼ਖਸ ਨਦੀ ਵਿਚ ਬਣੀ ਇਕ ਕੰਧ (retaining wall) ‘ਤੇ ਚੜ੍ਹ ਗਿਆ ਅਤੇ ਫਿਰ ਝਰਨੇ ਦੇ ਕਿਨਾਰੇ ‘ਤੇ ਰੁੜ ਗਿਆ। ਪੁਲਸ ਰਿਪੋਰਟ ਵਿਚ ਕਿਹਾ ਗਿਆ ਕਿ ਸ਼ਖਸ ਨਦੀ ਦੇ ਹੇਠਲੇ ਹਿੱਸੇ ਵਿਚ ਚਟਾਨਾਂ ‘ਤੇ ਬੈਠਿਆ ਮਿਲਿਆ। ਹਾਲੇ ਤੱਕ ਸ਼ਖਸ ਦੀ ਪਛਾਣ ਨਹੀਂ ਹੋ ਪਾਈ ਹੈ। ਉਹ ਕੈਨੇਡਾ ਦੇ ਹਿੱਸੇ ਵੱਲ ਪਾਣੀ ਦੇ ਝਰਨੇ ‘ਤੇ ਸੀ ਜੋ ਯੂ.ਐੱਸ. ਕੈਨੇਡੀਅਨ ਬਾਰਡਰ ਤੱਕ ਫੈਲਿਆ ਹੋਇਆ ਸੀ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਚੌਥੀ ਘਟਨਾ ਹੈ ਜਦੋਂ ਇਕ ਨੌਜਵਾਨ ਬਿਨਾਂ ਕਿਸੇ ਸੁਰੱਖਿਆ ਦੇ ਉੱਥੇ ਗਿਆ ਹੋਵੇ ਅਤੇ ਜਿਉਂਦਾ ਬਚ ਗਿਆ। ਇਸ ਦੇ ਇਲਾਵਾ 1960 ਵਿਚ ਇਕ 7 ਸਾਲ ਦਾ ਮੁੰਡਾ ਬੋਟਿੰਗ ਹਾਦਸੇ ਦੇ ਬਾਅਦ ਸਿਰਫ ਇਕ ਲਾਈਫ ਜੈਕੇਟ ਵਿਚ ਹੌਰਸ ਸ਼ੂ ਫਾਲ ਵਿਚ ਡਿੱਗ ਪਿਆ ਸੀ। ਉਸ ਨੂੰ ਟੂਰ ਬੋਟ ਵੱਲੋਂ ਸੁੱਟੀ ਗਈ ਲਾਈਫ ਰਿੰਗ ਜ਼ਰੀਏ ਪਾਣੀ ਵਿਚੋਂ ਕੱਢਿਆ ਗਿਆ। ਇੱਥੇ ਦੱਸ ਦਈਏ ਕਿ ਨਿਆਗਰਾ ਫਾਲਜ਼ ਵਿਚ ਕੁਝ ਲੋਕ ਬੈਰਲ ਵਿਚ ਜਾਂ ਤੈਰਾਕੀ ਯੰਤਰ (floating device) ਦੇ ਨਾਲ ਡਿੱਗਣ ਦੇ ਬਾਅਦ ਵੀ ਬਚ ਗਏ ਜਦਕਿ ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ।