ਬਲਜਿੰਦਰ ਸੇਖਾ/ਸੁਖਦੇਵ ਸਿੰਘ ਢਿੱਲੋਂ, ਟੋਰਾਂਟੋ : ਟੋਰਾਂਟੋ ਤੋ ਤਕਰੀਬਨ100 ਕਿਲੋਮੀਟਰ ਦੂਰ ਬੀਤੇ ਐਤਵਾਰ ਕਿਚਨਰ (Kitchene) ਸ਼ਹਿਰ ਵਿਖੇ ਪਹਿਲੇ ਸਿੱਖ ਵਾਰ ਹੀਰੋ ਸ. ਬੁੱਕਮ ਸਿੰਘ ਦੇ ਮਾਣ ਵਿੱਚ ਇੱਕ ਪ੍ਰਭਾਵਸਾਲੀ ਸਰਧਾਂਜਲੀ ਸਮਾਗਮ ਮਾਉਂਟ ਹੋਪ ਸ਼ਮਸ਼ਾਨਘਾਟ ਵਿਖੇ ਹਰ ਸਾਲ ਦੀ ਤਰ੍ਹਾਂ ਰੱਖਿਆ ਗਿਆ ।

ਇਸ ਸਮਾਗਮ ਵਿੱਚ ਕੈਨੇਡੀਅਨ ਫ਼ੌਜ ਦੀਆਂ ਵੱਖ-ਵੱਖ ਟੁਕੜੀਆਂ, ਕੈਨੇਡੀਅਨ ਵੈਟਰਨਜ਼ ਸੰਸਥਾਵਾਂ, ਭਾਰਤੀ ਸਾਬਕਾ ਸੈਨਿਕ, ਆਰਸੀਐਮਪੀ, ਟੋਰਾਂਟੋ ਪੁਲਿਸ, ਸਥਾਨਕ ਪੁਲਿਸ, ਤਿੰਨਾਂ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ, ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀਓ, ਵੱਖ-ਵੱਖ ਸਿੱਖ ਸੰਸਥਾਵਾਂ, ਸਿੱਖ ਪਰਿਵਾਰਾਂ ਤੇ ਸਮਾਜ ਦੇ ਬਾਕੀ ਵਰਗਾਂ ਨੇ ਵਧ-ਚੜ੍ਹਕੇ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਸਰਦਾਰ ਬੁੱਕਮ ਸਿੰਘ, ਉਹਨਾਂ 9 ਸਿੱਖ ਸਿਪਾਹੀਆਂ ਵਿੱਚੋ ਇੱਕ ਸਨ ਜਿੰਨਾ ਕੈਨੇਡੀਅਨ ਫ਼ੌਜ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲਿਆ ਸੀ।

ਸ. ਬੁੱਕਮ ਸਿੰਘ ਦੇ ਜੀਵਨ ਸੰਬੰਧੀ ਵੇਰਵਿਆਂ ਤੋਂ ਪਤਾ ਲੱਗਦਾ ਹੈ , ਉਹਨਾਂ ਦਾ ਜਨਮ 05 ਦਸੰਬਰ 1893 ਨੂੰ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਘੇ ਪਿੰਡ ਮਾਹਿਲਪੁਰ ਵਿਖੇ ਹੋਇਆ । ਉਹਨਾਂ ਦੇ ਪਿਤਾ ਦਾ ਨਾਮ ਸ. ਬਦਨ ਸਿੰਘ ਤੇ ਮਾਤਾ ਦਾ ਨਾਮ ਚੰਦੀ ਕੌਰ ਸੀ । ਉਹਨਾਂ ਦਾ ਵਿਆਹ ਕੇਵਲ ਦੱਸ ਸਾਲ ਦੀ ਉਮਰ ਵਿੱਚ ਜਲੰਧਰ ਜ਼ਿਲ੍ਹੇ ਦੇ ਜਮਸ਼ੇਰ ਪਿੰਡ ਦੀ ਪ੍ਰੀਤਮ ਕੌਰ ਨਾਲ 1903 ਵਿੱਚ ਹੋਇਆ। ਸੰਨ 1907 ਨੂੰ ਕੇਵਲ 14 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਦੇ ਸੂਬੇ ਬੀਸੀ ਵਿੱਚ ਪਹੁੰਚਿਆ । ਜਿੱਥੋਂ ਪੰਜ ਸਾਲ ਬਾਅਦ ਉਹ 1912 ਨੂੰ Ontario ਵਿੱਚ ਆ ਗਿਆ। ਕੈਨੇਡਾ ਬਰਤਾਨਵੀ ਰਾਜ ਦਾ ਇੱਕ ਮੈਂਬਰ ਹੋਣ ਨਾਤੇ 5 ਅਗਸਤ 1914 ਨੂੰ ਪਹਿਲੀ ਵਰਲਡ ਵਾਰ ਵਿੱਚ ਦਾਖਲ ਹੋ ਗਿਆ। ਸਰਦਾਰ ਬੁੱਕਮ ਸਿੰਘ 22 ਸਾਲ ਦੀ ਉਮਰ ਵਿੱਚ 23 ਅਪ੍ਰੈਲ 1915 ਨੂੰ ਕੈਨੇਡੀਅਨ ਫ਼ੌਜ ਵਿੱਚ ਭਰਤੀ ਹੋ ਗਏ । ਉਹਨਾਂ ਨੂੰ 59ਵੀਂ ਕੈਨੇਡੀਅਨ ਆਰਮਜ਼ ਫੋਰਸ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ । ਟਰੇਨਿੰਗ ਤੋਂ ਬਾਅਦ 27 ਅਗਸਤ 1915 ਨੂੰ ਉਹ ਇੰਗਲੈਂਡ ਪਹੁੰਚ ਗਏ ਜਿੱਥੋਂ 21 ਜਨਵਰੀ 1916 ਨੂੰ ਫਰਾਂਸ ਵਿਖੇ ਲੜਾਈ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ । ਜਿੱਥੇ 2 ਜੂਨ 1916 ਨੂੰ ਬੰਬ ਦਾ ਇੱਕ ਟੁਕੜਾ ਸਿਰ ਵਿੱਚ ਲੱਗਣ ਕਾਰਨ ਉਹ ਫੱਟੜ ਹੋ ਗਏ । ਇੱਕ ਮਹੀਨੇ ਦੇ ਇਲਾਜ ਤੋਂ ਬਾਅਦ ਉਹ ਫਿਰ ਜੰਗ ਦੇ ਮੈਦਾਨ ਵਿੱਚ ਚਲੇ ਗਏ। ਲੜਾਈ ਦੌਰਾਨ 24 ਜੁਲਾਈ 1916 ਨੂੰ ਉਹ ਦੁਬਾਰਾ ਫੱਟੜ ਹੋ ਗਏ । ਇੰਗਲੈਂਡ ਦੇ ਮਾਨਚੈਸਟਰ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਹੋਇਆ ਤੇ ਫਿੱਟ ਹੋਣ ਤੋਂ ਬਾਅਦ ਫਰਾਂਸ ਜਾਣ ਦੀ ਉਡੀਕ ਕਰਨ ਲੱਗੇ ਪਰ ਇਸ ਉਡੀਕ ਦੌਰਾਨ ਹੀ ਉਹ ਟੀਬੀ (Tuberculosis) ਦੀ ਬਿਮਾਰੀ ਨਾਲ ਬੁਰੀ ਤਰ੍ਹਾਂ ਘਿਰ ਗਏ ਤੇ ਉਹਨਾਂ ਨੁੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ । ਇੱਥੇ ਪਹੁੰਚਣ ਤੋਂ ਬਾਅਦ ਇਹਨਾਂ ਦਾ ਇਲਾਜ ਕਿਚਨਰ ਦੇ ਫ਼ੌਜੀ ਹਸਪਤਾਲ ਵਿੱਚ ਸ਼ੁਰੂ ਹੋਇਆ , ਪਰ ਇਲਾਜ ਦੌਰਾਨ ਹੀ ਉਹਨਾਂ ਨੇ 27 ਅਗਸਤ 1919 ਨੁੰ ਆਪਣਾ ਆਖਰੀ ਸਾਹ ਇਸੇ ਹਸਪਤਾਲ ਵਿੱਚ ਲਿਆ । ਇੱਥੇ ਹੀ ਉਹਨਾਂ ਨੂੰ ਮਾਉਂਟ ਹੋਪ ਸ਼ਮਸ਼ਾਨਘਾਟ ਵਿੱਚ ਦਫ਼ਨਾਇਆ ਗਿਆ । ਉਹਨਾਂ ਦੀ ਕਬਰ ਜੋ ਪੂਰੇ ਕੈਨੇਡਾ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਭਾਗ ਲੈਣ ਵਾਲੇ ਕੈਨੇਡੀਅਨ ਸਿੱਖ ਸਿਪਾਹੀ ਦੀ ਕਬਰ ਵਜੋਂ ਜਾਣੀ ਜਾਂਦੀ ਹੈ । ਹਰ ਸਾਲ Remembrance Day ਤੋਂ ਆਉਣ ਵਾਲੇ ਪਹਿਲੇ ਐਤਵਾਰ ਨੂੰ ਇਸ ਸਿੱਖ ਵਾਰ ਹੀਰੋ ਦੇ ਮਾਣ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਹੁੰਦਾ ਹੈ।