ਟੋਰਾਂਟੋ : ਇੱਕ ਨਵੇਂ ਸਰਵੇਖਣ ਅਨੁਸਾਰ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉੱਤੇ ਹੋਣ ਵਾਲੀ ਦੇਰ ਤੇ ਸਕਿਊਰਿਟੀ ਸਬੰਧੀ ਜਾਂਚ ਕਾਰਨ ਇੱਕ ਸਾਲ ਵਿੱਚ ਕੈਨੇਡੀਅਨਾਂ ਦੀ ਜੇਬ੍ਹ ਉੱਤੇ 19.1 ਬਿਲੀਅਨ ਡਾਲਰ ਦਾ ਬੋਝ ਪੈਂਦਾ ਹੈ। ਫਰੇਜ਼ਰ ਇੰਸਟੀਚਿਊਟ ਦੇ ਖੋਜਾਰਥੀਆਂ ਨੇ ਪਤਾ ਲਾਇਆ ਹੈ ਕਿ 11 ਸਤੰਬਰ, 2001 ਨੂੰ ਅਮਰੀਕਾ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉੱਤੇ ਸੁਰੱਖਿਆ ਸਬੰਧੀ ਕੀਤੇ ਗਏ ਵਾਧੂ ਪ੍ਰਬੰਧਾਂ ਤੇ ਕਾਰੋਬਾਰ ਅਤੇ ਟੂਰਿਜ਼ਮ ਵਿੱਚ ਆਈ ਕਮੀ ਕਾਰਨ ਇਹ ਵਾਧੂ ਬੋਝ ਪਿਆ ਹੈ। ਫਰੇਜ਼ਰ ਇੰਸਟੀਚਿਊਟ ਦੇ ਸੀਨੀਅਰ ਫੈਲੋ ਤੇ ਰਿਪੋਰਟ ਤਿਆਰ ਕਰਨ ਵਾਲੇ ਸਹਿ-ਲੇਖਕ ਅਲੈਗਜੈ?ਂਡਰ ਮੋਇਨਜ਼ ਨੇ ਆਖਿਆ ਕਿ ਕੈਨੇਡੀਅਨ ਤੇ ਅਮਰੀਕਨ ਇਸ ਦੁਚਿੱਤੀ ਵਿੱਚ ਹਨ ਕਿ ਕੀ ਸਾਨੂੰ ਵੱਧ ਖਰਚੇ ਵਾਲੇ ਅਸਹਿਯੋਗੀ ਬਾਰਡਰ ਪ੍ਰੋਗਰਾਮਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਾਂ ਫਿਰ ਨਵੇਂ ਸਰਹੱਦੀ ਪ੍ਰਬੰਧ ਕਰਨੇ ਚਾਹੀਦੇ ਹਨ। ਰਿਪੋਰਟ ਵਿੱਚ ਦਰਸਾਏ ਗਏ ਅੰਕੜਿਆਂ ਅਨੁਸਾਰ 2001 ਤੋਂ ਹੀ ਅਮਰੀਕਾ ਨੂੰ ਕੀਤੇ ਜਾਣ ਵਾਲੇ ਕੈਨੇਡੀਅਨ ਬਰਾਮਦ ਵਿੱਚ 11 ਫੀ ਸਦੀ ਕਮੀ ਆਈ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਪਿਛਲੇ ਇੱਕ ਦਹਾਕੇ ਵਿੱਚ ਰਾਤੋ ਰਾਤ ਕੈਨੇਡਾ ਦਾ ਦੌਰਾ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਵਿੱਚ ਵੀ 23 ਫੀ ਸਦੀ ਕਮੀ ਪਾਈ ਗਈ ਹੈ ਜਦਕਿ 2000 ਵਿੱਚ ਇਹ ਗਿਣਤੀ 15.2 ਮਿਲੀਅਨ ਸੀ ਤੇ 2009 ਵਿੱਚ ਇਹ ਗਿਣਤੀ 11.7 ਮਿਲੀਅਨ ਸੀ। ਸਰਹੱਦ ਉੱਤੇ ਬਿਹਤਰ,ਕਿਫਾਇਤੀ ਤੇ ਸਾਂਝੇ ਪ੍ਰਬੰਧ ਕਰਨ ਲਈ ਰਿਪੋਰਟ ਵਿੱਚ ਸਰਕਾਰਾਂ ਲਈ ਕਈ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ। ਰਿਪੋਰਟ ਵਿੱਚ ਵਿੰਡਸਰ, ਓਨਟਾਰੀਓ ਤੇ ਡਿਟਰਾਇਟ, ਮਿਸ਼ੀਗਨ ਦਰਮਿਆਨ ਨਵਾਂ ਪੁਲ ਕਾਇਮ ਕਰਨ ਲਈ ਜੂਨ ਵਿੱਚ ਕੈਨੇਡੀਅਨ ਤੇ ਅਮਰੀਕੀ ਸਰਕਾਰ ਵੱਲੋਂ ਕਰਾਰ ਕੀਤੇ ਜਾਣ ਉੱਤੇ ਦੋਵਾਂ ਮੁਲਕਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ। ਇਸ ਨਾਲ ਸਰਹੱਦੀ ਲਾਂਘਿਆਂ ਉੱਤੇ ਉਡੀਕ ਲਈ ਲੱਗੀਆਂ ਲੰਮੀਆਂ ਲਾਈਨਾਂ ਵਿੱਚ ਜਿੱਥੇ ਕਮੀ ਆਵੇਗੀ ਉੱਥੇ ਹੀ ਆਟੋਮੋਟਿਵ ਇੰਡਸਟਰੀ ਦੀ ਵੀ ਮਦਦ ਹੋਵੇਗੀ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ