ਬਹੁਤ ਦਿਲਚਸਪ ਨਤੀਜੇ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਆਪਣੇ ਆਪ ਤੋਂ ਮੂੰਹ ਫੇਰਨ ਵਾਲੀ ਗੱਲ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਜਿਹਾ ਕੁੱਝ ਨਹੀਂ ਹੋਇਆ ਹੋਵੇਗਾ। 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਸ਼ਾਮ 5 ਵਜੇ ਤੱਕ ਮਹਿਜ਼ 55 ਫ਼ੀਸਦੀ ਦੇ ਆਸ ਪਾਸ ਹੀ ਪੋਲਿੰਗ ਹੋਈ ਸੀ ਜਿਸ ਤੋਂ ਬਾਦਲ ਦਲ ਅਤੇ ਕਾਂਗਰਸ ਦੀਆਂ ਵਾਛਾਂ ਖਿੜਨੀਆਂ ਸ਼ੁਰੂ ਹੋ ਗਈਆਂ ਸਨ। ਘੱਟ ਪੋਲਿੰਗ ਭਾਵ ਕਾਂਗਰਸ ਦੀ ਸਰਕਾਰ। ਵੱਧ ਪੋਲਿੰਗ ਭਾਵ ਬਾਦਲਾਂ ਦੀ ਇੱਕ ਵਾਰ ਫੇਰ। ਪਰ ਰਾਤ 9 ਵਜੇ ਤੋਂ ਬਾਅਦ ਜਿਹੜੇ ਅੰਕੜੇ ਚੋਣ ਕਮਿਸ਼ਨ ਨੇ ਜਾਰੀ ਕੀਤੇ ਉਹਦੇ ਨਾਲ ਦੋਵੇਂ ਧਿਰਾਂ ਦੀ ਖਾਨਿਓਂ ਗਈ। 2012 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਨਾਲੋਂ ਮਹਿਜ਼ 1 ਫ਼ੀਸਦੀ ਘੱਟ ਵੋਟਾਂ ਪਈਆਂ। ਲੰਬੀ ਅਤੇ ਜਲਾਲਾਬਾਦ ਹਲਕਿਆਂ ‘ਚ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ। ਪਟਿਆਲੇ ‘ਚ ਆਸ ਦੇ ਉਲਟ ਕਾਫ਼ੀ ਘੱਟ ਪੋਲਿੰਗ ਹੋਈ। ਹਾਲਾਂਕਿ ਫ਼ੀਸਦੀ ਤੋਂ ਅੰਦਾਜ਼ੇ ਲਾਉਣੇ ਸਿਰਫ਼ ਅਟਕਲਾਂ ਮਾਤਰ ਹੀ ਹੋ ਸਕਦੀਆਂ ਹਨ। ਪਰ ਇਹ ਇਸ ਲਈ ਮੰਨਣਾ ਜਰੂਰੀ ਹੋ ਜਾਂਦਾ ਹੈ ਜਦੋਂ ਪਿਛਲੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦੇ ਹੋਣ। ਸੋ ਪੋਲਿੰਗ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਵੱਲ ਹੋ ਤੁਰੀ ਹੈ।
ਬਾਦਲ ਦਲ ਪੰਜਾਬ ਦੀ ਸਿਆਸੀ ਤਸਵੀਰ ਤੋਂ ਇਸ ਤਰਾਂ ਖਤਮ ਹੋ ਜਾਵੇਗਾ, ਇਸ ਗੱਲ ਦਾ ਕਿਸੇ ਨੂੰ ਵੀ ਚਿੱਤ ਚੇਤਾ ਨਹੀਂ ਸੀ। ਇਸ ਲਈ ਜਿਹੜੀ ਜ਼ਹਿਰ ਨੇ ਮਾਰੂ ਅਸਰ ਪਾਇਆ ਉਹ ਹੈ ਡੇਰਾ ਸਿਰਸਾ। ਬਿਲਕੁਲ ਆਖਰੀ ਸਮੇਂ ‘ਤੇ ਗੁਰਮੀਤ ਰਾਮ ਤੋਂ ਬਾਦਲ ਦਲ ਅਤੇ ਭਾਜਪਾ ਲਈ ਹਮਾਇਤ ਦਾ ਐਲਾਨ ਕਰਵਾ ਲੈਣਾ ਬਾਦਲਾਂ ਦੀ ਕਬਰ ‘ਚ ਆਖਰੀ ਕਿੱਲ ਸਾਬਤ ਹੋਇਆ। ਉਂਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਅਸਫ਼ਲਤਾ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਦੇ ਨਾਲ ਨਾਲ ਭਾਰੀ ਟੈਕਸਾਂ ਨੇ ਵੀ ਬਾਦਲਾਂ ਦੀ ਹਾਰ ਲਈ ਪੁਲ਼ ਦਾ ਕੰਮ ਕੀਤਾ। ਜਨਵਰੀ 2012 ਅਤੇ ਫਰਵਰੀ 2017 ‘ਚ ਪੂਰੇ 5 ਸਾਲ ਦਾ ਅੰਤਰ ਹੈ। ਇਨਾਂ 5 ਸਾਲਾਂ ‘ਚ ਇੰਟਰਨੈੱਟ ਨੇ ਮੋਬਾਈਲ ਫ਼ੋਨਾਂ ਜ਼ਰੀਏ ਪਿੰਡਾਂ ਦੀ ਉਮਰ ਦਰਾਜ ਜਨਤਾ ਤੱਕ ਆਪਣਾ ਸਫ਼ਰ ਤੈਅ ਕੀਤਾ। ਇਸ ਸਫ਼ਰ ‘ਚ ਭਗਵੰਤ ਮਾਨ ਦੇ ਚੁਟਕਲੇ ਘੱਟ ਸੁਖਬੀਰ ਬਾਦਲ ਦੇ ਹਾਸੋਹੀਣੇ ਬਿਆਨ ਲੋਕਾਂ ‘ਚ ਵਧੇਰੇ ਮਨੋਰੰਜਨ ਕਰਦੇ ਰਹੇ। ਵਿਕਾਸ ਪੁਰਸ਼ ਬਣਨ ਦੀ ਲਾਲਸਾ ਰੱਖਣ ਵਾਲੇ ਛੋਟੇ ਬਾਦਲ ਲੋਕ ਮਨਾਂ ‘ਚੋਂ ਦਿਨੋ ਦਿਨ ਦੂਰ ਹੁੰਦੇ ਗਏ ਅਤੇ ਖ਼ੁਦ ਹੀ ਆਪਣੀਆਂ ਵੋਟਾਂ ਤੋੜਦੇ ਰਹੇ। ਫੇਰ ਵੀ ਬਾਦਲਾਂ ਅਤੇ ਉਨਾਂ ਦੇ ਕੁਝ ਅਮੀਰ ਉਮੀਦਵਾਰਾਂ ਨੇ ਆਪਣੀਆਂ ਸੀਟਾਂ ਜਿੱਤਣ ਲਈ ਪੈਸਾ ਪਾਣੀ ਵਾਂਗ ਵਹਾਇਆ। ਲੋਕਾਂ ਨੂੰ ਵੋਟ ਪਾਉਂਦਿਆਂ ਦੀ ਫ਼ੋਟੋ ਖਿੱਚ ਕੇ ਬੂਥ ਦੇ ਬਾਹਰ ਦਿਖਾਣ ਦੇ ਬਾਅਦ 500 ਰੁਪਏ ਤੋਂ 5 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਕੀਤੀ ਗਈ। ਅਜਿਹੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ। ਬਹੁਤੀਆਂ ਥਾਵਾਂ ‘ਤੇ ਸ਼ਰਾਬ ਵੰਡਣ ਦੇ ਅਜੀਬੋ ਗ਼ਰੀਬ ਤਰੀਕੇ ਦੇਖਣ ਲਈ ਮਿਲੇ। ਸ਼ਰਾਬ ਦੇ ਠੇਕਿਆਂ ‘ਤੇ ਕੋਡ ਵਰਡ ਜਾਰੀ ਕੀਤੇ ਗਏ। 10 ਰੁਪਏ ਦਾ ਨੋਟ ਦੇਣ ‘ਤੇ ਦੇਸੀ ਸ਼ਰਾਬ ਦੀ ਬੋਤਲ ਅਤੇ 20 ਰੁਪਏ ਦੇਣ ‘ਤੇ ਅੰਗ੍ਰੇਜ਼ੀ ਦੀ ਬੋਤਲ ਵੰਡੀ ਗਈ। ਮਨਪ੍ਰੀਤ ਇਆਲੀ ਵੱਲੋਂ ਵੰਡੇ ਜਾਣ ਲਈ ਲਿਆਂਦੀ ਗਈ ਸ਼ਰਾਬ ਦੀਆਂ ਵੀਡੀਓ ਵੱਟਸਐਪ ‘ਤੇ ਭੱਜੀਆਂ ਫ਼ਿਰਦੀਆਂ ਸਨ।
ਇਨਾਂ ਚੋਣਾਂ ਦੀ ਖਾਸ ਗੱਲ ਕਾਂਗਰਸ ਅਤੇ ਬਾਦਲ ਦਲ ਦਾ ਗੁਪਤ ਸਮਝੌਤਾ ਵੀ ਕਹੀ ਜਾ ਸਕਦੀ ਹੈ। ਜਿਸ ਵੇਲੇ ਆਮ ਆਦਮੀ ਪਾਰਟੀ ਨੇ ਪਿਓ ਪੁੱਤਾਂ ਨੂੰ ਘੇਰਨ ‘ਚ ਬਹੁਤ ਅੱਗੇ ਤੱਕ ਛਾਲ ਮਾਰ ਲਈ ਸੀ ਤਾਂ ਕਾਗ਼ਜ਼ ਦਾਖਲ ਕਰਨ ਦੇ ਦੋ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਲੜਨ ਦਾ ਐਲਾਨ ਸਭ ਕੁਝ ਸਾਫ਼ ਕਰ ਗਿਆ। ਹੋਰ ਕਈ ਸੀਟਾਂ ‘ਤੇ ਇੰਜ ਹੋਇਆ। ਬਾਦਲ ਪਰਿਵਾਰ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਢਿੱਲਾ ਢਿੱਲਾ ਜਿਹਾ ਹੀ ਪ੍ਰਦਰਸ਼ਨ ਕੀਤਾ ਗਿਆ। ਮਾਝੇ ਦੇ ਜਰਨੈਲ ਵੱਜੋਂ ਮਸ਼ਹੂਰ ਹੋਣਾ ਲੋਚਦੇ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਵੀ ਆਪਣੇ ਆਪਣੇ ਚੋਣ ਪ੍ਰਚਾਰ ਦੌਰਾਨ ਸੀਮਤ ਦਾਇਰਿਆਂ ‘ਚ ਰਹੇ। ਮਾਲਵੇ ‘ਚ ਬਾਦਲ ਦਲ ਦੇ ਬਹੁਤੇ ਉਮੀਦਵਾਰਾਂ ਨੂੰ ਲੋਕਾਂ ਨੇ ਪਿੰਡਾਂ ‘ਚ ਨਹੀਂ ਵੜਨ ਦਿਤਾ। ਜੇ ਕਿਧਰੇ ਕੋਈ ਆਪਣਾ ਲਾਮ ਲਸ਼ਕਰ ਲੈ ਕੇ ਗਿਆ ਵੀ ਤਾਂ ਲੋਕਾਂ ਦੇ ਸਵਾਲਾਂ ਨੇ ਉਨਾਂ ਨੂੰ ਸ਼ਰਮਸਾਰ ਕੀਤਾ। ਜੁੱਤੀ ਕਾਂਡ ਦੇ ਬਾਅਦ ਮਲੂਕੇ ਦਾ ਅਰਦਾਸ ਕਾਂਡ ਬਾਦਲਾਂ ਲਈ ਕਾਫ਼ੀ ਔਖੇ ਸਾਬਤ ਹੋਏ। ਇਸ ਤਰਾਂ ਬਾਡੀ ਲੈਂਗੁਏਜ ਨੇ ਪਹਿਲਾਂ ਹੀ ਲੋਕਾਂ ਅਤੇ ਮੀਡੀਆ ‘ਚ ‘ਚਿੜੀਆ ਚੁਗ ਗਈ ਖੇਤ’ ਦਾ ਵਿਚਾਰ ਪੱਕਿਆਂ ਕਰ ਦਿਤਾ। ਨਵਜੋਤ ਸਿੱਧੂ ਪਹਿਲਾਂ ”ਖਟਾਕ, ਖਟਾਕ” ਕਰਦੇ ਰਹੇ ਅਤੇ ਆਖਰੀ ਸਮੇਂ ਕਾਂਗਰਸ ‘ਚ ਜਾ ਵੜੇ। ਪਰ ਉਹਦੀ ਆਪਣੀ ਸੀਟ ਬਹੁਤ ਸੁਰੱਖਿਅਤ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ, ਪੰਜਾਬੀਅਤ ਦਾ ਦਮ ਖ਼ਮ ਭਰਨ ਦੀ ਵਕਾਲਤ ਕੀਤੀ ਸੀ ਅਤੇ ਇਸੇ ਕਾਰਨ ਪ੍ਰਵਾਸੀ ਸਿੱਖਾਂ ਨੇ ਪਾਰਟੀ ਨੂੰ ਪੈਸੇ ਨਾਲ ਤੋਲ ਕੇ ਪਹਿਲਾਂ ਦਿੱਲੀ ਚੋਣਾਂ ਜਿਤਾਈਆਂ ਅਤੇ ਹੁਣ ਪੰਜਾਬ ‘ਚ ਵੀ ਅਜਿਹਾ ਕਰਨ ਵੱਲ ਪੁਲਾਂਘ ਪੁੱਟ ਲਈ ਹੈ। ‘ਆਪ’ ਨੇ ਕਈ ਬੱਜਰ ਗਲਤੀਆਂ ਕੀਤੀਆਂ। ਆਖਰੀ ਦਿਨਾਂ ‘ਚ ਉਪਕਾਰ ਸਿੰਘ ਸੰਧੂ ਨੂੰ ਪਾਰਟੀ ‘ਚ ਸ਼ਾਮਲ ਕਰਨਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਦੇਣੀ, ਬਾਦਲ ਦਲ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਪਾਰਟੀ ‘ਚ ਸ਼ਾਮਲ ਕਰਨਾ, ਪੈਸੇ ਲੈ ਕੇ ਟਿਕਟਾਂ ਵੰਡਣੀਆਂ ਅਤੇ ਬਹੁਤ ਸਾਰੇ ਹਲਕਿਆਂ ‘ਚ ਤਕੜੇ ਉਮੀਦਵਾਰਾਂ ਨੂੰ ਦਰਕਿਨਾਰ ਕਰਕੇ ਕਮਜ਼ੋਰ ਬੰਦਿਆਂ ਨੂੰ ਮੈਦਾਨ ‘ਚ ਉਤਾਰਨ ਨਾਲ ਕਈ ਤਰਾਂ ਦੇ ਸਵਾਲ ਉੱਠਦੇ ਹਨ। ਕਈਆਂ ਦਾ ਸਵਾਲ ਸੀ ਕਿ ਉਪਕਾਰ ਸੰਧੂ ਅਤੇ ਬਿਕਰਮ ਮਜੀਠੀਆ ‘ਚ ਕੀ ਫਰਕ ਹੈ? ਇਨਾਂ ਸਵਾਲਾਂ ਦਾ ਜਵਾਬ ਕੇਜਰੀਵਾਲ ਟੀਮ ਨੂੰ ਦੇਣਾ ਪਵੇਗਾ। ਜੇ ਪਾਰਟੀ ਸਥਾਨਕ ਪਾਰਟੀ ਵਰਕਰਾਂ ਦੀ ਸੁਣਦੀ ਤਾਂ ਇਹ ਵੀ ਹੋ ਸਕਦਾ ਕਿ ਸਾਰੀਆਂ ਸੀਟਾਂ ਹੀ ਜਿੱਤੀਆਂ ਜਾ ਸਕਦੀਆਂ। ਇਸ ਦੇ ਨਾਲ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸੂਬਾ ਪੱਧਰ ਦਾ ਕੋਈ ਆਗੂ ਅੱਗੇ ਨਹੀਂ ਆਉਣ ਦਿਤਾ। ਸੁੱਚਾ ਸਿੰਘ ਛੋਟੇਪੁਰ ਦਾ ਪਾਰਟੀ ਨਿਕਾਲਾ ਬਹੁਤ ਹੀ ਮੰਦਭਾਗਾ ਰਿਹਾ ਅਤੇ ਇਸ ਦਾ ਕਾਰਨ ਵੀ ਇਹੋ ਸੀ। ਹਾਲਾਂਕਿ ‘ਛੋਟੇਪੁਰ’ ਫ਼ੈਕਟਰ ਨੇ ਕੋਈ ਬਹੁਤਾ ਕੰਮ ਨਹੀਂ ਕਰਨਾ, ਜਦਕਿ ਉਨਾਂ ‘ਤੇ ਬਾਦਲਾਂ ਦੇ ਇਸ਼ਾਰਿਆਂ ‘ਤੇ ਕਾਰਜ ਕਰਨ ਦੇ ਦੋਸ਼ ਵੀ ਲੱਗੇ। ਸ਼ਾਇਦ ਇਸ ਦਾ ਕਾਰਨ ਪੀਟੀਸੀ ਚੈਨਲ ਵੱਲੋਂ ਦਿਤੀ ਗਈ ਕਵਰੇਜ ਵੀ ਹੋ ਸਕਦਾ ਹੈ।
ਦੁਆਬੇ ‘ਚ ਬਹੁਜਨ ਸਮਾਜ ਪਾਰਟੀ ਦਾ ਚੰਗਾ ਖਾਸਾ ਅਧਾਰ ਹੈ। ਪਰ ਫਿਰ ਵੀ ਬਾਦਲਾਂ ਅਤੇ ਕਾਂਗਰਸ ਵੱਲੋਂ ਵੱਡੀ ਗਿਣਤੀ ਦਲਿਤਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਫ਼ਿਲੌਰ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਉਨਾਂ ਦੀ ਸਥਿਤੀ ਕਾਫ਼ੀ ਮਜ਼ਬੂਤ ਕਹੀ ਜਾ ਸਕਦੀ ਹੈ।
ਜੇ ਪੰਥਕ ਧਿਰਾਂ ਦੀ ਗੱਲ ਨਾ ਕਰੀਏ ਤਾਂ ਗੱਲ ਅਧੂਰੀ ਰਹੇਗੀ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਬਾਅਦ ਸਰਬੱਤ ਖਾਲਸਾ ਕਰਵਾਇਆ ਗਿਆ ਅਤੇ ਇਸ ਨੂੰ ਕਰਵਾਉਣ ਵਾਲੀਆਂ ਅੰਮ੍ਰਿਤਸਰ ਅਕਾਲੀ ਦਲ ਅਤੇ ਹੋਰ ਧਿਰਾਂ ਨੂੰ ਸਿਆਸੀ ਮਜ਼ਬੂਤੀ ਵੀ ਮਿਲੀ ਸੀ। ਪਰ ਇਨਾਂ ਧਿਰਾਂ ਨੇ ਚੋਣਾਂ ਸੰਬੰਧੀ ਸਿਰਫ਼ ਧਾਰਮਿਕ ਉਤੇਜਨਾ ਨੂੰ ਹੀ ਵੱਡਾ ਸਮਝਦਿਆਂ ਕੋਈ ਬਹੁਤੀ ਤਿਆਰੀ ਨਹੀਂ ਕੀਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੇ ਹੱਕ ‘ਚ ਹਵਾ ਬਣਾ ਚੁੱਕੀ ਸੀ। ਇਸ ਲਈ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਜਤੋ ਤਕੀ ‘ਚ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਪੂਰੇ ਉਮੀਦਵਾਰ ਵੀ ਨਹੀਂ ਮਿਲੇ ਅਤੇ ਦੋ ਤਿੰਨ ਪੜਾਵਾਂ ‘ਚ ਇਨਾਂ ਦਾ ਐਲਾਨ ਕੀਤਾ ਗਿਆ। ਪਾਰਟੀ ਦੇ ਮਾਨਸਾ, ਧੂਰੀ ਅਤੇ ਬਰਨਾਲਾ ਹਲਕਿਆਂ ‘ਚ ਹੀ ਚਰਚੇ ਚੱਲੇ। ਬਾਕੀ ਸ਼ਾਇਦ ਹੀ ਆਪਣੀਆਂ ਜ਼ਮਾਨਤਾਂ ਬਚਾ ਸਕਣ। ਜੇ ਆਮ ਆਦਮੀ ਪਾਰਟੀ ਦੀ ਹਵਾ ਨਾ ਚੱਲਦੀ ਤਾਂ ਇਨਾਂ ਉਮੀਦਵਾਰਾਂ ਕਾਰਨ ਬਾਦਲਾਂ ਨੂੰ ਬਹੁਤ ਫ਼ਾਇਦਾ ਪਹੁੰਚਣਾ ਸੀ। ਪਰ ਹੁਣ ਅਜਿਹੀ ਗੱਲ ਨਹੀਂ। ਸਿਮਰਨਜੀਤ ਸਿੰਘ ਮਾਨ ਦੀ ਬਰਨਾਲੇ ਤੋਂ ਸਥਿਤੀ ਐਨੀ ਕੁ ਕਹੀ ਜਾ ਸਕਦੀ ਹੈ ਕਿ ਉਹ ਲੜਾਈ ‘ਚ ਖੜੇ ਹਨ।
ਸੋ ਕੁੱਲ ਮਿਲਾ ਕੇ ਸਿਆਸੀ ਹਾਲਤ ਪੰਜਾਬ ‘ਚ ਨਵੇਂ ਰੰਗ ਭਰਨ ਦੀ ਸ਼ਾਹਦੀ ਭਰਦੀ ਹੈ। ਇਹ ਰੰਗ ਚਿੱਟੇ ਨੀਲਿਆਂ ਤੋਂ ਕਿੰਨੇ ਕੁ ਵੱਖਰੇ ਹੋਣਗੇ, ਸਮੇਂ ਦੇ ਨਾਲ ਨਵਾਂ ਮੁੱਖ ਮੰਤਰੀ ਹੀ ਤੈਅ ਕਰੇਗਾ। ਕੀ ਨਵਾਂ ਮੁੱਖ ਮੰਤਰੀ ਕਠਪੁਤਲੀ ਹੋਵੇਗਾ ਜਾਂ ਕੋਈ ਮਰਦ ਦਲੇਰ? ਇਹ ਸਵਾਲ ਤਿੱਖਾ ਹੈ। ਇਸ ਸਵਾਲ ਦੇ ਜ਼ਿਹਨ ‘ਚ ਆਉਂਦਿਆਂ ਹੀ ਪ੍ਰਵਾਸੀ ਵੀਰਾਂ ਦੇ ਮਨ ‘ਚ ਡਰ ਪੈਦਾ ਹੋ ਜਾਵੇਗਾ ਕਿ ‘ਯਾਰ, ਕਿਤੇ ਠੱਗੇ ਤਾਂ ਨਹੀਂ ਗਏ?’ ਇਹ ਗੱਲ ਨਾਲੋ ਨਾਲ ਚੱਲੇਗੀ। ਚੋਣਾਂ ਦੀ ਪੁਣ ਛਾਣ ਇਹ ਦੱਸਦੀ ਹੈ ਕਿ ਬਾਦਲਾਂ ਦੀ ਵੋਟ ਫੀਸਦੀ 25 ਤੋਂ ਘਟ ਕੇ 18 ਦੇ ਆਸ ਪਾਸ ਰਹੇਗੀ। ਕਾਂਗਰਸ ਦੀ 23 ਫੀਸਦੀ ਅਤੇ ਆਮ ਆਦਮੀ ਪਾਰਟੀ 29 ਫੀਸਦੀ ਦੇ ਕਰੀਬ। ਸੋ ਆਮ ਆਦਮੀ ਪਾਰਟੀ 73, ਬੈਂਸ ਭਰਾ 3 , ਕਾਂਗਰਸ 31, ਬਾਦਲ ਦਲ 7 ਸੀਟਾਂ ‘ਤੇ ਕਾਬਜ਼ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ। ਮਜੀਠਾ, ਜਲਾਲਾਬਾਦ, ਲੰਬੀ, ਤਲਵੰਡੀ ਸਾਬੋ, ਲਹਿਰਾ, ਮਾਨਸਾ ਅਤੇ ਸਨੌਰ ਸੀਟਾਂ ‘ਤੇ 200 ਕਰੋੜ ਰੁਪਏ ਤੋਂ ਵੱਧ ਦਾ ਕੈਸ਼ ਖਰਚਾ ਗੁਪਤ ਤਰੀਕੇ ਨਾਲ ਹੋਇਆ ਹੈ। ਇਸ ਲਈ ਇਹ ਹਲਕਿਆਂ ‘ਤੇ 49, 51 ਦੀ ਲੜਾਈ ਹੈ। ਖਰੜ, ਭੁਲੱਥ, ਦਾਖਾ ਹਲਕਿਆਂ ‘ਚ ਪਾਰਟੀ ਦੇ ਸੂਤਰਧਾਰ ਬਿਲਕੁਲ ਸੁਰੱਖਿਅਤ ਕਹੇ ਜਾ ਸਕਦੇ ਹਨ।
-ਸੁਰਿੰਦਰ ਸਿੰਘ(ਟਾਕਿੰਗ ਪੰਜਾਬ)