ਪੰਜਾਬੀ ਜਾਗਰਣ ਟੀਮ, ਸਮਰਾਲਾ : ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਮੰਜਾਲੀਆਂ ਨੇ ਕਣਕ ਤੇ ਆਲੂਆਂ ਦੀ ਚੱਲ ਰਹੀ ਬਿਜਾਈ ਦੇ ਦੌਰ ‘ਚ ਡੀਏਪੀ ਖਾਦ ਦੀ ਆਈ ਭਾਰੀ ਕਿੱਲਤ ਬਾਰੇ ਗੱਲਬਾਤ ਕਰਦਿਆਂ ਕਿਹਾ ਇਸ ਸਮੇਂ ਨਾ ਪਿੰਡਾਂ ਦੀਆਂ ਸੁਸਾਇਟੀਆਂ ‘ਚ ਤੇ ਨਾ ਹੀ ਬਾਜ਼ਾਰ ‘ਚ ਕਿਸਾਨਾਂ ਨੂੰ ਡੀਏਪੀ ਖਾਦ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ‘ਚ ਆਲੂਆਂ ਦੀ ਬਿਜਾਈ ਪਛੜਨ ਦੇ ਖਦਸ਼ੇ ਕਰਕੇ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿਸਾਨਾਂ ਦੀ ਇਸ ਮੁਸ਼ਕਲ ਨੂੰ ਧਿਆਨ ‘ਚ ਰੱਖਦੇ ਹੋਏ ਡੀਏਪੀ ਖਾਦ ਸੁਸਾਇਟੀਆਂ ‘ਚ ਭੇਜੇ। ਆਗੂਆਂ ਨੇ ਮੰਗ ਕੀਤੀ ਕਿ ਵਿਧਾਇਕ ਦਿਆਲਪੁਰਾ ਬਾਹਰਲੇ ਸੂਬਿਆਂ ‘ਚ ਹੋ ਰਹੀਆਂ ਚੋਣਾਂ ਦਾ ਹੇਜ ਛੱਡ ਕੇ ਆਪਣੇ ਹਲਕੇ ਦੇ ਕਿਸਾਨਾਂ ਨੂੰ ਆ ਰਹੀ ਮੁਸ਼ਕਲ ਵੱਲ ਨਿੱਜੀ ਰੂਪ ‘ਚ ਧਿਆਨ ਦੇਣ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਇਸ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਭਾਕਿਯੂ (ਲੱਖੋਵਾਲ) ਵੱਲੋਂ ਤਹਿਸੀਲ ਤੇ ਜ਼ਿਲਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।


