ਕੌਸ਼ਲ ਮੱਲ੍ਹਾ, ਹਠੂਰ : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਮੱਲ੍ਹਾ ਵਿਖੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਯੂਨੀਅਨ ਨੂੰ ਪਤਾ ਲੱਗਾ ਸੀ ਕਿ ਪਿੰਡ ਮੱਲ੍ਹਾ ਦੇ ਇੱਕ ਕਿਸਾਨ ਦੇ ਝੋਨੇ ਨੂੰ ਫ਼ਲ ਨਾ ਲੱਗਣ ਕਾਰਨ ਚਾਰ ਏਕੜ ਝੋਨਾ ਬਰਬਾਦ ਹੋ ਚੁੱਕਾ ਹੈ। ਇਸ ਬਰਬਾਦ ਹੋਈ ਝੋਨੇ ਦੀ ਫ਼ਸਲ ਨੂੰ ਅੱਜ ਯੂਨੀਅਨ ਦੇ ਅਹੁਦੇਦਾਰਾਂ ਨੇ ਖੁਦ ਚੈੱਕ ਕੀਤਾ ਹੈ ਕਿ ਕਿਸਾਨ ਦੀ ਫ਼ਸਲ ਲਗਭਗ 70 ਫ਼ੀਸਦੀ ਬਰਬਾਦ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੀੜ੍ਹਤ ਕਿਸਾਨ ਰਘੁਵੀਰ ਸਿੰਘ ਮੱਲ੍ਹਾ ਨੇ ਕੁਝ ਦਿਨ ਪਹਿਲਾ ਮੈਸ: ਯੂਨਾਈਟਿਡ ਕੈਮੀਕਲ ਐਂਡ ਫਰਟੀਲਾਈਜ਼ਰ (ਮੱਲ੍ਹੇ ਵਾਲੇ) ਪੁਰਾਣੀ ਦਾਣਾ ਮੰਡੀ ਜਗਰਾਓਂਂ ਦੇ ਖ਼ਿਲਾਫ਼ ਖੇਤੀਬਾੜੀ ਵਿਭਾਗ ਦੇ ਡਾ.ਗੁਰਦੀਪ ਸਿੰਘ ਜਗਰਾਓਂ ਨੂੰ ਲਿਖਤੀ ਪੱਤਰ ਵੀ ਦਿੱਤਾ ਸੀ ਜਿਸ ਤੇ ਵਿਭਾਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਨੇ ਪੀੜ੍ਹਤ ਕਿਸਾਨ ਰਘੁਵੀਰ ਸਿੰਘ ਦੀ ਬਾਹ ਫੜ ਲਈ ਹੈ ਅਤੇ ਕਿਸਾਨ ਨੂੰ ਨੁਕਸਾਨੀ ਫਸਲ ਦਾ ਮੁਆਵਜ਼ਾ ਦਿਵਾਕੇ ਹੀ ਦਮ ਲਵੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਦੁਕਾਨ ਦੇ ਮਾਲਕ ਖ਼ਿਲਾਫ਼ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਚਕਰ, ਸੀਟੂ ਦੇ ਤਹਿਸੀਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਰੈਣ ਸਿੰਘ, ਅਜੈਬ ਸਿੰਘ ਝੋਰੜਾ, ਨੀਲਾ ਸਿੰਘ, ਬਲਵੀਰ ਦਾਸ, ਭੋਲਾ ਸਿੰਘ, ਹੈਪੀ ਸਿੰਘ, ਅਸਲਪਾਲ, ਜਗਜੀਤ ਸਿੰਘ, ਨੀਟਾ ਸਿੰਘ, ਜਗਤਾਰ ਸਿੰਘ, ਮਾਹਾ ਸਿੰਘ ਚਕਰ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।



