ਜਾਸ, ਮਾਂਡਿਆ : ਹਿਜਾਬ ‘ਤੇ ਪਾਬੰਦੀ ਹਟਾਉਣ ਦਲ ਮੁੱਖ ਮੰਤਰੀ ਸੀਐੱਮ ਸਿੱਧਰਮੱਈਆ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੀ ਵਿਦਿਆਰਥਣ ਮੁਸਕਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁਸਕਾਨ ਉਹੀ ਵਿਦਿਆਰਥਣ ਹੈ, ਜਿਸ ਨੇ ਇਕ ਹਿੰਦੂ ਸੰਗਠਨ ਦੇ ਇਕ ਧੜੇ ਖਿ਼ਲਾਫ਼ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਾਇਆ ਸੀ।
ਹਿਜਾਬ ਸਾਡਾ ਅਧਿਕਾਰ
ਮੁਸਕਾਨ ਨੇ ਕਿਹਾ ਕਿ ਹਿਜਾਬ ਸਾਡਾ ਅਧਿਕਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਹੁਣ ਭੈਣ-ਭਰਾਵਾਂ ਵਾਂਗ ਰਹਿਣ ਦਿਓ। ਸ਼ਨਿੱਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਸਕਾਨ ਨੇ ਕਿਹਾ ਕਿ ਹਿਜਾਬ ਸਾਡਾ ਸੱਭਿਆਚਾਰ ਹੈ। ਇਹ ਸਾਡਾ ਅਧਿਕਾਰ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਅਧਿਕਾਰ ਮਿਲੇਗਾ। ਸਿੱਖਿਆ ‘ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।
ਵਿਦਿਆਰਥਣ ਨੇ ਕਿਹਾ,
”ਮੈਂ ਸੀਐੱਮ ਸਿੱਧਰਮੱਈਆ, ਮੰਤਰੀ ਜ਼ਮੀਰ ਅਹਿਮਦ ਖਾਨ, ਸਪੀਕਰ ਯੂਟੀ ਖਾਦਰ ਅਤੇ ਡਿਪਟੀ ਸੀਐੱਮ ਡੀਕੇ ਸ਼ਿਵਕੁਮਾਰ ਦਾ ਧੰਨਵਾਦ ਕਰਦੀ ਹਾਂ। ਮੈਂ ਉਨ੍ਹਾਂ ਨੂੰ ਸਾਡੇ ਅਧਿਕਾਰ ਵਾਪਸ ਦੇਣ ਲਈ ਧੰਨਵਾਦ ਕਰਦੀ ਹਾਂ। ਉਨ੍ਹਾਂ ਨੇ ਸਾਡੇ ਸੱਭਿਆਚਾਰ ਦੀ ਹਮਾਇਤ ਕੀਤੀ ਹੈ। ਅਸੀਂ ਭੈਣ-ਭਰਾਵਾਂ ਵਾਂਗ ਕਾਲਜ ‘ਚ ਪੜ੍ਹਦੇ ਹਾਂ। ਅਜਿਹਾ ਹਮੇਸ਼ਾ ਹੋਣਾ ਚਾਹੀਦਾ ਹੈ।”
ਲੜਕੀਆਂ ਨੂੰ ਘਰ ‘ਚ ਰਹਿਣਾ ਪੈਂਦਾ: ਮੁਸਕਾਨ
ਵਿਦਿਆਰਥਣ ਨੇ ਕਿਹਾ ਕਿ ਹਿਜਾਬ ‘ਤੇ ਪਾਬੰਦੀ ਕਾਰਨ ਕਈ ਲੜਕੀਆਂ ਨੂੰ ਆਪਣੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਮੈਂ ਇਕ ਸਾਲ ਤੱਕ ਕਾਲਜ ਨਹੀਂ ਗਈ। ਹੁਣ, ਮੈਂ ਪੀਈਐੱਸ ਕਾਲਜ ਜਾ ਰਹੀ ਹਾਂ। ਮੁਸਕਾਨ ਨੇ ਕਿਹਾ ਕਿ ਦੂਜਿਆਂ ਨੂੰ ਵੀ ਬਾਹਰ ਆਉਣਾ ਚਾਹੀਦਾ ਹੈ ਅਤੇ ਪ੍ਰੀਖਿਆ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੌਰਾਨ ਰਾਜ ਵਿੱਚ ਹਿਜਾਬ ਸੰਕਟ ਗਹਿਰਾਇਆ ਸੀ। ਮੁਸਕਾਨ ਨੇ ਕਾਲਜ ਕੰਪਲੈਕਸ ‘ਚ ਹਿੰਦੂ ਹਮਾਇਤੀ ਨਾਅਰੇ ਲਾ ਰਹੇ ਵਿਦਿਆਰਥੀਆਂ ਦੇ ਇਕ ਧੜੇ ਦੇ ਸਾਹਮਣੇ ਇਸਲਾਮ ਹਮਾਇਤੀ ਨਾਅਰਾ ਲਾਇਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰ ਹੋ ਗਈ ਸੀ।
ਅੱਤਵਾਦੀ ਨੇ ਕੀਤੀ ਸੀ ਮੁਸਕਾਨ ਦੀ ਹਮਾਇਤ
ਅੱਤਵਾਦੀ ਅਲਕਾਇਦਾ ਨੇਤਾ ਅਯਮਾਨ ਅਲ-ਜਵਾਹਿਰੀ ਨੇ ਮੁਸਕਾਨ ਦੀ ਸ਼ਲਾਘਾ ਕੀਤੀ ਸੀ ਅਤੇ ਉਸ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ ਸੀ। ਇਕ ਵੀਡੀਓ ‘ਚ ਉਸ ਨੇ ਭਾਰਤ ਦੇ ਮੁਸਲਮਾਨਾਂ ਨੂੰ ਆਪਣੀ ਆਵਾਜ਼ ਉਠਾਉਣ ਦੀ ਅਪੀਲ ਕੀਤੀ ਸੀ। ਇਸ ਘਟਨਾਕ੍ਰਮ ਦਾ ਉਦੋਂ ਵਿਰੋਧ ਵੀ ਹੋਇਆ ਸੀ।


