ਨਵੀਂ ਦਿੱਲੀ, (ਬਿਊਰੋ)— ਹੈਦਰਾਬਾਦ ‘ਚ ਹੋਣ ਵਾਲੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਖੇਡਣ ਜਾ ਰਹੀ ਹਰਿਆਣਾ ਕਬੱਡੀ ਟੀਮ ਦਾ ਬੁੱਧਵਾਰ ਨੂੰ ਭਿਵਾਨੀ ‘ਚ ਸਵਾਗਤ ਕੀਤਾ ਗਿਆ। ਟੀਮ ਦੇ ਖਿਡਾਰੀਆਂ ‘ਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਬੱਡੀ ਨੂੰ ਓਲੰਪਿਕ ‘ਚ ਸ਼ਾਮਲ ਕੀਤਾ ਜਾਵੇ ਤਾਂ ਉਹ ਤਗਮਿਆਂ ਦੀ ਝੜੀ ਲਗਾ ਸਕਦੇ ਹਨ।
ਜਦਕਿ ਪ੍ਰੋ ਕਬੱਡੀ ਦੇ ਬਾਅਦ ਵੀ ਖਿਡਾਰੀਆਂ ਨੂੰ ਇਕ ਚੰਗਾ ਮੁਕਾਮ ਮਿਲਿਆ ਹੈ। ਅਰਜੁਨ ਐਵਾਰਡੀ ਹਰਿਆਣਾ ਦੇ ਕੋਚ ਆਸਨ ਸਾਂਗਵਾਨ ਨੇ ਕਿਹਾ ਕਿ ਹੈਦਰਾਬਾਦ ‘ਚ 31 ਦਸੰਬਰ ਤੋਂ 4 ਜਨਵਰੀ ਤੱਕ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਵੇਗੀ। ਇਸ ‘ਚ ਹਰਿਆਣਾ ਕਬੱਡੀ ਟੀਮ ਵੀ ਹਿੱਸਾ ਲੈ ਰਹੀ ਹੈ। ਕਬੱਡੀ ਖਿਡਾਰੀਆਂ ਦੇ ਲਈ 10 ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਸਾਰੇ ਕਬੱਡੀ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਹੈ।