ਵਾਸ਼ਿੰਗਟਨ:-ਉੱਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰਾਂ ਨਾਲ ਲੈਸ ਮਿਜ਼ਾਈਲਾਂ ਨਾਲ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਹੋਣ ਤੋਂ ਬਾਅਦ ਇਸ ਦੇ ਟਾਕਰੇ ਲਈ ਪੈਂਟਾਗਨ ਮਿਜ਼ਾਈਲ ਰੱਖਿਆ ਤਕਨੀਕ ਲਈ 44 ਕਰੋੜ ਡਾਲਰ ਹੋਰ ਲਾ ਰਿਹਾ ਹੈ।
ਪੈਂਟਾਗਨ ਦੀ ਕਾਹਲ ਦਾ ਪਤਾ ਇਸ ਗੱਲੋਂ ਲਗਦਾ ਹੈ ਕਿ ਉਸ ਨੇ ਕਾਂਗਰਸ ਸਾਹਮਣੇ ਦਲੀਲ ਦਿੱਤੀ ਕਿ ਅਗਲੇ ਰੱਖਿਆ ਬਜਟ ਦਾ ਇੰਤਜ਼ਾਰ ਕਰਨ ਦੀ ਥਾਂ ਮੌਜੂਦਾ ਬਜਟ ਤੋਂ ਹੀ ਫੰਡ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪੈਂਟਾਗਨ ਪਹਿਲਾਂ ਹੀ ਆਪਣੇ ਮਿਜ਼ਾਈਲ ਰੱਖਿਆ ਬਜਟ ਵਿੱਚ 8.2 ਅਰਬ ਡਾਲਰ ਲਾ ਚੁੱਕਿਆ ਹੈ। ਪੈਂਟਾਗਨ ਨੇ 36.7 ਕਰੋੜ ਡਾਲਰ ਅੱਜ ਇਸ ਮੰਤਵ ਲਈ ਤਬਦੀਲ ਕਰ ਦਿੱਤੇ ਅਤੇ ਬਾਕੀ ਰਕਮ ਬਾਅਦ ਵਿੱਚ ਐਲਾਨਣ ਦੀ ਸੰਭਾਵਨਾ ਹੈ।
ਇਹ ਖ਼ਰਚ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਉੱਤਰੀ ਕੋਰੀਆ ਦੇ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮਾਂ ਕਾਰਨ ਅਮਰੀਕਾ ਵੱਲੋਂ ਵਿਕਸਤ ਮਿਜ਼ਾਈਲ ਰੱਖਿਆ ਤਕਨੀਕ ਦੇ ਲੜਾਈ ਵਿੱਚ ਕਾਰਗਰ ਸਾਬਤ ਹੋਣ ਉਤੇ ਸਵਾਲ ਖੜ੍ਹੇ ਹੋ ਰਹੇ ਹਨ।
ਪੈਂਟਾਗਨ ਦੇ ਬਜਟ ਵਿਭਾਗ ਵੱਲੋਂ ਕੀਤੇ ਜਾ ਰਹੇ ਖ਼ਰਚ ਦੇ ਵਿਸ਼ਲੇਸ਼ਣ ਮੁਤਾਬਕ ਇਸ ਰਕਮ ਵਿੱਚੋਂ 44 ਕਰੋੜ ਡਾਲਰ ਗੁਪਤ ਪ੍ਰਾਜੈਕਟਾਂ ਲਈ ਰੱਖੇ ਗਏ ਹਨ, ਜਿਨ੍ਹਾਂ ਵਿੱਚ 4.8 ਕਰੋੜ ਡਾਲਰ ਸਾਈਬਰ ਅਪਰੇਸ਼ਨਾਂ ਲਈ ਤਕਨਾਲੋਜੀ ਵਿਕਸਤ ਕਰਨ ਵਾਸਤੇ ਹਨ।