ਜਾਗਰਣ ਨਿਊਜ਼ ਨੈੱਟਵਰਕ, ਮੁੰਬਈ : ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਵਿਰੁੱਧ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ (World Cup 2023 Semifinal) ਤੋਂ ਪਹਿਲਾਂ ਸਵੀਕਾਰ ਕੀਤਾ ਕਿ ਉਸ ਦੀ ਟੀਮ ’ਤੇ 1983 ਵਿਚ ਕਪਿਲ ਦੇਵ ਤੇ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਮਿਲੀ ਸਫਲਤਾ ਨੂੰ ਦੁਹਰਾਉਣ ਦਾ ਦਬਾਅ ਹੈ ਪਰ ਟੀਮ ਦੇ ਮੌਜੂਦਾ ਖਿਡਾਰੀਆਂ ਦਾ ਧਿਆਨ ਇਸ ’ਤੇ ਨਹੀਂ ਹੈ ਕਿ ਅਸੀਂ ਕਿਵੇਂ ਪਹਿਲਾਂ ਜਾਂ ਆਖਰੀ ਵਾਰ ਵਿਸ਼ਵ ਕੱਪ ਜਿੱਤਿਆ ਬਲਕਿ ਸਾਡਾ ਧਿਆਨ ਸਿਰਫ ਵਿਸ਼ਵ ਕੱਪ ਜਿੱਤਣ ’ਤੇ ਹੈ। ਰੋਹਿਤ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜਦੋਂ ਅਸੀਂ 1983 ਵਿਚ ਵਿਸ਼ਵ ਕੱਪ ਜਿੱਤਿਆ ਸੀ ਉਦੋਂ ਟੀਮ ਦੇ ਕਿਸੇ ਖਿਡਾਰੀ ਦਾ ਜਨਮ ਵੀ ਨਹੀਂ ਹੋਇਆ ਸੀ। ਜਦੋਂ ਅਸੀਂ 2011 ਵਿਚ ਜਿੱਤੇ ਸੀ ਤਾਂ ਇਨ੍ਹਾਂ ਵਿਚੋਂ ਅੱਧੇ ਖਿਡਾਰੀ ਨਹੀਂ ਖੇਡ ਰਹੇ ਸੀ। ਮੈਂ ਉਨ੍ਹਾਂ ਨੂੰ ਇਸ ਬਾਰੇ ਵਿਚ ਗੱਲ ਕਰਦੇ ਹੋਏ ਨਹੀਂ ਦੇਖਿਆ ਕਿ ਅਸੀਂ ਆਪਣਾ ਪਿਛਲਾ ਵਿਸ਼ਵ ਕੱਪ ਕਿਸ ਤਰ੍ਹਾਂ ਜਿੱਤੇ ਸੀ।
ਧਿਆਨ ਇਸ ਗੱਲ ’ਤੇ ਹੈ ਕਿ ਅਸੀਂ ਕਿਵੇਂ ਬਿਹਤਰ ਹੋ ਸਕਦੇ ਹਾਂ ਤੇ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹਾਂ। ਇਹ ਖਿਡਾਰੀਆਂ ਦੀ ਵਰਤਮਾਨ ਪੀੜ੍ਹੀ ਦੀ ਖੂਬਸੂਰਤੀ ਹੈ। ਪਹਿਲੇ ਮੈਚ ਤੋਂ ਫੋਕਸ ਉਸ ਦਿਨ ਦਾ ਮੁਕਾਬਲਾ ਜਿੱਤਣ ’ਤੇ ਹੈ। ਸੈਮੀਫਾਈਨਲ ਦੇ ਦਬਾਅ ਨੂੰ ਲੈ ਕੇ ਰੋਹਿਤ ਨੇ ਕਿਹਾ ਕਿ ਪਹਿਲੇ ਮੈਚ ਤੋਂ ਲੈ ਕੇ ਆਖਰੀ ਮੈਚ ਤੱਕ ਜਦੋਂ ਵੀ ਤੁਸੀਂ ਵਿਸ਼ਵ ਕੱਪ ਦਾ ਖੇਡ ਖੇਡ ਰਹੇ ਹੋ ਤਾਂ ਤੁਹਾਡੇ ’ਤੇ ਦਬਾਅ ਹੋਵੇਗਾ। ਪਰ ਜਿਸ ਤਰ੍ਹਾਂ ਨਾਲ ਅਸੀਂ ਦਬਾਅ ਨੂੰ ਸੰਭਾਲਿਆ ਉਹ ਸ਼ਲਾਘਾਯੋਗ ਹੈ। ਅਸੀਂ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਭਾਰਤ ਵਿਚ ਤੁਹਾਡੇ ’ਤੇ ਹਮੇਸ਼ਾ ਦਬਾਅ ਰਹੇਗਾ। ਅਸੀਂ ਬਾਹਰੀ ਰੌਲਾ ਸੁਣਨ ਦੀ ਬਜਾਏ ਆਪਣੇ ਖੇਡ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਰੋਹਿਤ ਨੇ ਕਿਹਾ ਕਿ ਸੈਮੀਫਾਈਨਲ ਵਿਚ ਸਾਨੂੰ ਕੁਝ ਵੀ ਅਲਗ ਕਰਨ ਦੀ ਜ਼ਰੂਰਤ ਨਹੀਂ ਹੈ।
ਭਾਰਤੀ ਕ੍ਰਿਕਟਰ ਹੋਣ ਦੇ ਨਾਤੇ ਹਮੇਸ਼ਾ ਤੁਹਾਡੇ ਉਪਰ ਦਬਾਅ ਰਹਿੰਦਾ ਹੈ ਤੇ ਫਿਰ ਇਸ ਨਾਲ ਫਰਕ ਨਹੀਂ ਪੈਂਦਾ ਕਿ ਤੁਸੀਂ ਸੈਮੀਫਾਈਨਲ ਖੇਡ ਰਹੇ ਹੋ ਜਾਂ ਫਿਰ ਲੀਗ ਮੈਚ। ਛੇਵੇਂ ਗੇਂਦਬਾਜ਼ ਦੇ ਪ੍ਰਸ਼ਨ ’ਤੇ ਭਾਰਤੀ ਕਪਤਾਨ ਨੇ ਕਿਹਾ ਕਿ ਪੁਣੇ ਵਿਚ ਹਾਰਦਿਕ ਪਾਂਡਿਆ ਦੇ ਜ਼ਖਮੀ ਹੋਣ ਤੋਂ ਬਾਅਦ ਸਾਡੀ ਟੀਮ ਸੁਮੇਲ ਬਦਲ ਗਿਆ। ਅਸੀਂ ਗੇਂਦਬਾਜ਼ੀ ਵਿਚ ਦੂਜੇ ਖਿਡਾਰੀਆਂ ਨੂੰ ਵੀ ਇਸਤੇਮਾਲ ਕਰਨਾ ਚਾਹੁੰਦੇ ਸੀ ਪਰ ਸਾਨੂੰ ਜ਼ਰੂਰਤ ਨਹੀਂ ਪਈ। ਬਦਲ ਹੋਣਾ ਹਮੇਸ਼ਾ ਚੰਗਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਸੈਮੀਫਾਈਨਲ ਵਿਚ ਇਸ ਦੀ ਜ਼ਰੂਰਤ ਪਵੇਗੀ।
ਦੋਵਾਂ ਟੀਮਾਂ ਕੋਲ ਬਰਾਬਰੀ ਦਾ ਮੌਕਾ : ਵਿਲੀਅਮਸਨ
ਮੁੰਬਈ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਸੈਮੀਫਾਈਨਲ ਮੁਕਾਬਲੇ ਵਿਚ ਦੋਵੇਂ ਹੀ ਟੀਮਾਂ ਕੋਲ ਬਰਾਬਰੀ ਦਾ ਮੌਕਾ ਹੈ। ਭਾਰਤੀ ਟੀਮ ਸਰਬੋਤਮ ਟੀਮਾਂ ਵਿਚੋਂ ਹੈ ਤੇ ਸਾਨੂੰ ਵੀ ਪਤਾ ਹੈ ਕਿ ਆਪਣਾ ਦਿਨ ਹੋਣ ’ਤੇ ਅਸੀਂ ਕਿਸੇ ਨੂੰ ਵੀ ਹਰਾ ਸਕਦੇ ਹਾਂ। ਹਾਰਦਿਕ ਦੇ ਜ਼ਖਮੀ ਹੋਣ ਦੇ ਬਾਵਜੂਦ ਟੀਮ ਭਾਰਤ ਦਾ ਸੰਤੁਲਨ ਗਜ਼ਬ ਦਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਿਖਾਇਆ ਹੈ। ਪਰ ਨਿਊਜ਼ੀਲੈਂਡ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਕੇਨ ਨੇ ਕਿਹਾ ਕਿ ਤੁਸੀਂ ਲੋਕ ਸਾਡੀ ਟੀਮ ਲਈ ਅੰਡਰਡਾਗ ਲਿਖਦੇ ਹੋ ਤੇ ਇਹ ਜ਼ਿਆਦਾ ਬਦਲਿਆ ਨਹੀਂ ਹੈ। ਮੈਨੂੰ ਇਸ ਤੋਂ ਕਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਵਿਚ ਸਾਰੇ ਖਿਡਾਰੀਆਂ ਨੂੰ ਆਪਣਾ ਰੋਲ ਬਾਖੂਬੀ ਪਤਾ ਹੈ ਤੇ ਵੱਡੇ ਟੂਰਨਾਮੈਂਟ ਵਿਚ ਇਹੀ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ।



