ਜਾਸ, ਜਮੁਈ : ਬਿਹਾਰ ’ਚ ਨਾਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹਨ। ਜਮੁਈ ਜ਼ਿਲ੍ਹੇ ਵਿਚ ਮੰਗਲਵਾਰ ਸਵੇਰ ਰੇਤ ਨਾਲ ਲੱਦੇ ਤੇਜ਼ ਰਫ਼ਤਾਰ ਟ੍ਰੈਕਟਰ ਨੇ ਪੁਲਿਸ ਟੀਮ ਨੂੰ ਦਰੜ ਦਿੱਤਾ ਜਿਸ ਵਿਚ ਥਾਣੇਦਾਰ ਪ੍ਰਭਾਤ ਰੰਜਨ ਦੀ ਮੌਤ ਹੋ ਗਈ ਤੇ ਹੋਮਗਾਰਡ ਰਾਜੇਸ਼ ਕੁਮਾਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਟ੍ਰੈਕਟਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਰੇਤ ਦੀ ਨਾਜਾਇਜ਼ ਮਾਈਨਿੰਗ ਤੇ ਆਵਾਜਾਈ ਦੀ ਸੂਚਨਾ ’ਤੇ ਪੁਲਿਸ ਉੱਥੇ ਕਾਰਵਾਈ ਕਰਨ ਗਈ ਸੀ। ਐੱਸਆਈ ਪ੍ਰਭਾਤ ਰੰਜਨ ਅਪਰ 2018 ਬੈਚ ਦੇ ਥਾਣੇਦਾਰ ਸਨ। ਉਹ ਮੂਲ ਤੌਰ ’ਤੇ ਵੈਸ਼ਾਲੀ ਜ਼ਿਲ੍ਹੇ ਦੇ ਬਲਿਗਾਂਵ ਥਾਣਾ ਖੇਤਰ ਅਧੀਨ ਭਗਵਾਨਪੁਰ ਖਜੂਰੀ ਦੇ ਰਹਿਣ ਵਾਲੇ ਸਨ। ਐੱਸਪੀ ਡਾ. ਸ਼ੌਰਿਆ ਸੁਮਨ ਨੇ ਦੱਸਿਆ ਕਿ ਮਾਮਲੇ ਵਿਚ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਟ੍ਰੈਕਟਰ ਮਾਲਿਕ ਨਵਾਦਾ ਜ਼ਿਲ੍ਹੇ ਦੇ ਕ੍ਰਿਸ਼ਨਾ ਰਵਿਦਾਸ ਤੇ ਉਸ ਦੇ ਸਹਿਯੋਗੀ ਦੀ ਪਛਾਣ ਕਰ ਲਈ ਗਈ ਹੈ। ਸਹਿਯੋਗੀ ਮਿਥਿਲੇਸ਼ ਠਾਕੁਰ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਓਧਰ ਥਾਣੇਦਾਰ ਦੀ ਹੱਤਿਆ ਕੀਤੇ ਜਾਣ ’ਤੇ ਸਿੱਖਿਆ ਮੰਤਰੀ ਪ੍ਰੋ. ਚੰਦਰਸ਼ੇਖਰ ਗ਼ੈਰਜ਼ਿੰਮੇਵਾਰਾਨਾ ਬਿਆਨ ਦੇ ਕੇ ਘਿਰ ਗਏ ਹਨ। ਮੰਗਲਵਾਰ ਨੂੰ ਇਸ ਨਾਲ ਸਬੰਧਤ ਸਵਾਲ ’ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕੀ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਪੁਲਿਸ ’ਤੇ ਹਮਲੇ ਨਹੀਂ ਹੁੰਦੇ? ਅਜਿਹੀਆਂ ਘਟਨਾਵਾਂ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ।