ਅਜੈ ਕਨੌਜੀਆ, ਕਪੂਰਥਲਾ : ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਖੇ ਸੈਨਾ ਦੇ ਕਰਨਲ, ਮੇਜਰ ਅਤੇ ਪੁਲਿਸ ਦੇ ਡੀਐੱਸਪੀ ਦੇ ਸ਼ਹੀਦ ‘ਤੇ ਸ਼ੁੱਕਰਵਾਰ ਨੂੰ ਬਜਰੰਗ ਦਲ ਨੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਗੁੱਸਾ ਜ਼ਾਹਰ ਕੀਤਾ। ਇਸ ਦੇ ਨਾਲ ਹੀ ਬਜਰੰਗ ਦਲ ਨੇ ਕੇਂਦਰ ਸਰਕਾਰ ਨੂੰ ਗੁਲਾਮ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਲਈ ਇਕ ਹੋਰ ਸਰਜੀਕਲ ਸਟ੍ਰਾਈਕ ਦੀ ਮੰਗ ਵੀ ਉਠਾਈ। ਬਜਰੰਗ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਨਰੇਸ਼ ਪੰਡਿਤ ਤੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ ਨੇ ਅਨੰਤਨਾਗ ‘ਚ ਹੋਈ ਸ਼ਹਾਦਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਰੇਸ਼ ਪੰਡਿਤ ਨੇ ਕਿਹਾ ਕਿ ਭਾਰਤ ਦੇ ਵਧਦੇ ਕੱਦ ਨੂੰ ਦੇਖ ਕੇ ਪਾਕਿਸਤਾਨ ਘਬਰਾ ਗਿਆ ਹੈ, ਉਹ ਇਕ ਵਾਰ ਫਿਰ ਜੰਮੂ-ਕਸ਼ਮੀਰ ਵਿਚ ਅੱਤਵਾਦ ਨੂੰ ਸਰਗਰਮ ਕਰਨਾ ਚਾਹੁੰਦਾ ਹੈ ਪਰ ਪਾਕਿਸਤਾਨ ਕਦੇ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸਾਡੀਆਂ ਸਰਕਾਰਾਂ ਅੱਤਵਾਦ ਨਾਲ ਲੜ ਰਹੀਆਂ ਹਨ, ਹਰ ਕੋਈ ਜਾਣਦਾ ਹੈ ਕਿ ਇਹ ਸਰਹੱਦ ਪਾਰ ਅੱਤਵਾਦ ਹੈ, ਸਰਹੱਦ ਪਾਰ ਤੋਂ ਅੱਤਵਾਦੀਆਂ ਨੂੰ ਸਮਰਥਨ ਮਿਲਦਾ ਹੈ। ਇਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਇਸ ਹਮਲੇ ਦਾ ਮੂੰਹਤੋੜ ਜਵਾਬ ਦੇਵੇਗੀ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਅੱਤਵਾਦੀਆਂ ਨੂੰ ਬਹੁਤ ਜਲਦੀ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲੇ ਆਗੂਆਂ ‘ਤੇ ਵਰ੍ਹਦਿਆਂ ਨਰੇਸ਼ ਪੰਡਿਤ ਨੇ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ, ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ।