ਸਾਲ 1947 ਵਿਚ ਦੇਸ਼ ਦੀ ਵੰਡ ਤੋਂ ਲਗਪਗ ਇਕ ਮਹੀਨਾ ਪਹਿਲਾਂ ਥਾਰ ਦੇ ਰੇਗਿਸਤਾਨ ਵਿਚ ਇਕ ਫੁੱਲ ਉਗਿਆ ਤੇ ਫਿਰ ਪਾਕਿਸਤਾਨ ਵਿਚ ਖਿੜਿਆ। ਬਾਅਦ ਵਿਚ ਇਹ ਫੁੱਲ ਆਪਣੀ ਮਿਠਾਸ ਭਰੀ ਗਾਇਕੀ ਦੇ ਜ਼ਰੀਏ ਪੂਰੀ ਦੁਨੀਆ ਵਿਚ ਖੁਸ਼ਬੂ ਬਖੇਰਦਾ ਰਿਹਾ ਤੇ ਇਸ ਫੁੱਲ ਨੂੰ ਗਾਇਕਾ ਰੇਸ਼ਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਗਾਇਕਾ ਦਾ ਨਾਂ ਭਾਰਤ ਤੇ ਪਾਕਿਸਤਾਨ ਦੇ ਗਾਇਕਾਂ ਦੀ ਪਹਿਲੀ ਕਤਾਰ ਵਿਚ ਆਉਂਦਾ ਹੈ, ਜਿਸ ਦੀ ਆਵਾਜ਼ ਨੂੰ ਪੂਰੀ ਦੁਨੀਆਂ ਨੇ ਮਾਨਤਾ ਦਿਤੀ। ਵਾਕਿਆ ਹੀ ਉਹ ਥਾਰ ਦੇ ਰੇਗਿਸਤਾਨ ਦਾ ਮਹਿਕਦਾ ਗੁਲਾਬ ਸੀ।
ਉੱਤਰੀ ਭਾਰਤ ਦੇ ਸੂਬੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਉੱਤਰ-ਪੱਛਮ ਵਿਚ ਬੀਕਾਨੇਰ ਸ਼ਹਿਰ ਤੋਂ ਤਕਰੀਬਨ 140 ਕਿਲੋਮੀਟਰ ਟਿੱਬਿਆਂ ਵਾਲੇ ਰਤਨਗੜ੍ਹ ਤੋਂ ਤਿੰਨ ਮੀਲ ਦੂਰ ਪਿੰਡ ਲੋਹਾ ਦੇ ਵਣਜਾਰਾ ਪਰਿਵਾਰ ਵਿਚ 1947 ਦੀ ਵੰਡ ਵੇਲੇ ਰੇਸ਼ਮਾ ਨੇ ਜਨਮ ਲਿਆ ਸੀ। ਉਸ ਦੇ ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰਾ ਸਨ, ਜੋ ਊਠਾਂ ਦੇ ਕਾਫ਼ਲੇ ਨਾਲ ਜਾਂਦੇ ਸੀ ਅਤੇ ਪੱਛਮ ਦੇ ਇਲਾਕੇ ਵੱਲੋਂ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਵਾਪਸ ਰਾਜਸਥਾਨ ਪਰਤ ਜਾਂਦਾ ਸੀ। ਰੇਸ਼ਮਾ ਅਜੇ ਇਕ ਮਹੀਨੇ ਦੀ ਹੀ ਹੋਈ ਸੀ ਕਿ ਉਸ ਮੁਲਕ ਨੂੰ ਵੰਡ ਦਾ ਸੰਤਾਪ ਹੰਢਾਉਣਾ ਪੈ ਗਿਆ। ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ ਅਤੇ ਵਣਜਾਰਿਆਂ ਦੇ ਇਸ ਕਾਫ਼ਲੇ ਨੇ ਇਸਲਾਮ ਕਬੂਲ ਕਰ ਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰੈਣ-ਬਸੇਰੇ ਵਜੋਂ ਚੁਣ ਲਿਆ ਸੀ।

ਕਿਸੇ ਉਸਤਾਦ ਕੋਲੋਂ ਤਾਲੀਮ ਨਹੀਂ ਕੀਤੀ ਹਾਸਲ
ਰੇਸ਼ਮਾ ਨੇ ਕਦੇ ਕਿਸੇ ਉਸਤਾਦ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਗਾਇਕਾਂ ਦੇ ਘਰਾਣੇ ਵਿਚ ਜਨਮ ਲਿਆ ਸੀ। ਬਸ ਗਾਇਕੀ ਉਸ ਦੇ ਮਨ ਵਿਚ ਵਸੀ ਹੋਈ ਸੀ ਅਜੇ ਮਸਾਂ ਹੀ ਉਹ ਦਸ ਸਾਲ ਦੀ ਸੀ ਜਦੋਂ ਰੇਡੀਓ ਤੇ ਟੈਲੀਵਿਜ਼ਨ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਇਕ ਸ਼ਰਧਾਲੂ ਵਜੋਂ ਉਸ ਨੂੰ ਪਿੰਡ ਸੇਵਨ ਵਿਚ ਸ਼ਹਿਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿਚ ‘ਦਮਾ ਦਮ ਮਸਤ ਕਲੰਦਰ’ ਗਾਉਂਦਿਆਂ ਸੁਣਿਆ।
ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ, ਉਸ ਦੀ ਤਾਰੀਫ਼ ਕੀਤੀ ਅਤੇ ਉਸ ਨੂੰ ਆਪਣਾ ਪਤਾ ਲਿਖ ਕੇ ਦਿੰਦਿਆਂ ਕਰਾਚੀ ਰੇਡੀਓ ਸਟੇਸ਼ਨ ਆਉਣ ਦਾ ਸੱਦਾ ਦਿੱਤਾ। ਦੋ ਵਰ੍ਹਿਆਂ ਬਾਅਦ ਜਦੋਂ ਇਹ ਕਾਫ਼ਲਾ ਕਰਾਚੀ ਪੁੱਜਿਆ ਤਾਂ ਰੇਸ਼ਮਾ ਪਰਿਵਾਰ ਸਮੇਤ ਉਹੀ ਪਰਚੀ ਲੈ ਕੇ ਰੇਡੀਓ ਸਟੇਸ਼ਨ ਪਹੁੰਚ ਗਈ। ਜਦੋਂ ਰੇਸ਼ਮਾ ਨੂੰ ਸਟੂਡੀਓ ਵਿਚ ਗਾਉਣ ਲਈ ਕਿਹਾ ਗਿਆ ਤਾਂ ਉਹ ਘਬਰਾ ਗਈ ਕਿਉਂਕਿ ਬੰਦ ਕਮਰੇ ਵਿਚ ਬੈਠ ਕੇ ਗਾਉਣ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ ਉਹ ਤਾਂ ਖੁੱਲ੍ਹੇ ਅਸਮਾਨ ਹੇਠ ਗਾਉਣਾ ਜਾਣਦੀ ਸੀ ਉਸ ਨੂੰ ਇਕ ਅਲੱਗ ਸਟੂਡੀਓ ਵਿਚ ਲਿਜਾਇਆ ਗਿਆ, ਜਿੱਥੇ ਹੋਰ ਕੋਈ ਨਹੀਂ ਸੀ। ਉੱਥੇ ਉਸ ਨੇ ਪਹਿਲੀ ਵਾਰ ਗੀਤ ਗਾਏ, ਜੋ ਰਿਕਾਰਡ ਕਰ ਲਏ ਗਏ।
ਰੇਡੀਓ ਲਈ ‘ਦਮਾ ਦਮ ਮਸਤ ਕਲੰਦਰ’ ਪਹਿਲਾ ਗੀਤ ਰਿਕਾਰਡ ਕੀਤਾ
ਰੇਸ਼ਮਾ ਦੀ ਆਵਾਜ਼ ਵਿਚ ਰੇਡੀਓ ਲਈ ‘ਦਮਾ ਦਮ ਮਸਤ ਕਲੰਦਰ’ ਪਹਿਲਾ ਗੀਤ ਰਿਕਾਰਡ ਕੀਤਾ ਗਿਆ। ਇਹ ਗੀਤ ਰਿਕਾਰਡ ਕਰਵਾ ਕੇ ਉਹ ਫਿਰ ਆਪਣੇ ਕਾਫ਼ਲੇ ਨਾਲ ਕਿਤੇ ਚਲੀ ਗਈ। ਰੇਡੀਓ ਡਾਇਰੈਕਟਰ ਸਮੇਤ ਉਸ ਦੇ ਸਰੋਤੇ ਵੀ ਉਸ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਉਹ ਕਿਥੇ ਰਹਿ ਰਹੀ ਹੈ। ਗਿਲਾਨੀ ਨੇ ਵੱਖ-ਵੱਖ ਅਖ਼ਬਾਰਾਂ/ਰਸਾਲਿਆਂ ਵਿਚ ਉਸ ਦੀ ਫੋਟੋ ਵਾਲਾ ਇਸ਼ਤਿਹਾਰ ਛਪਵਾਇਆ ਤਾਂ ਕਿ ਉਸ ਨੂੰ ਮੁੜ ਰੇਡੀਓ ’ਤੇ ਪੇਸ਼ ਕੀਤਾ ਜਾ ਸਕੇ। ਰੇਸ਼ਮਾ ਨੇ ਕਾਫੀ ਅਰਸੇ ਬਾਅਦ ਮੁਲਤਾਨ ਵਿਖੇ ਕਿਸੇ ਪੱਤਿ੍ਰਕਾ ਵਿਚ ਆਪਣੇ ਬਾਰੇ ਉਹ ਇਸ਼ਤਿਹਾਰ ਦੇਖਿਆ ਤਾਂ ਉਹ ਡਰ ਗਈ
ਪਰ ਛਪਣ ਦਾ ਕਾਰਨ ਪਤਾ ਲੱਗਣ ’ਤੇ ਉਸ ਨੇ ਮੁੜ ਗਿਲਾਨੀ ਨਾਲ ਸੰਪਰਕ ਕੀਤਾ। ਏਦਾਂ ਉਸ ਦੇ ਰੇਡੀਓ ਗਾਇਕ ਬਣਨ ਦਾ ਰਾਹ ਖੁੱਲ੍ਹ ਗਿਆ।
ਕੌਮਾ ’ਚ ਜਾਣ ਵੇਲੇ ਤਕ ਗਾਉਂਦੀ ਰਹੀ
1980ਵਿਆਂ ਵਿਚ ਰੇਸ਼ਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਨੂੰ ਗਲੇ ਦਾ ਕੈਂਸਰ ਹੈ। ਉਹ ਅਮਰੀਕਾ ਵਿਖੇ ਆਪਣੀ ਗਾਇਨ ਦੇ ਰਹੀ ਸੀ ਕਿ ਉਸ ਨੂੰ ਖ਼ੂਨ ਦੀ ਉਲਟੀ ਆ ਗਈ ਸੀ। ਫਿਰ ਇਲਾਜ ਦੌਰਾਨ ਪੰਜ ਸਾਲ ਉਹ ਗਾ ਨਾ ਸਕੀ। ਸਿਰੜੀ ਐਨੀ ਸੀ ਕਿ ਕੌਮਾ ਵਿਚ ਜਾਣ ਵੇਲੇ ਤੱਕ ਗਾਉਂਦੀ ਰਹੀ। ਰੇਡੀਓ ਪਾਕਿਸਤਾਨ ਲਈ ਸੋਲੰਗੀ ਸਾਹਿਬ ਵੱਲੋਂ ਇਕ ਪ੍ਰੋਗਰਾਮ ਵਿਚ ਰੇਸ਼ਮਾ ਨੂੰ ਬੁਲਾਇਆ ਗਿਆ। ਤਬੀਅਤ ਕਾਫੀ ਖ਼ਰਾਬ ਹੋਣ ਦੇ ਬਾਵਜੂਦ ਉਸ ਨੇ ਗਾਉਣ ਦੀ ਇੱਛਾ ਪ੍ਰਗਟਾਈ। ਸਿੰਧ ਵਾਸੀਆਂ ਵੱਲੋਂ ਸੋਲੰਗੀ ਸਾਹਿਬ ਨੇ ਜਦੋਂ ਉਸ ਦੇ ਮੋਢਿਆਂ ’ਤੇ ਗਰਮ ਸ਼ਾਲ ਪਾਇਆ ਸੀ ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ ਸੀ ਕਿ ਇਸ ਸ਼ਾਲ ਵਿਚੋਂ ਮੇਰੇ ਆਪਣੇ ਘਰ ਦੀ ਮਹਿਕ ਆ ਰਹੀ ਹੈ।
ਉਸ ਪ੍ਰੋਗਰਾਮ ਵਿਚ ਉਸ ਨੇ ਆਪਣਾ ਪਸੰਦੀਦਾ ‘ਗੀਤ ਲੰਬੀ’ ਜੁਦਾਈ ਗਾਇਆ ਸੀ। ਜਦੋਂ ਵੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਕੁਝ ਰਾਹਤ ਮਿਲਦੀ, ਉਹ ਬੰਸਰੀ ਦੀ ਮਿੱਠੀ ਤੇ ਦਿਲਾਂ ਵਿਚ ਉਤਰ ਜਾਣ ਵਾਲੀ ਹੂਕ ਨਾਲ ਅਸਪੱਸ਼ਟ ਆਵਾਜ਼ ਵਿਚ ਪੂਰਾ ਜ਼ੋਰ ਲਾ ਕੇ ਇਹ ਗੀਤ ਗਾਉਂਦੀ ਰਹੀ।
ਇੰਡੋ-ਪਾਕਿ ਸੰਗੀਤ ਸੰਮੇਲਨ ’ਚ ਲਿਆ ਸੀ ਭਾਗ
27 ਨਵੰਬਰ 1996 ਨੂੰ ਤਤਕਾਲੀਨ ਮੰਤਰੀ ਪੰਜਾਬ ਹਰਨੇਕ ਸਿੰਘ ਘੜੂੰਆਂ ਵੱਲੋਂ ਇੰਡੋ-ਪਾਕਿ ਸੰਗੀਤ ਸੰਮੇਲਨ ਕਰਵਾਇਆ ਗਿਆ ਸੀ, ਜਿਸ ਵਿਚ ਰੇਸ਼ਮਾ ਸਮੇਤ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਨੇਕ ਗਾਇਕ-ਗਾਇਕਾਂ ਨੇ ਭਾਗ ਲਿਆ ਸੀ। ਉਹ ਸੁਰਿੰਦਰ ਕੌਰ ਤੇ ਹੋਰ ਮਕਬੂਲ ਗਾਇਕਾਂ ਨੂੰ ਮਿਲ ਕੇ ਬੜੀ ਖ਼ੁਸ਼ ਹੋਈ। ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ਵਣਜਾਰਿਆਂ ਦੀ ਯਾਤਰਾ ਦੀ ਪੀੜ ਨੂੰ ਪ੍ਰਗਟਾਉਂਦਾ ਰਾਜਸਥਾਨੀ ਲੋਕ ਗੀਤ ‘ਕੇਸਰੀਆ ਬਾਲਮ ਪਧਾਰੋ ਹਮਾਰੇ ਦੇਸ’ ਗਾ ਕੇ ਆਪਣੀ ਜਨਮ ਭੂਮੀ ਦੇ ਵਾਸੀਆਂ ਦੇ ਦਿਲਾਂ ਵਿਚ ਉਤਰ ਗਈ ਸੀ। ਜਨਵਰੀ 2006 ’ਚ ਸਦਾ-ਏ-ਸਰਹੱਦ ਨਾਂ ਵਾਲੀ ਲਾਹੌਰ-ਅੰਮਿ੍ਰਤਸਰ ਬੱਸ ਜਦੋਂ ਪਹਿਲੀ ਵਾਰ ਭਾਰਤ ਆਈ ਸੀ ਤਾਂ ਰੇਸ਼ਮਾ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਸਣੇ ਆਪਣੀ ਜਨਮ ਭੂਮੀ ਭਾਰਤ ਆਈ ਸੀ।
3 ਨਵੰਬਰ 2013 ਨੂੰ ਇਸ ਜਹਾਨ ਤੋਂ ਹੋਈ ਰੁਖ਼ਸਤ
ਕੈਂਸਰ ਦੀ ਬਿਮਾਰੀ ਨੇ ਇਕ ਵਾਰ ਫਿਰ ਸਿਰ ਚੁੱਕਿਆ। ਇਲਾਜ ਦੌਰਾਨ ਉਹ ਬਹੁਤ ਕਮਜ਼ੋਰ ਹੋ ਗਈ ਸੀ। ਰੇਸ਼ਮਾ ਨੂੰ 6 ਅਪ੍ਰੈਲ 2013 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 3 ਅਕਤੂਬਰ ਨੂੰ ਉਹ ਅਜਿਹੀ ਕੌਮਾ ਦੀ ਅਵਸਥਾ ਵਿਚ ਚਲੀ ਗਈ ਕਿ ਮੁੜ ਹੋਸ਼ ਵਿਚ ਨਾ ਆਈ। ਪੂਰੇ ਮਹੀਨੇ ਬਾਅਦ 3 ਨਵੰਬਰ 2013 ਦੀ ਸਵੇਰ ਨੂੰ ਲਾਹੌਰ ਦੇ ਇਕ ਹਸਪਤਾਲ ਵਿਚ 67 ਸਾਲਾ ਭਾਰਤ ਤੇ ਪਾਕਿਸਤਾਨ ਦੀ ਇਹ ਕੋਇਲ ਸਰੋਤਿਆਂ ਨੂੰ ਲੰਮੀ ਜੁਦਾਈ ਦੇ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।
ਗਾਇਕੀ ਨੂੰ ਹਮੇਸ਼ਾ ਇਬਾਦਤ ਮੰਨਿਆ
ਰੇਸ਼ਮਾ ਸਾਰੀ ਉਮਰ ਆਪਣੇ ਫਨ ਨੂੰ ਸ਼ਹਿਬਾਜ਼ ਕਲੰਦਰ ਦੀ ਦੁਆ ਦੱਸਦੀ ਰਹੀ। ਉਸ ਨੇ ਆਪਣੇ ਮੁਲਕ ਨੂੰ ਆਪਣੇ ਦੀਨ ਦੀ ਅਲਾਮਤ, ਇਸਲਾਮ ਤੇ ਗਾਇਕੀ ਨੂੰ ਇਬਾਦਤ ਸਵੀਕਾਰਦਿਆਂ ਜ਼ਿੰਦਗੀ ਭਰ ਨਾ ਆਪਣਾ ਦੁਪੱਟਾ ਸਿਰ ਤੋਂ ਉਤਰਨ ਦਿੱਤਾ ਤੇ ਨਾ ਕੋਈ ਅਸੱਭਿਅਕ ਗਾਣਾ ਗਾਇਆ। ਨਿਰਦੇਸ਼ਕ ਵਜ਼ੀਰ ਅਫ਼ਜ਼ਲ ਉਹ ਸ਼ਖ਼ਸੀਅਤ ਸੀ, ਜਿਸ ਨੇ ਪਹਿਲੀ ਵਾਰ ਰੇਸ਼ਮਾ ਤੋਂ ਫਿਲਮ ਲੱਖਾ ਲਈ ਗਾਣੇ ਗਵਾਏ ਸਨ। ਉਹ ਪਹਿਲਾਂ ਕਰਾਚੀ ਰੇਡੀਓ ਸਟੇਸ਼ਨ ਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਸਿਨੇਮਾ ਦੀ ਦੁਨੀਆ ਨਾਲ ਨਾਤਾ ਜੋੜ ਲਿਆ ਸੀ। ਰੇਸ਼ਮਾ ਨੇ ਵੱਡੀ ਗਿਣਤੀ ਵਿਚ ਫਿਲਮੀ ਗਾਣੇ ਗਾਏ। ਮਕਬੂਲ ਪੰਜਾਬੀ ਸ਼ਾਇਰ ਤੇ ਗਾਇਕ ਮਨਜੂਰ ਹੁਸੈਨ ਝੱਲਾ ਦੇ ਲਿਖੇ ਗੀਤ ਗਾ ਕੇ ਰੇਸ਼ਮਾ ਨੇ ਕਾਫੀ ਪ੍ਰਸ਼ੰਸਾ ਹਾਸਲ ਕੀਤੀ। ਉਨ੍ਹਾਂ ਦੇ ਤਕਰੀਬਨ ਸਾਰੇ ਹੀ ਗੀਤ ਮਕਬੂਲ ਹੋਏ ਪਰ ਕੁਝ ਗੀਤ ਉਸ ਦੀ ਪਛਾਣ ਬਣ ਗਏ, ਜਿਵੇਂ ‘ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ’, ‘ਲੰਬੀ ਜੁਦਾਈ’।
ਸਿਤਾਰਾ-ਏ-ਇਮਤਿਆਜ਼ ਸਨਮਾਨ ਮਿਲਿਆ
ਰੇਸ਼ਮਾ ਨੇ ਭਾਰਤ ਸਮੇਤ ਆਪਣੇ ਫਨ ਦਾ ਮੁਜ਼ਾਹਰਾ ਅਮਰੀਕਾ, ਕੈਨੇਡਾ, ਇੰਗਲੈਂਡ, ਰੂਸ, ਤੁਰਕੀ, ਨਾਰਵੇ, ਡੈਨਮਾਰਕ, ਰੁਮਾਨੀਆ ਆਦਿ ਕਈ ਹੋਰ ਮੁਲਕਾਂ ਵਿਚ ਕੀਤਾ। ਭਾਰਤ ਵਿਚ ਮਿਲੇ ਮਾਣ-ਸਨਮਾਨ ਤੋਂ ਇਲਾਵਾ ਰੇਸ਼ਮਾ ਨੂੰ ਜਨਰਲ ਜਿਆ-ਉਲ-ਹੱਕ ਤੋਂ ਲੈ ਕੇ ਪਰਵੇਜ਼ ਮੁਸ਼ਰਫ ਤਕ ਦੀਆਂ ਸਰਕਾਰਾਂ ਤੋਂ ਵੀ ਮਾਣ-ਸਨਮਾਨ ਤੇ ਸਹਾਇਤਾ ਮਿਲਦੀ ਰਹੀ। 2005 ਵਿਚ ਉਸ ਨੂੰ ਪਾਕਿਸਤਾਨ ਦਾ ਤੀਜਾ ਸਰਵਉਚ ਨਾਗਰਿਕ ਸਨਮਾਨ ਸਿਤਾਰਾ-ਏ-ਇਮਤਿਆਜ਼ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ।
– ਕੁਲਦੀਪ ਸਿੰਘ ਸਾਹਿਲ


