ਸੱਤ ਬਿਗਾਨੇ ਤਾਂ ਕੌਮ ਨੂੰ ਵੱਖਰੀ ਮੰਨਦੇ ਹਨ ਪਰ ਸਾਡੇ ਆਪਣੇਂ…
ਜਸਪਾਲ ਸਿੰਘ ਹੇਰਾਂ
ਬਰਸੀ ਮਨਾਉਣ ਦੀ ਪਿਰਤ ਤਾਂ ਅਸੀਂ ਦੇਖਾ-ਦੇਖੀ ਅਪਨਾ ਲਈ ਹੈ। ਪੰ੍ਰਤੂ ਬਰਸੀ ਮਨਾਉਣ ਵਾਲੇ, ਬਰਸੀ ਕਿਉਂ ਮਨਾਈ ਜਾਂਦੀ ਹੈ, ਇਹ ਹਮੇਸ਼ਾਂ ਭੁੱਲ ਵਿਸਰ ਜਾਂਦੇ ਹਨ। ਇਹ ਕੁਦਰਤ ਦਾ ਮੌਕਾ ਮੇਲ ਹੀ ਹੈ ਕਿ ਇਕ ਪਾਸੇ ਅੱਜ ਜਥੇਦਾਰ ਤਲਵੰਡੀ ਦੀ ਬਰਸੀ ਮਨਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਸਿੱਖ ਇਤਿਹਾਸ ‘ਚ ਇਹ ਦਰਜ ਹੈ ਕਿ ਇਸੇ ਦਿਨ ਜਥੇਦਾਰ ਤਲਵੰਡੀ ਨੇ 1983 ‘ਚ ਕੇਂਦਰ ਦੀ ਜ਼ਾਲਮ ਸਰਕਾਰ ਦੇ ਜ਼ੁਲਮਾਂ ਵਿਰੁੱਧ ਮੰਜੀ ਸਾਹਿਬ ਦੇ ਭਰੇ ਦੀਵਾਨ ਹਾਲ ‘ਚ ਬੇਖ਼ੋਫ ਹੋ ਕੇ ਇਹ ਐਲਾਨ ਕਰ ਮਾਰਿਆ ਸੀ ਕਿ ਜੇ ਕੇਂਦਰ ਸਰਕਾਰ ਸਿੱਖਾਂ ‘ਤੇ ਇਸੇ ਤਰਾਂ ਜ਼ੁਲਮ ਕਰਦੀ ਰਹੀ ਤਾਂ ਸਿੱਖ ਮਤਵਾਜ਼ੀ (ਮੁਕਾਬਲੇ ਦੀ) ਸਰਕਾਰ ਬਨਾਉਣ ਲਈ ਮਜ਼ਬੂਰ ਹੋਣਗੇ। ਜਥੇਦਾਰ ਤਲਵੰਡੀ ਦੀ ਸਿੱਖੀ ਪ੍ਰਤੀ ਸਮਰਪਿਤ ਭਾਵਨਾ ਨੂੰ ਅਤੇ ਮੂੰਹ ‘ਤੇ ਸੱਚ ਆਖਣ ਦੀ ਜ਼ੁਅਰੱਤ ਬਾਰੇ ਹਰ ਅਕਾਲੀ ਜਾਣਦਾ ਹੈ। ਪ੍ਰੰਤੂ ਅੱਜ ਜਦੋਂ ਉਨਾਂ ਦੀ ਬਰਸੀ ਮਨਾਈ ਜਾ ਰਹੀ ਹੈ ਤਾਂ ਕੀ ਜਥੇਦਾਰ ਤਲਵੰਡੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਅਕਾਲੀ, ਪਾਰਟੀ ਸੁਪਰੀਮੋ ਤੋਂ ਸੱਚੇ, ਪਰ ਕੌੜੇ ਸੁਆਲਾਂ ਦੇ ਜੁਆਬ ਮੰਗ ਸਕਣਗੇ?
ਇੰਗਲੈਂਡ ਦੀ ਪਾਰਲੀਮੈਂਟ ਦੇ 100 ਮੈਂਬਰਾਂ ਨੇ ”ਸਿੱਖ ਵੱਖਰਾ ਧਰਮ ਹੈ” ਦਾ ਮਤਾ ਪਾਸ ਕਰ ਦਿੱਤਾ ਹੈ। ਕੀ ਅੱਜ ਦੇ ਅਕਾਲੀ 1981 ‘ਚ ਸਿੱਖ ਪਾਰਲੀਮੈਂਟ (ਸ਼੍ਰੋਮਣੀ ਕਮੇਟੀ) ਵੱਲੋਂ ਇਸੇ ਤਰਾਂ ਦੇ ਪਾਸ ਕੀਤੇ ਮਤੇ ਦੇ ਹੱਕ ‘ਚ ਕਦੇ ਅਵਾਜ਼ ਬੁਲੰਦ ਕਰਨਗੇ? ਜਿਸ ਬਾਦਲ ਨੇ ਖ਼ੁਦ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਜਿਹੜੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੀ ਹੈ, ਸਾੜੀ ਸੀ ਹੁਣ ਉਸਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਨੂੰ ਮਨਾਉਣਗੇ ਜਾਂ ਦੇਸ਼ ਦੀ ਪਾਰਲੀਮੈਂਟ ‘ਚ ਕਦੇ ਮਤਾ ਲੈ ਕੇ ਆਉਣਗੇ? ਜਥੇਦਾਰ ਤਲਵੰਡੀ ਨੇ ਤਾਂ ਬਰਾਬਰ ਦੀ ਸਰਕਾਰ ਖੜੀ ਕਰਨ ਦਾ ਐਲਾਨ ਤੱਕ ਕਰ ਕੇ ਨੈਸ਼ਨਲ ਸਕਿੳੂਰਟੀ ਐਕਟ ਅਧੀਨ ਜੇਲ ਜਾਣਾ ਪ੍ਰਵਾਨ ਕਰ ਲਿਆ ਸੀ, ਕੀ ਹੁਣ ਦੇ ਅਕਾਲੀ ਆਗੂ ਸਿੱਖਾਂ ਨੂੰ ਵੱਖਰੀ ਕੌਮ ਐਲਾਨੇ ਜਾਣ ਲਈ ਕਿਸੇ ਸੰਘਰਸ਼ ਦਾ ਐਲਾਨ ਕਰਨ ਦੀ ਜੁਰੱਅਤ ਰੱਖਦੇ ਹਨ? ਹੁਣ ਜਦੋਂ ਸੱਤ ਸਮੁੰਦਰ ਪਾਰ ਦੇ ਸੱਤ ਬਿਗਾਨੇ, ਸਿੱਖ ਧਰਮ ਵੱਖਰਾ ਧਰਮ ਹੈ ਦੇ ਹੱਕ ‘ਚ ਨਿੱਤਰ ਆਏ ਹਨ, ਜੇ ਉਦੋਂ ਵੀ ਵਰਤਮਾਨ ਅਕਾਲੀ ਆਗੂ ਭਗਵਿਆਂ ਦੀ ਗ਼ੁਲਾਮੀ ਕਾਰਣ ਇਸ ਅਹਿਮ ਮੁੱਦੇ ‘ਤੇ ਦੜ ਵੱਟੀ ਰੱਖਦੇ ਹਨ ਤਾਂ ਕੀ ਉਨਾਂ ਨੂੰ ਸਿੱਖ ਜਾਂ ਅਕਾਲੀ ਅਖਵਾਉਣ ਦਾ ਕੋਈ ਹੱਕ ਹੈ? ਕੀ ਅੱਜ ਦੇ ਸਮਾਗਮ ‘ਚ ਕੋਈ ਜਾਗਦੀ ਜ਼ਮੀਰ ਵਾਲਾ ਵੱਡੇ ਜਾਂ ਛੋਟੇ ਬਾਦਲ ਨੂੰ ਸੌਦਾ ਸਾਧ ਦੀ ਮਾਫ਼ੀ ਸਬੰਧੀ ਸੁਆਲ ਪੁੱਛੇਗਾ?
ਇਸੇ ਤਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਾਦਲਾਂ ਨੂੰ ਕਟਿਹਰੇ ‘ਚ ਖੜੇ ਕਰਨ ਦੀ ਹਿੰਮਤ ਜਾਂ ਜੁਰਅੱਤ ਕੋਈ ਤਲਵੰਡੀ ਭਗਤ ਕਰ ਸਕੇਗਾ? ਚੌਧਰ, ਸੁਆਰਥ, ਪਦਾਰਥ ਦੀ ਲਾਲਸਾ ਨੇ ਅੱਜ ਅਕਾਲੀਆਂ ਨੂੰ ”ਕਾਲ਼ੀ” ਬਣਾ ਛੱਡਿਆ ਹੈ। ਇਸੇ ਕਾਰਣ ਅਕਾਲੀ ਦਲ ਪ੍ਰਧਾਨ ਦਾ ਖੁੱਲਾ ਦਾਹੜਾ, ਤਿੰਨ ਫੁੱਟੀ ਕ੍ਰਿਪਾਨ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ, ਪਾਰਟੀ ਵਰਕਰਾਂ ਦਾ ਸਤਿਕਾਰ ਸਭ ਕੁਝ ”ਭਸਮ” ਹੋ ਚੁੱਕਾ ਹੈ। ਪ੍ਰੰਤੂ ਸੁਆਲ ਪੁੱਛਣ ਵਾਲਾ ਕੋਈ ਨਹੀਂ? ਸਿੱਖਾਂ ਨੇ ਸਿੱਖੀ ਦੀ ਪ੍ਰਤੀਨਿਧ ਅਖਵਾਉਂਦੀ ਇਸ ਜਮਾਤ ਨੂੰ ਕਿਉਂ ਨਕਾਰ ਦਿੱਤਾ? ਸੁਖਬੀਰ ਤੋਂ ਭਲਾ ਕੌਣ ਪੁੱਛੇਗਾ? ਅੱਜ ਵੀ ਬਾਦਲ ਦਲੀਏ ਬਾਦਲਾਂ ਦੀ ਚਾਪਲੂਸੀ ‘ਚ ਪੱਬਾਂ ਭਾਰ ਹਨ। ਪ੍ਰੰਤੂ ਜਥੇਦਾਰ ਤਲਵੰਡੀ ਦੀ ਬਰਸੀ ਫ਼ਿਰ ਵੀ ਮਨਾਈ ਜਾਂਦੇ ਹਨ। ਕੀ ਤਲਵੰਡੀ ਦੇ ਪੁੱਤਰ ਭਰੀ ਸੰਗਤ ‘ਚ ਹਿੱਕ ਠੋਕ ਕੇ ਦਾਅਵਾ ਕਰ ਸਕਦੇ ਹਨ ਕਿ ਉਹ ਜਥੇਦਾਰ ਤਲਵੰਡੀ ਦੀ ਰਾਜਸੀ ਵਿਰਾਸਤ ਦੇ ਵਾਰਿਸ ਹਨ? ਆਪਣੇ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪ੍ਰੰਤੂ ਉਨਾਂ ਦੀਆਂ ਬਰਸੀਆਂ ਗੱਜ-ਵੱਜ ਕੇ ਮਨਾਉਣ ਦਾ ਹੱਕ ਉਨਾਂ ਨੂੰ ਹੀ ਹੁੰਦਾ ਹੈ, ਜਿਹੜੇ ਆਪਣੇ ਬਜ਼ੁਰਗ ਦੇ ਪਾਏ ਪੂਰਨਿਆਂ ‘ਤੇ ਚੱਲ ਸਕਣ ਦੀ ਹਿੰਮਤ, ਦਲੇਰੀ ਤੇ ਜੁਰੱਅਤ ਰੱਖਦੇ ਹੋਣ। ਇਤਿਹਾਸ ਦੇ ਸੁਆਲਾਂ ਦੇ ਜੁਆਬ ਦੇਣ ਦੇ ਸਮਰੱਥ ਹੋਣ ਨਹੀਂ ਤਾਂ ਫ਼ਿਰ ਬਰਸੀ ਮਨਾਉਣੀ ਮਹਿਜ਼ ਰਸਮੀ ਕਾਰਵਾਈ ਹੋ ਨਿਬੜਦੀ ਹੈ। ਉਹ ਭਾਵੇਂ ਜਿੰਨੀਆਂ ਮਰਜ਼ੀ ਮਨਾਈ ਜਾਵੋ, ਇਕ ਦਿਨ ਦਾ ਮੇਲਾ ਤੇ ਅਗਲੇ ਦਿਨ ਦੀ ਖ਼ਬਰ ਤੋਂ ਵੱਧ ਉਸਦੇ ਕੋਈ ਅਰਥ ਨਹੀਂ ਹੁੰਦੇ।