ਪੱਤਰ ਪੇ੍ਰਰਕ, ਅਬੋਹਰ : ਨਰਮੇ ਦੀ ਫਸਲ ਤੋਂ ਇਸ ਵਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਸ ਜਾਗੀ ਹੈ। ਨਰਮੇ ਦੀ ਪਹਿਲੀ ਚੁਗਾਈ ਦਾ ਨਰਮਾ ਮੰਡੀ ਵਿਚ ਆਉਣ ਲੱਗਿਆ ਹੈ। ਜ਼ਿਲ੍ਹੇ ਦੀ ਅਬੋਹਰ ਮੰਡੀ ਜੋ ਕਿ ਚਿੱਟੇ ਸੋਨੇ ਦੀ ਰਾਜ ਦੀ ਪ੍ਰਮੁੱਖ ਮੰਡੀ ਹੈ ਵਿਚ ਹੁਣ ਤਕ ਨਵੀਂ ਫਸਲ ਦਾ 24500 ਕੁਇੰਟਲ ਨਰਮਾ ਆ ਚੁੱਕਾ ਹੈ। ਜਦਕਿ ਇਸ ਸਾਲ ਹਾਲ ਤੱਕ ਨਰਮਾ ਘੱਟੋ-ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਦਿੱਤੇ ਗਏ ਪਾਣੀ ਕਾਰਨ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ ਹੋਣ ਦੀ ਆਸ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਅਬੋਹਰ ਦੀ ਮੰਡੀ ਵਿਚ ਰੋਜ਼ਾਨਾ ਲਗਭਗ 2000 ਕੁਇੰਟਲ ਤੋਂ ਜ਼ਿਆਦਾ ਨਰਮਾ ਆ ਰਿਹਾ ਹੈ। ਮਾਰਕਿਟ ਕਮੇਟੀ ਅਬੋਹਰ ਦੇ ਸਕੱਤਰ ਮਨਦੀਪ ਕਾਮਰਾ ਨੇ ਦੱਸਿਆ ਹੈ ਕਿ ਪਹਿਲੀ ਅਪ੍ਰਰੈਲ ਤੋਂ ਬਾਅਦ ਹੁਣ ਤੱਕ 70 ਹਜ਼ਾਰ ਕੁਇੰਟਲ ਨਰਮਾ ਅਬੋਹਰ ਮੰਡੀ ਵਿਚ ਆਇਆ ਹੈ ਅਤੇ ਇਸ ਵਿਚੋਂ 24500 ਕੁਇੰਟਲ ਨਰਮਾ ਨਵੀਂ ਫਸਲ ਦਾ ਹੈ। ਭਾਅ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਐਵਰੇਜ਼ ਭਾਅ 7330 ਰੁਪਏ ਹੈ ਜਦਕਿ ਵੀਰਵਾਰ ਨੂੰ ਅਬੋਹਰ ਮੰਡੀ ਵਿਚ ਸਭ ਤੋਂ ਉਚਾ ਨਰਮਾ 7415 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ। ਪਿੱਛਲੇ ਸਾਲ ਦੇ ਇਸੇ ਵਕਤ ਤੱਕ ਦੇ ਮੁਕਾਬਲੇ ਵੀ ਅਬੋਹਰ ਦੀ ਮੰਡੀ ਵਿਚ ਦੁੱਗਣੇ ਤੋਂ ਜਿਆਦਾ ਦੀ ਨਰਮੇ ਦੀ ਆਮਦ ਹੋ ਚੁੱਕੀ ਹੈ।

ਅਬੋਹਰ ਤੋਂ ਇਲਾਵਾ ਫਾਜ਼ਿਲਕਾ ਦੀ ਮੰਡੀ ਵਿਚ ਵੀ ਕੁਝ ਨਰਮੇ ਦੀ ਆਮਦ ਹੋਈ ਹੈ ਅਤੇ ਇੱਥੇ ਵੀ ਆਮਦ ਦਾ ਆਂਕੜਾ ਪਿੱਛਲੇ ਸਾਲ ਦੇ ਮੁਕਾਬਲੇ ਜਿਆਦਾ ਹੈ। ਓਧਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਇਸ ਵੇਲੇ ਨਰਮੇ ਦੀ ਪਹਿਲੀ ਚੁਗਾਈ ਕਰ ਰਹੇ ਹਨ। ਪਹਿਲੀ ਚੁਗਾਈ ਦਾ 1 ਤੋਂ 4 ਕੁਇੰਟਲ ਤਕ ਝਾੜ ਮਿਲ ਰਿਹਾ ਹੈ।