ਸੰਜੀਵ ਗੁਪਤਾ, ਜਗਰਾਓਂ: ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਨੂੰ ਅੱਜ ਦਿਨ ਭਰ ਤੇਜ ਹਨੇਰੀ ਦੇ ਨਾਲ ਜ਼ੋਰਦਾਰ ਮੀਂਹ ਨੇ ਘੇਰੀ ਰੱਖਿਆ। ਇਸ ਸੀਜ਼ਨ ਦੇ ਪਹਿਲੇ ਮੀਂਹ ਨੇ ਖ਼ਰੀਦ ਪ੍ਰਬੰਧਾਂ ਦੇ ਦਾਅਵਿਆਂ ਦੇ ਪਾਜ ਉਦੇੜ ਕੇ ਰੱਖ ਦਿੱਤੇ। ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੇ ਲੱਖਾਂ ਕੁਇੰਟਲ ਬੋਰੀਆਂ ’ਚ ਭਰਿਆ ਝੋਨਾ ਹੀ ਇਕੱਲਾ ਮੀਂਹ ਦੀ ਭੇਂਟ ਨਹੀਂ ਬਲਕਿ ਖੁੱਲ੍ਹੇ ਅਸਮਾਨ ਹੇਠ ਕਿਸਾਨ ਦਾ ਖ਼ਰੀਦ ਦੇ ਇੰਤਜ਼ਾਰ ਵਿਚ ਪਿਆ ਹਜਾਰਾਂ ਕੁਇੰਟਲ ਝੋਨਾ ਵੀ ਪਾਣੀ ਪਾਣੀ ਹੋਇਆ।
ਸ਼ੁੱਕਰਵਾਰ ਨੂੰ ਮੀਂਹ ’ਚ ਪੱਤਰਕਾਰਾਂ ਨੇ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਦਾ ਰੁਤਬਾ ਰੱਖਦੀ ਜਗਰਾਓਂ ਮੰਡੀ ਦਾ ਦੌਰਾ ਕੀਤਾ ਤਾਂ ਮੰਡੀ ਵਿਚ ਲੱਖਾਂ ਬੋਰੀਆਂ ਝੋਨੇ ਦੀਆਂ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਮੀਂਹ ਵਿਚ ਹੇਠ ਪਈਆਂ ਭਿੱਜ ਰਹੀਆਂ ਸਨ। ਹਾਲਾਂਕਿ ਝੋਨੇ ਦੀਆਂ ਬੋਰੀਆਂ ਦੇ ਕਈ ਥਾਵਾਂ ’ਤੇ ਚੱਕੇ ਤਰਪਾਲ ਨਾਲ ਢਕੇ ਹੋਏ ਸਨ ਪਰ ਕਈ ਥਾਵਾਂ ’ਤੇ ਖੁੱਲ੍ਹੇ ਅਸਮਾਨ ਹੇਠ ਪਈਆਂ ਬੋਰੀਆਂ ’ਤੇ ਜਿਥੇਂ ਉਪਰੋਂ ਮੀਂਹ ਵਰ੍ਹ ਰਿਹਾ ਸੀ, ਉਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਮੰਡੀ ਦੇ ਫੜ੍ਹਾਂ ਵਿਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬਹੁਤੀਆਂ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੇ ਚੱਕੇ ਪਾਣੀ ਵਿਚ ਡੁੱਬੇ ਹੋਏ ਸਨ। ਇਥੇ ਹੀ ਬੱਸ ਨਹੀਂ ਮੰਡੀ ਵਿਚ ਝੋਨਾ ਵੇਚਣ ਲਈ ਆਏ ਕਿਸਾਨ ਉਸ ਸਮੇਂ ਖੱਜਲ-ਖੁਆਰ ਹੋਏ ਜਦੋਂ ਉਨ੍ਹਾਂ ਦਾ ਝੋਨਾ ਢਕਣ ਲਈ ਤਰਪਾਲਾਂ ਦੀ ਕਮੀ ਪੈ ਗਈ। ਜਿਸ ਦੇ ਚੱਲਦਿਆਂ ਕਿਸਾਨ ਆਪਣੀ ਦਿਨ-ਰਾਤ ਦੀ ਮਿਹਨਤ ਨਾਲ ਪਾਲ਼ੀ ਸੋਨੇ ਰੰਗੀ ਝੋਨੇ ਨੂੰ ਬਚਾਉਣ ਲਈ ਕੁਝ ਨਾ ਕਰ ਸਕਿਆ।
ਇਸ ਸਬੰਧ ਵਿਚ ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਜਸਮੀਤ ਸਿੰਘ ਬਰਾੜ ਨੇ ਕਿਹਾ ਕਿ ਮੀਂਹ ਵਿਚ ਝੋਨੇ ਦੀਆਂ ਜਿਹੜੀਆਂ ਬੋਰੀਆਂ ਭਿੱਜੀਆਂ ਹਨ, ਉਸ ਦੀ ਜ਼ਿੰਮੇਵਾਰੀ ਸਬੰਧਤ ਖ਼ਰੀਦ ਏਜੰਸੀ ਦੀ ਹੈ। ਜਿਹੜੀਆਂ ਢੇਰੀਆਂ ਕਿਸਾਨਾਂ ਦੀਆਂ ਭਿੱਜੀਆਂ ਹਨ ਉਸ ਦੇ ਲਈ ਤਰਪਾਲਾਂ ਦਾ ਪ੍ਰਬੰਧ ਨਾ ਕਰਨ ਦੇ ਮਾਮਲੇ ਵਿਚ ਵੀ ਕਾਰਵਾਈ ਕੀਤੀ ਜਾ ਰਹੀ ਹੈ।



