ਲਲੂ ਕਰੇ ਕਲੱਲੀਆਂ ਰੱਬ ਸਿਧੀਆਂ ਪਾਵੇ?

ਨਾ! ਨਾ! ਹਰੇਕ ਲਲੂ ਦੀਆਂ ਨਹੀ। ਉਸ ਲਈ ਪਿੱਛਲੇ 100 ਸਾਲ ਦਾ ਤੱਪ ਚਾਹੀਦਾ। ਪਿਛਲੇ ਜਨਮ ਦਾ ਕੋਈ ਅਵਤਾਰ! ਗੁਰੂ ਸਾਹਬ ਨੂੰ ਪ੍ਰਸ਼ਾਦਾ ਛਕਾਉਂਣ ਵਰਗੀ ਕਮਾਈ! ਕਮਾਈ? ਹਾਂਅ ਪੂਰੇ 100 ਸਾਲ ਦੀ। ਇਕ ਵੀ ਘੱਟ ਨਾ? ਯਾਣੀ ਵੱਡੀ, ਤਗੜੀ, ਅਸਮਾਨ ਛੋਹਦੀ ਗੱਪ ਮਾਰਨ ਦਾ ਹੌਸਲਾ!
ਮੇਰੇ ਵਰਗੇ ਲਲੂ ਦੇ ਕਹੇ ਤਾਂ ਰਬ ਮੀਂਹ ਤੋਂ ਰੁਸ ਗਿਆ। ਤਰਸ ਗਏ ਅਸੀਂ ਪਾਣੀ ਲਈ। ਅੱਜ ਜਾ ਕੇ ਪਿਆ ਕਿਤੇ। ਸਾਡੀ ਫਸਲ ਮਾਰੀ ਚਲੀ ਸੀ ਬਿਨਾ ਪਾਣੀਓਂ।
ਮੇਰੇ ਨਾਲ 100 ਦੇ ਤੱਪ ਦੀ ਗੱਪ ਜੋੜ ਕੇ ਦੇਖੋ ਤਾਂ ਹਜਾਰਾਂ ਲ੍ਹਲੂਆਂ ਗੜਵੀਆਂ ਨਾਲ ਹੀ ਮੇਰੀ ਫਸਲ ਸਿੰਝ ਦੇਣੀ ਸੀ। ਹੜ ਲਿਆ ਦਿੰਦੇ ਪਾਣੀ ਦਾ। ਪਾਣੀ ਦਾ? ਦੁੱਧ ਕਹਿੰਦਾ ਤਾਂ ਦੁੱਧ ਦਾ? ਪਰ ਕਲੱਲੀ ਮਾਰਨ ਦੀ ਵੀ ਤਾਂ ਕਲਾ ਹੋਵੇ।
ਮੇਰਾ ਇੱਕ ਮਿੱਤਰ ਜਾਂਦਾ ਆਉਂਦਾ ਰਿਹਾ ਬੁਲੰਦੇ। ਉਸ ਗੱਲ ਸੁਣਾਈ। ਠਾਠ ਦੀ ਉਪਰਲੇ ਸਿਰੇ ਦੀ ਗੁੰਮਟੀ ਬਣ ਰਹੀ ਸੀ। ਬਣ ਕੀ ਬਣ ਹੀ ਗਈ ਸੀ। ਚਲੋ ਕ੍ਰੋੜਾਂ ਨਹੀ ਲੱਖਾਂ ਤਾਂ ਲੱਗਾ ਹੀ ਹੋਵੇਗਾ। ਬਣੀ ਹੋਈ ਗੁੰਮਟੀ ਤੇ ਬਾਬੇ ਕਹਿੰਦੇ ਢਾਹ ਦਿਓ ਗੁਰੂ ਸਾਹਬ ਦਾ ਹੁਕਮ ਹੈ?? ਹੁਣ ਇਸ ਕਲੱਲੀ ਨੂੰ ਕੌਣ ਆਖੇ ਇਉਂ ਨਹੀ ਤੇ ਇੰਝ ਕਰ? ਸਵਾਲ? ਬਾਬਾ ਜੀ ਨੂੰ? ਹਜਾਰਾਂ ਗਾਈਆਂ ਵੱਢਣ ਵਰਗਾ ਪਾਪ? ਇਨਾ ਪਾਪ ਕਿਹੜਾ ਸਿਰ ਲਵੇ? ਤੇ ਅਗਲਿਆਂ ਸਮਾ ਕਿਹੜਾ ਲਾਇਆ ਢਾਹ ਕੇ ਅਓ ਮਾਰੀ।
ਸਿੱਖ ਵੀ ਨਿਗਲਿਆ ਗਿਆ ਵਿਚ ਕੁਲਬੀਰ ਸਿੰਘ ਕੌੜਾ ਨੇ ਗੱਲ ਸੁਣਾਈ ਕਾਰ ਸੇਵੀਆਂ ਬਾਬਿਆਂ ਦੇ ਲੈਂਟਰ ਪਾਉਂਣ ਵਾਲੀ। ਰੇਤਾ ਦਾ ਟਰੱਕ ਲੇਟ ਹੋ ਗਿਆ। ਬਾਬਿਆਂ ਦੇ ਪੈਰਾਂ ਹੇਠ ਚੰਗਾੜੇ ਨਿਕਲਣ। ਕਹਿੰਦੇ ਕਿਹੜੀ ਰੇਤਾ? ਕੀ ਕਰਨੀ ਰੇਤਾ! ਯਾਣੀ ਰੇਤਾ ਬਿਨਾ ਹੀ ਲੈਂਟਰ? ਹੁਕਮ ਹੈ ਸੀਮਿੰਟ ਹੀ ਚਲਣ ਦਿਓ ਗੁਰੂ ਸਾਹਬ ਭਲੀ ਕਰਨਗੇ!
ਭਲੀ ਕਰਨਗੇ ਜਾਂ ਮੱਥੇ ਹੱਥ ਮਾਰਨਗੇ ਕਿ ਸਿੱਖਾਂ ਮੇਰਿਆਂ ਵਿਚ ਆਹ ਕੀ ਜੱਬਲ ਬੂਟੀ ਪੈਦਾ ਹੋ ਗਈ ਸਾਰੀ ਫਸਲ ਹੀ ਖਾ ਗਈ?
ਸਾਨੂੰ ਫਾਰਮ ਵਿਚ ਸਬਜੀਆਂ ਦਾ ਝੱਲ ਕੁੱਦਿਆ ਕਿ ਚਲੋ ਬਾਹਰ ਵਾ ਹਰੇ ਮੁੜਕਾ ਛੁੜਕਾ ਹੀ ਨਿਕਲ ਜਿਆ ਕਰੂ। ਕੁਝ ਮਿੱਤਰਾਂ ਚੁਕ ਚੁਕਾ ਕੇ ‘ਔਰਗੈਨਿਕ’ ਸਬਜੀਆਂ ਦੇ ‘ਕੰਡਿਆਲੇ ਰਾਹੇ’ ਤੋਰ ਦਿੱਤਾ। ਮਗੂੜੀਆਂ ਮਾਰ ਮਾਰ ਬਾਹਾਂ ਰਹਿ ਗਈਆਂ ਪਰ ਕੰਡਿਆਂ ਵਾਲੀ ਮੌਹਲੀ ਸਾਡੇ ਕਾਬੂ ਹੀ ਨਾ ਆਈ। ਜਿੰਨਾ ਚਿਰ ਅਗਲੇ ਕੀਲੇ ਦੀ ਵਾਰੀ ਆਉਂਣੀ ਉਸ ਪਹਿਲੇ ਬੂਟਿਆਂ ਦੀ ਧੌਣ ਨੱਪ ਕੱਢਣੀ।
ਤੁਸੀਂ ਇੱਕ ਸੰਤ ਦੀ ਧੌਣ ਨੱਪਦੇਂ ਦੂਜਾ ਪਹਿਲਾਂ ਹੀ ਤੁਹਾਡੀ ਨੱਪੀ ਖੜਾ ਹੁੰਦਾ। ਆਹ ਪੂਰੀਆਂ ਗਰਮੀਆਂ ‘ਜ੍ਹੇਬ ਕੱਤਰਿਆਂ’ ਨਾਲ ਜਹਾਜ ਭਰੇ ਆਉਂਦੇ ਜਿਹੜੇ ਤੁਹਾਡੇ ‘ਅੋਵਰਟਾਇਮਾਂ’ ਤੇ ਵਿੱਤੋਂ ਵੱਧ ਲਾਏ ਟਰੱਕਾਂ ਦੇ ਗੇੜਿਆਂ ਦੀ ਕਮਾਈ ਛਾਂਗ ਕੇ ਅਗਾਂਹ ਜਾਂਦੇ। ਰੱਬ ਦੇ ਨਾਂ ਦੀ ਕੈਂਚੀ ਉਨ੍ਹਾਂ ਕੋਲੇ ਇਨੀ ਤਿੱਖੀ ਕੇ ਜ੍ਹੇਬ ਨੂੰ ਲਗਦੀ ਵੀ ਕਿਹੜਾ, ਜ੍ਹੇਬ ਤੁਹਾਡੀ ਸਮੇਤ ਕੁੜਤੇ ਕੁਤਰ ਜਾਂਦੀ।
ਕਈ ਵਾਰ ਤਾਂ ਸਾਨੂੰ ਅਪਣੀਆਂ ਹੀ ਕਲੱਲੀਆਂ ਤੇ ਹੈਰਾਨ ਹੋਣ ਨੂ ਜੀਅ ਕਰਦਾ। ਉਹੀ ਲੋਕ ਅੱਜ ਚਿੱਟਿਆਂ ਜ੍ਹੇਬ ਕੱਤਰਿਆਂ ਦੇ ਨੱਕ ਮੱਥਾ ਰਗੜ ਰਹੇ ਹੁੰਦੇ, ਪਿੰਟਾਂ ਟੰਗੀ ਸਾਹੋ ਸਾਹੀ ਹੋਏ ਪਏ ਹੁੰਦੇ, ਉਹੀ ਕੱਲ ਜੇ ਜੀ ਬੀ ਤੇ ਬੱਬੂ ਮਾਨ ਜਾਂ ਹੋਰ ਮੰਡੀਰ ਦੇ ਮੂਹਰੇ ਹੋ ਹੋ ਬਾਂਦਰ ਕੀਲਾ ਖੇਡ ਰਹੇ ਹੁੰਦੇ? ਉਹੀ ‘ਸਿਆਣੇ’ ਕੱਲ ਲੱਚਰਾਂ ਵਿਰੁਧ ਝੰਡੇ ਚੁੱਕੀ ਫਿਰਦੇ ਹੁੰਦੇ ਉਹੀ ਅਗਲੇ ਦਿਨ ਅਲਹਾਮ ਕਰ ਰਹੇ ਹੁੰਦੇ ਕਿ ਜੇ ਜੇ ਬੀ ਵਰਗਾ ਜਿਉਣਾ ਮੌੜ ਫਿਰ ਥੋੜੋਂ ਜੰਮਣਾ! ਉਹੀ ਮਾਈਆਂ ਅੱਜ ਸਿਰ ਤੇ ਚੁੰਨੀ ਦਾ ਝੁੰਬਲ ਬਾਟਾ ਮਾਰੀ ਅੱਖਾਂ ਮੂੰਦੀ ਬਾਬਿਆਂ ਦੇ ਚਰਨ ਪਵਾ ਦੇਵੀਆਂ ਬਣੀਆਂ ਖੜੀਆਂ ਹੁੰਦੀਆਂ ਉਹੀ ਕੱਲ ਤੀਆਂ ਦੇ ਮੇਲਿਆਂ ਵਿਚ ਸਭ ਤੋਂ ਮੂਹਰੇ ਦੂਹਰੀਆਂ ਹੋ ਹੋ ਡਿੱਗ ਰਹੀਆਂ ਹੁੰਦੀਆਂ! ਬੰਦੇ ਨੂੰ ਸਮਝ ਨਹੀ ਆਉਂਦੀ ਹੁੰਦੀ ਕਿ ਕੱਲ ਵਾਲੀ ਭਗਤਣੀ ਮਾਈ ਤੇ ਅੱਜ ਵਾਲੀ ਵਿਚ ਇਨਾ ਵੱਡਾ ‘ਇਨਕਲਾਬ’ ਕਿਵੇਂ?
ਮੌਹਲੀ ਦੇ ਕੰਡੇ ਸਾਡੇ ਕੱਦੂ-ਟਿੰਡਿਆਂ ਨੂੰ ਦੱਬੀ ਤੁਰੀ ਆਉਂਦੇ ਸਨ। ਬਾਹਰ ਗਰਮੀ ਅੰਤਾਂ ਦੀ ਸੀ। ਮੌਹਲੀ ਪੁੱਟਦਿਆਂ ਜਦ ਮੁੜਕਾ ਸਾਡਾ ਖੁੱਚਾਂ ਵਿਚਦੀ ਤਤੀਰੀਆਂ ਬੰਨਣ ਲੱਗਾ ਤਾਂ ਸੱਚ ਹੀ ਅਹਿਸਾਸ ਹੋਇਆ ਕਿ ਧਰਤੀ ਤੇ ਜੇ ਦੂਜਾ ਰੱਬ ਹੈ ਤਾਂ ਉਹ ਕਿਸਾਨ ਹੈ ਜਿਹੜਾ ਅਪਣਾ ਲਹੂ ਪਾਣੀ ਨਿਚੋੜ ਕੇ ਬਾਕੀਆਂ ਦੇ ਢਿੱਡ ਦੀ ਅੱਗ ਬੁਝਾਉਂਦਾ ਯਾਣੀ ਪਾਲਨਾ ਕਰਦਾ ਅਤੇ ਖੁਦ ਸੜਦਾ। ਪਰ ਪੰਜਾਬ ਵਿੱਚ ਉਸੇ ਰੱਬ ਵਰਗੇ ਕਿਸਾਨ ਦੇ ਪੁੱਤਰਾਂ ਨੂੰ ਸਰਕਾਰਾਂ, ਸਾਧਾਂ ਤੇ ਗਾਉਂਣ ਵਾਲੇ ਲੰਡਰਾਂ ਰਲ ਕੇ ਅਜਿਹੀ ਮੌਤੇ ਮਾਰਿਆ ਕਿ ਅੱਜ ਦਾ ਇਤਿਹਾਸ ਦਿੱਲ ਤੇ ਹੱਥ ਰੱਖ ਕੇ ਪੜਿਆ ਜਾਇਆ ਕਰੇਗਾ ਕਿ ਕੋਈ ਲੋਕ ਇਨੇ ਘ੍ਰਿਣਤ, ਕਮੀਨੇ ਅਤੇ ਬੇਹਯਾ ਕਿਵੇਂ ਹੋ ਸਕਦੇ ਜੀਹਨਾ ਅਪਣੀ ਹੀ ਧਰਤੀ ਦੇ ਜਾਇਆਂ ਨੂੰ ਹੱਥੀਂ ਜ਼ਹਿਰ ਦੇ ਦੇ ਮਾਰਿਆ?
ਗੁਰਦੇਵ ਸਿੰਘ ਸੱਧੇਵਾਲੀਆ

Be the first to comment

Leave a Reply