ਮਹਾਂਗਠਜੋੜ ਚੋਣਾਂ ਤੋਂ ਪਹਿਲਾਂ ਅਪਣਾ ਆਗੂ ਨਾ ਚੁਣ ਸਕਿਆ ਤਾਂ ਲੋਕ ਬੀਜੇਪੀ ਨੂੰ ਫਿਰ ਜਿਤਾ ਸਕਦੇ ਹਨ

ਆਮ ਆਦਮੀ ਬੁਰੀ ਤਰ੍ਹਾਂ ਸਤਿਆ ਪਿਆ ਹੈ ਪਰ ਫਿਰ ਵੀ ਭਾਜਪਾ ਨੂੰ ਮੁੜ ਤੋਂ ਇਕ ਮੌਕਾ ਦੇਣ ਬਾਰੇ ਵੀ ਸੋਚ ਰਿਹਾ ਹੈ ਕਿਉਂਕਿ ਭਾਜਪਾ ਕੋਲ ਇਕ ਚਿਹਰਾ ਹੈ, ਇਕ ਆਵਾਜ਼ ਹੈ ਤੇ ਇਕ ਸੋਚ ਹੈ ਤੇ ਇਕ ਸੁਪਨਾ ਹੈ। ਲੋਕ ਇਹੀ ਵੇਖਦੇ ਹਨ ਕਿ ਭਾਜਪਾ ਭਾਵੇਂ ਧਰਮ-ਨਿਰਪੱਖ ਅਤੇ ਗ਼ਰੀਬ ਪੱਖੀ ਨਹੀਂ ਵੀ ਪਰ ਫਿਰ ਵੀ ਸ਼ਾਇਦ ਉਹ ਕਦੇ ਅਪਣੇ ਟੀਚੇ ਨੂੰ ਹਾਸਲ ਕਰਨ ਵਿਚ ਕਾਮਯਾਬ ਹੋ ਹੀ ਜਾਵੇ ਕਿਉਂਕਿ ਉਨ੍ਹਾਂ ਕੋਲ ਇਕ ਸਾਂਝਾ ਆਗੂ ਤਾਂ ਹੈ। ਜਿਸ ਤਰ੍ਹਾਂ ਇਹ ਸੱਭ ਇਕੱਠੇ ਹੋ ਰਹੇ ਹਨ, ਮਹਾਂਗਠਜੋੜ ਵਾਲੇ, ਲੋਕਾਂ ਅੰਦਰ ਵਿਸ਼ਵਾਸ ਨਹੀਂ ਜਗਾ ਸਕੇ ਕਿਉਂਕਿ ਉਹ ਅਪਣਾ ਆਗੂ ਦੱਸਣ ਲਈ ਵੀ ਤਿਆਰ ਨਹੀਂ ਹਨ।ਇਸ ਗਠਜੋੜ ਦੀ ਸ਼ੇਰਨੀ, ਮਮਤਾ ਬੈਨਰਜੀ ਨੇ ਕਾਂਗਰਸ ਨਾਲ ਹੱਥ ਮਿਲਾਉਣ ਦਾ ਫ਼ੈਸਲਾ ਤਾਂ ਕਰ ਲਿਆ ਹੈ ਪਰ ਉਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਸੱਤਾ ਮਿਲਣ ਤੇ ਅਗਵਾਈ ਕੌਣ ਦੇਵੇਗਾ। ਜੰਤਰ-ਮੰਤਰ ਨੇ ਅਪਣੇ ਸਾਹਮਣੇ ਬੜੇ ਰੋਸ ਵਿਖਾਵੇ ਹੁੰਦੇ ਵੇਖੇ ਹੋਣਗੇ ਪਰ ਜਦ 12 ਪਾਰਟੀਆਂ ਇਕ ਪਾਰਟੀ, ਭਾਜਪਾ ਦੇ ਵਿਰੋਧ ਵਿਚ ਇਕ ਆਵਾਜ਼ ਹੋ ਗਈਆਂ ਤਾਂ ਉਹ ਪੱਥਰ ਵੀ ਹੈਰਾਨ ਰਹਿ ਗਏ ਹੋਣਗੇ। ਇਹ ਸਾਰੇ ਆਗੂ ਅੱਜ ਤਕ ਇਕ ਦੂਜੇ ਵਿਰੁਧ ਧੂਆਂਧਾਰ ਭਾਸ਼ਣ ਦੇਂਦੇ ਰਹੇ ਹਨ। ਅੱਜ ਸਾਰੇ ਦਲ, ਭਾਜਪਾ ਦੇ ਸਾਹਮਣੇ ਇਕਜੁਟ ਹੋ ਕੇ ਖੜੇ ਹੋ ਗਏ ਹਨ।
ਇਹ ਸਾਰਾ ਗਠਜੋੜ ਜੋ ਸਾਹਮਣੇ ਆ ਰਿਹਾ ਹੈ, ਕੋਈ ਛੋਟਾ ਕਦਮ ਨਹੀਂ ਪਰ ਇਹ ਵੱਡਾ ਵੀ ਨਹੀਂ ਬਣ ਸਕਦਾ ਜਦ ਤਕ ਗਠਜੋੜ ਇਹ ਗੱਲ ਸਮਝ ਕੇ ਨੀਤੀ ਨਾ ਬਣਾਵੇ ਕਿ ਲੋਕ ਭਾਜਪਾ ਤੋਂ ਨਾਖ਼ੁਸ਼ ਜ਼ਰੂਰ ਹਨ ਪਰ ਇਸ ਕਦਰ ਵੀ ਨਹੀਂ ਕਿ ਉਹ ਪੰਜ ਸਾਲ ਵਾਸਤੇ ਦੇਸ਼ ਨੂੰ ਇਕ ਹੋਰ ਤਜਰਬੇ ਵਿਚ ਝੋਂਕ ਦੇਣ। ਮਮਤਾ ਬੈਨਰਜੀ, ਮਾਇਆਵਤੀ, ਅਰਵਿੰਦ ਕੇਜਰੀਵਾਲ, ਸ਼ਰਦ ਯਾਦਵ, ਤੇਜਸਵੀ ਯਾਦਵ, ਅਖਿਲੇਸ਼ ਯਾਦਵ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਵਿਚੋਂ ਕੌਣ ਸੱਭ ਦਾ ਸਾਂਝਾ ਆਗੂ ਬਣ ਕੇ ਬਾਕੀ ਸਾਰਿਆਂ ਦਾ ਸਾਂਝਾ ਪ੍ਰਧਾਨ ਮੰਤਰੀ ਉਮੀਦਵਾਰ ਬਣ ਸਕਦਾ ਹੈ?
ਜੋ ਮੁੱਦੇ ਇਸ ਗਠਜੋੜ ਨੇ ਚੁੱਕੇ ਹਨ, ਉਹ ਬੜੇ ਵਾਜਬ ਹਨ। ਰਾਫ਼ੇਲ ਹਵਾਈ ਜਹਾਜ਼ਾਂ ਤੇ ਕਾਲਾ ਧਨ ਦਾ ਸੱਚ, 2ਜੀ ਘਪਲੇ ਤੋਂ ਕਿਤੇ ਵੱਡਾ ਮੁੱਦਾ ਹੈ। ਸਰਕਾਰ ਵਲੋਂ ਨੋਟਬੰਦੀ ਕਰਨਾ, ਬਿਨਾਂ ਸੋਚੇ ਸਮਝੇ ਜੀ.ਐਸ.ਟੀ. ਲਾਗੂ ਕਰਨਾ ਤੇ ਫਿਰ ਆਧਾਰ ਵਿਚ ਜੋ ਕਮੀਆਂ ਹਨ, ਉਹ ਉਨ੍ਹਾਂ ਦੇ ਰਾਜ-ਕਾਲ ਦੀਆਂ ਵੱਡੀਆਂ ਕਮਜ਼ੋਰੀਆਂ ਬਣ ਕੇ ਸਾਹਮਣੇ ਆਈਆਂ ਹਨ। ਅੱਜ ਭਾਰਤ ਦੀ ਆਰਥਕ ਦਸ਼ਾ ਨੂੰ ਵੇਖ ਕੇ ਲਗਦਾ ਹੈ ਕਿ ਆਮ ਆਦਮੀ ਬੁਰੀ ਤਰ੍ਹਾਂ ਸਤਿਆ ਪਿਆ ਹੈ ਪਰ ਫਿਰ ਵੀ ਭਾਜਪਾ ਨੂੰ ਮੁੜ ਤੋਂ ਇਕ ਮੌਕਾ ਦੇਣ ਬਾਰੇ ਵੀ ਸੋਚ ਰਿਹਾ ਹੈ ਕਿਉਂਕਿ ਭਾਜਪਾ ਕੋਲ ਇਕ ਚਿਹਰਾ ਹੈ, ਇਕ ਆਵਾਜ਼ ਹੈ ਤੇ ਇਕ ਸੋਚ ਹੈ ਤੇ ਇਕ ਸੁਪਨਾ ਹੈ।ਲੋਕ ਇਹੀ ਵੇਖਦੇ ਹਨ ਕਿ ਭਾਜਪਾ ਭਾਵੇਂ ਧਰਮ-ਨਿਰਪੱਖ ਅਤੇ ਗ਼ਰੀਬ ਪੱਖੀ ਨਹੀਂ ਵੀ ਪਰ ਫਿਰ ਵੀ ਸ਼ਾਇਦ ਉਹ ਕਦੇ ਅਪਣੇ ਟੀਚੇ ਨੂੰ ਹਾਸਲ ਕਰਨ ਵਿਚ ਕਾਮਯਾਬ ਹੋ ਹੀ ਜਾਵੇ ਕਿਉਂਕਿ ਉਨ੍ਹਾਂ ਕੋਲ ਇਕ ਸਾਂਝਾ ਆਗੂ ਤਾਂ ਹੈ। ਜਿਸ ਤਰ੍ਹਾਂ ਇਹ ਸੱਭ ਇਕੱਠੇ ਹੋ ਰਹੇ ਹਨ, ਮਹਾਂਗਠਜੋੜ ਵਾਲੇ, ਲੋਕਾਂ ਅੰਦਰ ਵਿਸ਼ਵਾਸ ਨਹੀਂ ਜਗਾ ਸਕੇ ਕਿਉਂਕਿ ਉਹ ਅਪਣਾ ਆਗੂ ਦੱਸਣ ਲਈ ਵੀ ਤਿਆਰ ਨਹੀਂ ਹਨ। ਇਸ ਗਠਜੋੜ ਦੀ ਸ਼ੇਰਨੀ, ਮਮਤਾ ਬੈਨਰਜੀ ਨੇ ਕਾਂਗਰਸ ਨਾਲ ਹੱਥ ਮਿਲਾਉਣ ਦਾ ਫ਼ੈਸਲਾ ਤਾਂ ਕਰ ਲਿਆ ਹੈ ਪਰ ਉਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਸੱਤਾ ਮਿਲਣ ਤੇ ਅਗਵਾਈ ਕੌਣ ਦੇਵੇਗਾ।
ਜੰਤਰ-ਮੰਤਰ ਵਿਖੇ ਰਾਹੁਲ ਗਾਂਧੀ ਤੇ ਕੇਜਰੀਵਾਲ ਮੌਜੂਦ ਸਨ ਜਿਵੇਂ ਕਿ ਦੋਵੇਂ ਆਗੂ ਮਹਾਂਗਠਜੋੜ ਦਾ ਹਿੱਸਾ ਬਣ ਗਏ ਹੋਣ ਪਰ ਦੋਵੇਂ ਇਕ ਵੀ ਫ਼ੋਟੋ ਵਿਚ ਇਕੱਠੇ ਨਹੀਂ ਵਿਖਾਈ ਦਿਤੇ। ਕੇਜਰੀਵਾਲ ਨੂੰ ਜਿਵੇਂ ਕਰਨਾਟਕਾ ਵਿਚ ਪਿੱਛੇ ਰਹਿਣਾ ਪਿਆ, ਜੰਤਰ ਮੰਤਰ ਤੋਂ ਵੀ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ, ਮੰਚ ਤੋਂ ਚਲੇ ਜਾਣਾ ਪਿਆ। ਸਾਫ਼ ਹੈ ਕਿ ਇਨ੍ਹਾਂ ਦੀਆਂ ਨਿਜੀ ਰੰਜਸ਼ਾਂ ਅਜੇ ਖ਼ਤਮ ਨਹੀਂ ਹੋਈਆਂ ਤੇ ਇਹ ਕਹਿਣਾ ਕਿ ਬਾਅਦ ਵਿਚ ਆਗੂ ਚੁਣ ਲਵਾਂਗੇ, ਇਨ੍ਹਾਂ ਪਾਰਟੀਆਂ ਦੇ ਸੂਬਿਆਂ ਵਿਚ ਸਮਰਥਨ ਨੂੰ ਕਮਜ਼ੋਰ ਕਰੇਗਾ।ਅੱਜ ਜਿਵੇਂ ਪੰਜਾਬ ਵਿਚ ‘ਆਪ’ ਨੇ ਇਸ ਮਹਾਂਗਠਜੋੜ ਵਿਚ ਸ਼ਾਮਲ ਹੋਣ ਵਾਸਤੇ ਪੰਜਾਬ ਵਿਚ ਤਬਦੀਲੀਆਂ ਕੀਤੀਆਂ ਹਨ, ਇਸ ਨਾਲ ਪੰਜਾਬ ਵਿਚ ‘ਆਪ’ ਦਾ ਵੋਟ ਬੈਂਕ ਕਮਜ਼ੋਰ ਪੈ ਜਾਵੇਗਾ। ਇਸੇ ਤਰ੍ਹਾਂ ਮਹਾਂਗਠਜੋੜ ਵਿਚ ਜਦ ਇਕੋ ਹੀ ਹਲਕੇ ਵਿਚ ਦਹਾਕਿਆਂ ਤੋਂ ਇਕ ਦੂਜੇ ਦਾ ਵਿਰੋਧ ਕਰਨ ਵਾਲੇ ਹੱਥ ਮਿਲਾਉਣਗੇ ਤਾਂ ਲੋਕਾਂ ਦਾ ਵਿਸ਼ਵਾਸ ਛੇਤੀ ਕੀਤਿਆਂ ਤਾਕਤ ਨਹੀਂ ਫੜੇਗਾ। ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪਣੇ ਮਹਾਂਗਠਜੋੜ ਨੂੰ ਲੋਕਾਂ ਕੋਲ ਲਿਜਾਣ ਤੋਂ ਪਹਿਲਾ ਅਪਣੇ ਵਿਹੜੇ ਵਿਚ ਖਿਲਰੇ ਕੰਡੇ ਸਾਫ਼ ਕਰਨ ਦੀ ਜ਼ਰੂਰਤ ਹੈ।
ਇਹ ਕਹਿਣਾ ਕਾਫ਼ੀ ਨਹੀਂ ਕਿ ਇਹ ਸਾਰੇ ਭਾਜਪਾ ਤੇ ਮੋਦੀ-ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣ ਵਾਸਤੇ ਇਕੱਠੇ ਹੋਏ ਹਨ। ਇਹ ਵੀ ਦਸਣਾ ਪਵੇਗਾ ਕਿ ਇਹ ਸੂਬਾ ਪਧਰੀ ਪਾਰਟੀਆਂ ਰਾਸ਼ਟਰੀ ਸਿਆਸਤ ਵਿਚ ਕੀ ਕਿਰਦਾਰ ਨਿਭਾਉਣਗੀਆਂ? ਕਾਂਗਰਸ ਇਸ ਮਹਾਂਗਠਜੋੜ ਵਿਚ ਇਕੋ ਇਕ ਰਾਸ਼ਟਰੀ ਪਾਰਟੀ ਹੈ ਪਰ ਕਿਉਂਕਿ ਉਸ ਨੂੰ ਸਾਰੇ ਦੇਸ਼ ਦੀਆਂ ਸੂਬਾਈ ਪਾਰਟੀਆਂ ਦੀ ਜ਼ਰੂਰਤ ਹੈ, ਇਸ ਲਈ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਵਜੋਂ ਉਹ ਰੁਤਬਾ ਨਹੀਂ ਪ੍ਰਾਪਤ ਕਰ ਸਕਣਗੇ ਜੋ ਮੋਦੀ ਨੂੰ ਬੀ.ਜੇ.ਪੀ. ਦੇ ਮੁਖੀ ਵਜੋਂ ਪ੍ਰਾਪਤ ਹੋ ਚੁੱਕਾ ਹੈ। ਫਿਰ ਉਹ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਣ ਸਕਦੇ ਹਨ?
ਇਨ੍ਹਾਂ ਹਾਲਾਤ ਵਿਚ ਕਿਸੇ ਸੂਬੇ ਦਾ ਮੁੱਖ ਮੰਤਰੀ, ਬਾਕੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪਿੱਛੇ ਛੱਡ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕਰੇਗਾ ਜਾਂ ਬਿਰਧ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਉਮਰ ਵਿਚ ਮੁੜ ਤੋਂ ਅਗਵਾਈ ਤਾਂ ਨਹੀਂ ਸੰਭਾਲਣੀ ਪਵੇਗੀ? ਜਦ ਤਕ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਦਾ ਕੋਈ ਇਕ ਆਗੂ ਨਜ਼ਰ ਨਹੀਂ ਆਉਂਦਾ, ਲੋਕਾਂ ਦਾ ਵਿਸ਼ਵਾਸ ਜਿੱਤਣਾ ਸੰਭਵ ਨਹੀਂ ਜਾਪਦਾ। -ਨਿਮਰਤ ਕੌਰ

Be the first to comment

Leave a Reply