ਜਾਗਰਣ ਬਿਊਰੋ, ਨਵੀਂ ਦਿੱਲੀ : ਹੈਲਥ ਇੰਸ਼ੋਰੈਂਸ ਉਤਪਾਦ ਦੀ ਖ਼ਰੀਦਦਾਰੀ ਦੌਰਾਨ ਸ਼ੂਗਰ ਤੇ ਬਲੱਡ ਪ੍ਰੈਸ਼ਰ (ਬੀਪੀ) ਵਰਗੀਆਂ ਹੋਰ ਪੁਰਾਣੀਆਂ ਬਿਮਾਰੀਆਂ ਨੂੰ ਲੁਕਾਉਣਾ ਮਹਿੰਗਾ ਪੈ ਸਕਦਾ ਹੈ। ਇਸ ਆਧਾਰ ’ਤੇ ਇੰਸ਼ੋਰੈਂਸ ਕੰਪਨੀਆਂ ਕਲੇਮ ਨੂੰ ਖ਼ਾਰਜ ਕਰ ਸਕਦੀਆਂ ਹਨ ਤੇ ਪ੍ਰੀਮੀਅਰ ਦਾ ਪੈਸਾ ਜ਼ਬਤ ਤੇ ਪਾਲਿਸੀ ਵੀ ਰੱਦ ਕਰ ਸਕਦੀਆਂ ਹਨ। ਇੰਸ਼ੋਰੈਂਸ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੇ ਪਲੇਟਫਾਰਮ ਪਾਲਿਸੀ ਬਾਜ਼ਾਰ ਦੀ ਹਾਲੀਆ ਖੋਜ ਰਿਪੋਰਟ ਮੁਤਾਬਕ, ਹੈਲਥ ਇੰਸ਼ੋਰੈਂਸ ਦੇ ਜਿੰਨੇ ਕਲੇਮ ਖ਼ਾਰਜ ਹੁੰਦੇ ਹਨ ਉਨ੍ਹਾਂ ’ਚੋਂ 25 ਫ਼ੀਸਦੀ ਦਾ ਆਧਾਰ ਪੁਰਾਣੀਆਂ ਬਿਮਾਰੀਆਂ ਨੂੰ ਲੁਕਾਉਣਾ ਹੁੰਦਾ ਹੈ। ਉਥੇ, 50 ਫ਼ੀਸਦੀ ਕਲੇਮ ਇੰਸ਼ੋਰੈਂਸ ਉਤਪਾਦ ਦੀ ਸੀਮਤ ਸਮਝ ਕਾਰਨ ਖ਼ਾਰਜ ਹੁੰਦੇ ਹਨ। ਕੰਪਨੀ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਵਿਚਾਲੇ ਦੋ ਲੱਖ ਕਲੇਮ ’ਚੋਂ ਨਾਮਨਜ਼ੂਰ 30 ਹਜ਼ਾਰ ਕਲੇਮ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ।
ਜਾਣਕਾਰਾਂ ਮੁਤਾਬਕ, ਹੈਲਥ ਇੰਸ਼ੋਰੈਂਸ ਉਤਪਾਦਾਂ ਨੂੰ ਲੈ ਕੇ ਖਪਤਕਾਰਾਂ ਦੀ ਸਮਝ ਸੀਮਤ ਹੁੰਦੀ ਹੈ। ਕਈ ਵਾਰ ਉਹ ਅਜਿਹੀ ਗ਼ਲਤੀ ਕਰ ਦਿੰਦੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਮਿਸਾਲ ਵਜੋਂ ਕਈ ਅਜਿਹੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਲੇਮ ’ਚ ਵੇਟਿੰਗ ਪੀਰੀਅਡ (ਉਡੀਕ ਦਾ ਸਮਾਂ) ਹੁੰਦਾ ਹੈ। ਉਹ ਵੇਟਿੰਗ ਪੀਰੀਅਡ ਇਕ ਮਹੀਨੇ, ਦੋ ਸਾਲ ਤੇ ਚਾਰ ਸਾਲ ਤੱਕ ਦਾ ਹੋ ਸਕਦਾ ਹੈ, ਜੋ ਬਿਮਾਰੀ ’ਤੇ ਨਿਰਭਰ ਕਰਦਾ ਹੈ। ਮੰਨ ਲਓ, ਜੇ ਪਥਰੀ (ਸਟੋਨ) ਦੀ ਬਿਮਾਰੀ ਦਾ ਵੇਟਿੰਗ ਪੀਰੀਅਡ ਦੋ ਸਾਲ ਦਾ ਹੈ ਤਾਂ ਇੰਸ਼ੋਰੈਂਸ ਲੇਣ ਤੋਂ ਦੋ ਸਾਲ ਬਾਅਦ ਹੀ ਸਟੋਨ ਦੇ ਇਲਾਜ ਦਾ ਕਲੇਮ ਕੰਪਨੀ ਦੇਵੇਗੀ। ਸਰਵੇ ’ਚ ਪਾਇਆ ਗਿਆ ਕਿ 18 ਫ਼ੀਸਦੀ ਤੋਂ ਵੱਧ ਕਲੇਮ ਵੇਟਿੰਗ ਪੀਰੀਅਡ ਪੂਰਾ ਨਾ ਹੋਣ ਕਾਰਨ ਖ਼ਾਰਜ ਕੀਤੇ ਗਏ। ਮਤਲਬ ਕਿ ਕਲੇਮ ਵੇਟਿੰਗ ਪੀਰੀਅਡ ਪੂਰਾ ਹੋਣ ਤੋਂ ਪਹਿਲਾਂ ਫਾਈਲ ਕੀਤਾ ਗਿਆ ਸੀ।
ਖੋਜ ’ਚ ਪਾਇਆ ਗਿਆ ਕਿ 25 ਫ਼ੀਸਦੀ ਕਲੇਮ ਇਸ ਲਈ ਖ਼ਾਰਜ ਹੋਏ ਕਿਉਂਕਿ ਉਹ ਕਵਰੇਜ ਤੋਂ ਬਾਹਰ ਸਨ। ਕਈ ਵਾਰ ਇੰਸ਼ੋਰੈਂਸ ਉਤਪਾਦ ’ਚ ਡੇ-ਕੇਅਰ ਜਾਂ ਓਪੀਡੀ ਕਵਰੇਜ ਸ਼ਾਮਲ ਨਹੀਂ ਹੁੰਦਾ, ਪਰ ਖਪਤਕਾਰ ਉਸ ਦਾ ਕਲੇਮ ਵੀ ਕਰ ਦਿੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇੰਸ਼ੋਰੈਂਸ ਖ਼ਰੀਦਦੇ ਸਮੇਂ ਕਵਰੇਜ ਦੇ ਘੇਰੇ ਨੂੰ ਠੀਕ ਤਰ੍ਹਾਂ ਸਮਝ ਲਓ। ਇਲਾਜ ਕਰਵਾਉਣ ਤੋਂ ਪਹਿਲਾਂ ਪਾਲਿਸੀ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਪੜ੍ਹਣ ਤੇ ਸਮਝਣ ਨਾਲ ਅਜਿਹੇ ਕਲੇਮ ਖ਼ਾਰਜ ਹੋਣ ਦੀ ਗਿਣਤੀ ’ਚ ਕਮੀ ਆ ਸਕਦੀ ਹੈ। 4.5 ਫ਼ੀਸਦੀ ਕਲੇਮ ਗ਼ਲਤ ਤਰੀਕੇ ਨਾਲ ਫਾਈਲ ਕਰਨ ਕਾਰਨ ਖ਼ਾਰਜ ਕਰ ਦਿੱਤੇ ਜਾਂਦੇ ਹਨ। 50 ਲੱਖ ਤੋਂ ਇਕ ਕਰੋੜ ਰੁਪਏ ਤੱਕ ਦੀ ਹੱਦ ਵਾਲੇ ਹੈਲਥ ਇੰਸ਼ੋਰੈਂਸ ’ਚ ਕਲੇਮ ਖ਼ਾਰਜ ਕਰਨ ਦਾ ਫ਼ੀਸਦੀ ਪੰਜ ਲੱਖ ਤੱਕ ਦੀ ਹੱਦ ਵਾਲੇ ਇੰਸ਼ੋਰੈਂਸ ਦੀ ਤੁਲਨਾ ’ਚ ਕਾਫ਼ੀ ਘੱਟ ਸੀ।
ਅਕਸਰ ਲੋਕ ਹੈਲਥ ਇੰਸ਼ੋਰੈਂਸ ਲੈਂਦੇ ਸਮੇਂ ਪਹਿਲਾਂ ਤੋਂ ਮੌਜੂਦ ਬਿਮਾਰੀ ਨੂੰ ਲੁਕਾ ਲੈਂਦੇ ਹਨ। ਹੈਲਥ ਇੰਸ਼ੋਰੈਂਸ ਖ਼ਰੀਦਦੇ ਸਮੇਂ ਹਰੇਕ ਵਿਅਕਤੀ ਨੂੰ ਆਪਣੀ ਮੈਡੀਕਲ ਹਿਸਟਰੀ ਦੀ ਪੂਰੀ ਜਾਣਕਾਰੀ ਬੀਮਾ ਕੰਪਨੀਆਂ ਨੂੰ ਦੇਣੀ ਚਾਹੀਦੀ ਹੈ। ਕਲੇਮ ਫਾਈਲ ਕਰਦੇ ਸਮੇਂ ਵੀ ਸਾਵਧਾਨੀ ਨਾਲ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂਕਿ ਕਲੇਮ ਖ਼ਾਰਜ ਨਾ ਹੋਵੇ।
-ਅਮਿਤ ਛਾਬੜਾ, ਹੈਲਥ ਇੰਸ਼ੋਰੈਂਸ ਹੈੱਡ, ਪਾਲਿਸੀ ਬਾਜ਼ਾਰ


