ਜਾਗਰਣ ਬਿਊਰੋ, ਨਵੀਂ ਦਿੱਲੀ : ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਖ਼ਾਸ ਕਰਕੇ ਪੰਜਾਬ ਤੇ ਜੰਮੂ-ਕਸ਼ਮੀਰ ’ਚ ਡ੍ਰੋਨ ਰਾਹੀਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਦੀ ਸਮੱਸਿਆ ਤੋਂ ਅਗਲੇ ਛੇ ਮਹੀਨਿਆਂ ’ਚ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ। ਭਾਰਤ ਨੇ ਇਕੱਠੀਆਂ ਤਿੰਨ ਐਂਟੀ ਡ੍ਰੋਨ ਤਕਨੀਕਾਂ ਵਿਕਸਤ ਕਰ ਲਈਆਂ ਹਨ, ਜਿਨ੍ਹਾਂ ਦਾ ਟ੍ਰਾਇਲ ਆਖ਼ਰੀ ਪੜਾਅ ’ਚ ਹੈ। ਪੂਰੀ ਤਰ੍ਹਾਂ ਨਾਲ ਸਵਦੇਸ਼ੀ ਇਹ ਤਕਨੀਕ ਕਿਸੇ ਵੀ ਤਰ੍ਹਾਂ ਡ੍ਰੋਨ ਨੂੰ ਰੋਕਣ ’ਚ ਸਮਰੱਥ ਹੈ। ਇਨ੍ਹਾਂ ਤਿੰਨੋਂ ਐਂਟੀ ਡ੍ਰੋਨ ਤਕਨੀਕਾਂ ਨੂੰ ਇਕੱਠਾ ਕਰ ਕੇ ਜਾਂ ਫਿਰ ਵੱਖ-ਵੱਖ ਪਾਕਿਸਤਾਨ ਨਾਲ ਲੱਗਦੀ ਪੂਰੀ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ।

ਸੁਰੱਖਿਆ ਏਜੰਸੀ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਮੁੰਦਰੀ ਤੇ ਸੜਕ ਰਸਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ’ਤੇ ਪੂਰੀ ਤਰ੍ਹਾਂ ਰੋਕ ਲੱਗਣ ਤੋਂ ਬਾਅਦ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਵੱਡੀ ਮਾਤਰਾ ’ਚ ਇਨ੍ਹਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਗਈ ਸੀ। ਡ੍ਰੋਨ ਸਹਾਰੇ ਤਸਕਰੀ ਦੀ ਸਮੱਸਿਆ ਨੂੰ ਇਸ ਗੱਲ ਨਾਲ ਸਮਝਿਆ ਜਾ ਸਕਦਾ ਹੈ ਕਿ ਇਕੱਲੇ ਇਸ ਸਾਲ ਪੰਜਾਬ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬੀਐੱਸਐੱਫ ਤੇ ਸਥਾਨਕ ਪੁਲਿਸ ਨੇ ਤਕਰੀਬਨ 100 ਡ੍ਰੋਨ ਡੇਗ ਸੁੱਟੇ ਹਨ ਤੇ ਇਨ੍ਹਾਂ ਜ਼ਰੀਏ ਭੇਜੇ ਗਏ ਹਥਿਆਰਾਂ ਤੇ ਨਸ਼ਿਆਂ ਨੂੰ ਜ਼ਬਤ ਕੀਤਾ ਹੈ। ਵੱਡੇ ਡ੍ਰੋਨਾਂ ਦੀ ਪਛਾਣ ਤੋਂ ਬਾਅਦ ਆਈਐੱਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਤੇ ਤਸਕਰ ਛੋਟੇ ਡ੍ਰੋਨ ਸਹਾਰੇ ਤਸਕਰੀ ਨੂੰ ਅੰਜਾਮ ਦੇ ਰਹੇ ਸਨ ਪਰ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਸੀ।

ਸੁਰੱਖਿਆ ਕਾਰਨਾਂ ਕਰਕੇ ਏਜੰਸੀਆਂ ਨਵੀਂ ਤਕਨੀਕ ਤੇ ਇਨ੍ਹਾਂ ਨੂੰ ਵਿਕਸਤ ਕਰਨ ਵਾਲੀਆਂ ਸੰਸਥਾਵਾਂ ਬਾਰੇ ਜਾਣਕਾਰੀ ਨਹੀਂ ਦੇ ਰਹੀਆਂ ਪਰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟ੍ਰਾਇਲ ’ਚ ਤਿੰਨੋਂ ਹੀ ਤਕਨੀਕਾਂ ਪੂਰੀ ਤਰ੍ਹਾਂ ਅਸਰਦਾਰ ਸਾਬਤ ਹੋ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਕਨੀਕ ਪੂਰੀ ਤਰ੍ਹਾਂ ਸਵਦੇਸ਼ੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਛੇ ਮਹੀਨਿਆਂ ’ਚ ਇਨ੍ਹਾਂ ਨੂੰ ਸਰਹੱਦ ’ਤੇ ਤਾਇਨਾਤ ਕਰ ਦਿੱਤਾ ਜਾਵੇਗਾ। ਬਾਅਦ ’ਚ ਜ਼ਰੂਰਤ ਮੁਤਾਬਕ ਇਨ੍ਹਾਂ ਤਕਨੀਕਾਂ ’ਚ ਸੁਧਾਰ ਕਰ ਕੇ ਇਨ੍ਹਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।