ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸ਼ਹਿਰ ਦੇ ਪੁਰਾਣੇ ਖੇਤਰ ਬਸਤੀ ਬਾਵਾ ਖੇਲ ਦਾ 317 ਹੈਕਟੇਅਰ ਰਕਬਾ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਿਊਟਰਾਈਜ਼ ਕੀਤਾ ਗਿਆ ਹੈ, ਦਾ ਜ਼ਮੀਨੀ ਰਿਕਾਰਡ ਹੁਣ ਇਕ ਬਟਨ ਕਲਿੱਕ ਕਰਨ ਨਾਲ ਮਿਲ ਸਕੇਗਾ। ਇਸ ਸਹੂਲਤ ਦੀ ਆਪਣੇ ਦਫ਼ਤਰ ਤੋਂ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਕੰਮ ‘ਚ ਪਾਰਦਰਸ਼ਤਾ ਲਿਆਉਣ ਦੀ ਵਚਨਬੱਧਤਾ ਤਹਿਤ ਮੁਹੱਲਾ ਰਾਜ ਨਗਰ, ਨਿਊ ਰਾਜ ਨਗਰ, ਹਰਦੇਵ ਨਗਰ, ਨਿਊ ਹਰਦੇਵ ਨਗਰ, ਮਧੂਬਨ ਕਲੋਨੀ, ਗੁਲਾਬ ਦੇਵੀ ਰੋਡ, ਕਟਿਹਰਾ ਮੁਹੱਲਾ, ਕਿਲ੍ਹਾ ਮੁਹੱਲਾ, ਸਵਾਮੀ ਬਾਗ, ਪਿੰਕ ਸਿਟੀ, ਮਾਤਾ ਸੰਤ ਨਗਰ, ਲੈਦਰ ਕੰਪਲੈਕਸ, ਸਪੋਰਟਸ ਤੇ ਸਰਜੀਕਲ ਕੰਪਲੈਕਸ, ਬੈਂਕ ਕਲੋਨੀ, ਗੌਤਮ ਨਗਰ, ਕਬੀਰ ਵਿਹਾਰ, ਬਾਬਾ ਕਾਹਨ ਦਾਸ ਨਗਰ, ਨਿਊ ਗੌਤਮ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਗੁਰੂ ਰਾਮਦਾਸ ਨਗਰ ਦਾ ਜ਼ਮੀਨੀ ਰਿਕਾਰਡ ਆਨਲਾਈਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਮੀਨ ਦਾ ਮਾਲਕ ਜਲੰਧਰ ਸਬ-ਡਵੀਜ਼ਨ-2 ਦੇ ਫਰਦ ਕੇਂਦਰ ਤੋਂ ਜਮ੍ਹਾਂਬੰਦੀ ਦੀ ਸਰਟੀਫਾਈ ਕਾਪੀ ਲੈ ਸਕਦਾ ਹੈ। ਇਹ ਪ੍ਰਰਾਜੈਕਟ ਬਸਤੀ ਬਾਵਾ ਖੇਲ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ ਹੈ ਕਿਉਂਕਿ ਇਸ ਨਾਲ ਅੌਖੀ ਕਾਗਜ਼ੀ ਕਾਰਵਾਈ ਤੋਂ ਨਿਜ਼ਾਤ ਮਿਲਣ ਦੇ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਆਉਣ ਵਾਲੇ ਮਹੀਨਿਆਂ ‘ਚ ਬਸਤੀ ਗੁਜਾਂ-1, ਬਸਤੀ ਗੁਜਾਂ-2, ਬਸਤੀ ਸ਼ੇਖ ਤੇ ਮਕਸੂਦਾਂ ਦੇ ਖੇਤਰ ਦਾ ਜ਼ਮੀਨੀ ਰਿਕਾਰਡ ਕੰਪਿਊਟਰਾਈਜ਼ਡ ਕੀਤਾ ਜਾਵੇਗਾ। ਇਸ ਮੌਕੇ ਏਐੱਸਐੱਮ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਪ੍ਰਤੀਕ ਸਿੰਘ ਬੇਦੀ, ਰਾਮ ਪ੍ਰਕਾਸ਼ ਤੇ ਹੋਰ ਵੀ ਹਾਜ਼ਰ ਸਨ।