ਸਟਾਫ ਰਿਪੋਰਟਰ, ਰੂਪਨਗਰ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਦੀ ਅਗਵਾਈ ਵਿਚ ਜ਼ਿਲ੍ਹੇ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵੱਲੋਂ ਡੇਂਗੂ ਵਿਰੁੱਧ ਸਰਗਰਮੀਆਂ ਕੀਤੀਆਂ ਗਈਆਂ। ਇਸ ਮੌਕੇ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ੁੱਕਰਵਾਰ ਟੀਮਾਂ ਵਲੋਂ ਸਲੱਮ ਏਰੀਆ ਅਤੇ ਉਸਾਰੀ ਅਧੀਨ ਇਮਾਰਤਾ ਵਾਲੇ ਸਥਾਨਾਂ ‘ਤੇ ਜਾ ਕੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਸਰਗਰਮੀਆਂ ਕੀਤੀਆਂ ਗਈਆਂ।

ਇਸ ਮੌਕੇ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਸ਼ਹਿਰ ਰੂਪਨਗਰ ਦੇ ਮੁਸਲਮਾਨ ਝੂਗੀਆ, ਵਾਲਮੀਕਿ ਮੁਹੱਲਾ, ਸਦਾਬਰਤ ਕਾਲੋਨੀ, ਗਿਆਨੀ ਜੈਲ ਸਿੰਘ ਨਗਰ, ਨਵਾਂ ਬਣ ਰਿਹਾ ਸਰਹੰਦ ਕੈਨਾਲ ਬਿ੍ਜ, ਮਦਰਾਸੀ ਕਾਲੋਨੀ, ਕੁਸ਼ਟ ਆਸ਼ਰਮ ਕਾਲੋਨੀ, ਜੇਆਰ ਥੀਏਟਰ ਅਤੇ ਸੇਖਾਂ ਮੁਹੱਲਾ ਵਿਜ਼ਿਟ ਕੀਤਾ ਗਿਆ ਅਤੇ ਉੱਥੇ ਦੇ ਵਸਨੀਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਡੇਂਗੂ ਦੇ ਲੱਛਣ ਹੋਣ ਉਪਰੰਤ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਟੈਸਟ ਕਰਵਾਉਣ ਲਈ ਕਿਹਾ ਗਿਆ। ਇਸ ਸਬੰਧੀ ਟੀਮਾਂ ਵੱਲੋਂ ਪੋਸਟਰ ਅਤੇ ਪੈਫਲੇਟ ਵੰਡੇ ਗਏ ਅਤੇ ਇਲਾਕਾ ਵਾਸੀਆਂ ਨੂੰ ਸਿਹਤ ਸਿੱਖਿਆ ਦਿੱਤੀ ਗਈ। ਇਸ ਤੋਂ ਇਲਾਵਾ ਸਿਹਤ ਟੀਮਾਂ ਵੱਲੋਂ ਗੌਰਮਿੰਟ ਮਿਡਲ ਸਕੂਲ ਰੂਪਨਗਰ ਵਿਖੇ ਬੱਚਿਆ ਨੂੰ ਭੁਪਿੰਦਰ ਸਿੰਘ ਏਐੱਮਓ ਵੱਲੋਂ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਡੇਂਗੂ ਤੋਂ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਆਪਣੇ ਘਰ ਜਾ ਕੇ ਇਸ ਬਿਮਾਰੀ ਦੀ ਰੋਕਥਾਮ ਕਰਨ ਲਈ ਪੇ੍ਰਿਤ ਕੀਤਾ ਗਿਆ।

ਇਸ ਮੌਕੇ ਡਾ. ਪ੍ਰਭਲੀਨ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਆਪਣੇ ਘਰਾਂ ਵਿੱਚ ਫੁੱਲਾਂ ਦੇ ਗਮਲੇ, ਕੂਲਰ ‘ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ, ਪਾਣੀ ਦੀਆਂ ਹੋਦੀਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ/ਟਾਇਰ/ਟੁੱਟੇ ਬਰਤਨ/ਪਲਾਸਟਿਕ ‘ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਬਾਅਦ ਸੁਕਾ ਕੇ ਹੀ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇਕ ਹਫ਼ਤਾ ਲੱਗ ਜਾਂਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਵੀ ਮੱਛਰ ਭਜਾਉਣ ਵਾਲੀਆਂ ਕਰੀਮਾਂ/ਤੇਲ ਦੀ ਵਰਤੋਂ ਕੀਤੀ ਜਾਵੇ।